ਪੰਜਾਬ ''ਚ ਕੋਰੋਨਾ ਦੇ ਮਾਮਲੇ ਵਧਣ ''ਤੇ ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਮੰਗਿਆ ਵਿੱਤੀ ਪੈਕੇਜ

Tuesday, Aug 11, 2020 - 08:53 PM (IST)

ਪੰਜਾਬ ''ਚ ਕੋਰੋਨਾ ਦੇ ਮਾਮਲੇ ਵਧਣ ''ਤੇ ਕੈਪਟਨ ਨੇ ਪ੍ਰਧਾਨ ਮੰਤਰੀ ਤੋਂ ਮੰਗਿਆ ਵਿੱਤੀ ਪੈਕੇਜ

ਚੰਡੀਗੜ੍ਹ,(ਅਸ਼ਵਨੀ)-ਪੰਜਾਬ 'ਚ ਕੋਵਿਡ ਕੇਸਾਂ 'ਚ ਵਾਧਾ ਹੋਣ ਅਤੇ ਪਹਿਲੀ ਤਿਮਾਹੀ ਵਿਚ 50 ਫੀਸਦੀ ਮਾਲੀ ਗਿਰਾਵਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਮਹਾਮਾਰੀ ਨਾਲ ਮਾਲੀਏ ਦੀ ਉਗਰਾਹੀ 'ਚ ਪਏ ਪਾੜੇ ਨੂੰ ਪੂਰਨ ਲਈ ਸੂਬਿਆਂ ਨੂੰ ਉਦਾਰ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬਾਈ ਆਫਤ ਰਾਹਤ ਫੰਡ (ਐੱਸ. ਡੀ. ਆਰ. ਐੱਫ.) 'ਚੋਂ ਖਰਚਿਆਂ ਲਈ ਕੋਵਿਡ ਨਾਲ ਸਬੰਧਿਤ ਸ਼ਰਤਾਂ ਵੀ ਨਰਮ ਕਰਨ ਦੀ ਮੰਗ ਰੱਖੀ। ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੌਰਾਨ ਕੈਪਟਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਵਿਡ ਨਾਲ ਸਬੰਧਿਤ ਖਰਚਿਆਂ ਲਈ ਐੱਸ. ਡੀ. ਆਰ. ਐੱਫ. ਵਿਚੋਂ ਇਸ ਵੇਲੇ 35 ਫੀਸਦੀ ਤਕ ਫੰਡ ਵਰਤਣ ਦੀ ਸ਼ਰਤ ਹੈ, ਜਦਕਿ ਮੌਜੂਦਾ ਲੋੜਾਂ ਦੀ ਪੂਰਤੀ ਲਈ ਇਹ ਕਾਫੀ ਨਹੀਂ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਮੀਟਿੰਗ ਵਿਚ ਹਾਜ਼ਰ ਸਨ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਕੋਵਿਡ ਦੇ ਮਾਮਲੇ ਵੱਧ ਰਹੇ ਹਨ, ਜੋ ਹੁਣ ਤਕ 24,891 ਤਕ ਪਹੁੰਚ ਗਏ ਹਨ ਅਤੇ 604 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਯੂ. ਜੀ. ਸੀ. ਦੇ 30 ਸਤੰਬਰ ਤਕ ਫਾਈਨਲ ਇਮਤਿਹਾਨ ਲਾਜ਼ਮੀ ਤੌਰ 'ਤੇ ਕਰਵਾਉਣ ਦੇ ਫੈਸਲੇ ਦੀ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ, ਸਤੰਬਰ ਵਿਚ ਪ੍ਰੀਖਿਆਵਾਂ ਕਰਵਾਉਣ ਦੀ ਸਥਿਤੀ ਵਿਚ ਨਹੀਂ ਹੋਵੇਗਾ ਕਿਉਂਕਿ ਉਸ ਸਮੇਂ ਸੂਬੇ ਨੂੰ ਕੋਵਿਡ ਦੇ ਸਿਖਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਅਤੇ ਅੰਦਰੂਨੀ ਮੁਲਾਂਕਣ ਦੇ ਆਧਾਰ 'ਤੇ ਅਗਲੀਆਂ ਕਲਾਸਾਂ 'ਚ ਭੇਜਿਆ ਜਾ ਸਕਦਾ ਹੈ ਅਤੇ ਜਿਹੜੇ ਵਿਦਿਆਰਥੀ ਆਪਣੇ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਦੇ ਬਾਅਦ ਵਿਚ ਇਮਤਿਹਾਨ ਲੈਣ ਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਪਾਸੋਂ ਆਨਲਾਈਨ ਸਕੂਲ ਸਿੱਖਿਆ ਖਾਸ ਕਰਕੇ 11ਵੀਂ ਅਤੇ 12ਵੀਂ ਜਮਾਤ ਦੇ ਗਰੀਬ ਵਿਦਿਆਰਥੀਆਂ ਲਈ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਲਈ ਬੁਨਿਆਦੀ ਢਾਂਚਾ ਸਿਰਜਣ ਵਾਸਤੇ ਹੋਰ ਫੰਡਾਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਚੰਡੀਗੜ੍ਹ ਅਤੇ ਪੰਜਾਬ ਵਿਚ ਸਥਿਤ ਭਾਰਤ ਸਰਕਾਰ ਦੀਆਂ ਸੰਸਥਾਵਾਂ ਦੀ ਟੈਸਟਿੰਗ ਸਮਰੱਥਾਵਧਾਉਣ ਦੀ ਅਪੀਲ ਕੀਤੀ ਅਤੇ ਇਸ ਬਾਰੇ ਉਹ ਪਹਿਲਾਂ ਵੀ ਉਨ੍ਹਾਂ ਨੂੰ ਪੱਤਰ ਲਿਖ ਚੁੱਕੇ ਹਨ। ਸੂਬੇ ਦੀ 2.4 ਫੀਸਦੀ ਮੌਤ ਦਰ 'ਤੇ ਚਿੰਤਾ ਜ਼ਾਹਰ ਕਰਦਿਆਂ ਕੈਪਟਨ ਨੇ ਕਿਹਾ ਕਿ ਭਾਵੇਂ ਸਾਰੇ ਭਾਰਤ ਵਿਚ ਇਕ ਮਿਲੀਅਨ ਪਿੱਛੇ ਹੁੰਦੀਆਂ ਮੌਤਾਂ ਨਾਲੋਂ ਇਹ ਘੱਟ ਹੈ ਅਤੇ ਮੌਤਾਂ ਦੇ 91 ਫੀਸਦੀ ਮਾਮਲੇ ਸਹਿ-ਬਿਮਾਰੀਆਂ ਨਾਲ ਸਬੰਧਤ ਹਨ ਪਰ ਇਹ ਅਜੇ ਵੀ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੱਧ ਹਨ। ਕੈਪਟਨ ਅਮਰਿੰਦਰ ਨੇ ਬਠਿੰਡਾ ਵਿਖੇ ਸਥਿਤ ਏਮਜ਼ ਵਿਖੇ ਕੋਵਿਡ ਟੈਸਟਿੰਗ ਅਤੇ ਇਲਾਜ ਤੁਰੰਤ ਸ਼ੁਰੂ ਕਰਨ ਦੀ ਅਪੀਲ ਕੀਤੀ ਜਦਕਿ ਇਸ ਸੰਸਥਾ ਵਿਚ ਓ.ਪੀ.ਡੀ. ਪਹਿਲਾਂ ਹੀ ਕਾਰਜਸ਼ੀਲ ਹੈ। ਉਨ੍ਹਾਂ ਨੇ ਸੰਗਰੂਰ ਵਿਖੇ ਸਥਿਤ ਪੀ. ਜੀ.ਆਈ. ਸੈਟੇਲਾਈਟ ਸੈਂਟਰ ਵਿਚ ਵਿਸ਼ੇਸ਼ ਤੌਰ 'ਤੇ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਸਮਰੱਥਾ ਵਧਾਉਣ ਦੀ ਵੀ ਮੰਗ ਕੀਤੀ।

ਕੈਪਟਨ ਨੇ ਕਿਹਾ ਕਿ ਪਹਿਲਾਂ ਹੀ ਮਨਜ਼ੂਰ ਕੀਤੇ ਤਿੰਨ ਮੈਡੀਕਲ ਕਾਲਜਾਂ ਵਿਚੋਂ ਮੋਹਾਲੀ ਦੇ ਮੈਡੀਕਲ ਕਾਲਜ ਵਿਚ ਕਲਾਸਾਂ ਇਸ ਸਾਲ ਤੋਂ ਸ਼ੁਰੂ ਹੋ ਜਾਣਗੀਆਂ ਪਰ ਅਜਿਹੀਆਂ ਹੋਰ ਸੰਸਥਾਵਾਂ ਦੀ ਲੋੜ ਹੈ। ਉਨ੍ਹਾਂ ਨੇ ਲੋੜ ਆਧਾਰਿਤ ਜ਼ਿਲਿਆਂ ਗੁਰਦਸਾਪੁਰ, ਸੰਗਰੂਰ/ਮਲੇਰਕੋਟਲਾ ਦੇ ਨਾਲ-ਨਾਲ ਮੋਗਾ ਵਿਚ ਨਵੇਂ ਕਾਲਜ ਸਥਾਪਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ ਨੇ ਇਹ ਦਰਸਾ ਦਿੱਤਾ ਹੈ ਕਿ ਸਾਨੂੰ ਸਿਹਤ ਖੇਤਰ ਵਿਚ ਸਿਹਤ ਸਹੂਲਤਾਂ ਹੋਰ ਮਜ਼ਬੂਤ ਕਰਨ ਦੀ ਲੋੜ ਹੈ।


author

Deepak Kumar

Content Editor

Related News