ਪੁਲਸ ਨੂੰ ਹਮਲੇ ਸਮੇਂ ਗੋਲੀ ਚਲਾਉਣ ਦਾ ਹੱਕ ਪਰ ਕਾਨੂੰਨ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ਼ ਹਾਂ : ਕੈਪਟਨ

Saturday, Dec 07, 2019 - 11:43 PM (IST)

ਚੰਡੀਗੜ੍ਹ,(ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਭਾਵੇਂ ਪੁਲਸ ਵਲੋਂ ਆਪਣੇ 'ਤੇ ਹਮਲੇ ਦੀ ਸੂਰਤ 'ਚ ਗੋਲੀ ਚਲਾਉਣ ਦੇ ਹੱਕ 'ਚ ਹਨ ਪਰ ਉਹ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ ਹਨ ਕਿਉਂਕਿ ਇਹ ਦੇਸ਼ ਦੀ ਸੰਵਿਧਾਨਕ ਭਾਵਨਾ ਦੇ ਉਲਟ ਹੈ। ਇਸ ਦੇ ਨਾਲ ਹੀ ਉਨ੍ਹਾਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਨੂੰ ਸੂਬੇ ਦੀ ਵਿਧਾਨ ਸਭਾ 'ਚ ਪਾਸ ਹੋਣ ਨਹੀਂ ਦੇਣਗੇ। ਅੱਜ ਨਵੀਂ ਦਿੱਲੀ 'ਚ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਸਮੇਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਦੀ ਹਾਜ਼ਰੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਤੇਲੰਗਾਨਾ 'ਚ ਜਬਰ-ਜ਼ਨਾਹ ਦੇ ਮੁਲਜ਼ਮਾਂ ਨੂੰ ਮਾਰਨ ਦੀ ਘਟਨਾ ਦੇ ਸੰਦਰਭ 'ਚ ਬੋਲਦਿਆਂ ਕਿਹਾ, 'ਜੇ ਪੁਲਸ ਵਾਲਿਆਂ ਉਪਰ ਮੁਲਜ਼ਮਾਂ ਵਲੋਂ ਹਮਲਾ ਕੀਤਾ ਗਿਆ ਤਾਂ ਕੀਤੀ ਗਈ ਕਾਰਵਾਈ ਜਾਇਜ਼ ਹੈ। 'ਉਨ੍ਹਾਂ ਹਾਲਾਂਕਿ ਇਹ ਗੱਲ ਸਾਫ ਕੀਤੀ ਕਿ ਐਨਕਾਊਂਟਰ ਵਰਗੀ ਕੋਈ ਗੱਲ ਨਹੀਂ ਸੀ। ਉਨ੍ਹਾਂ ਪੰਜਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲਸ ਇਸ ਮੁੱਦੇ 'ਤੇ ਪੂਰੀ ਤਰਾਂ ਸ਼ਪੱਸ਼ਟ ਹੈ ਕਿ ਅੱਤਵਾਦੀਆਂ, ਗੁੰਡਿਆਂ/ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਜਾਂਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਂਦੇ ਹਨ।

ਆਪਣੀ ਪ੍ਰਚੱਲਿਤ ਸ਼ੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਨੇ ਕੌਮੀ ਨਾਗਰਿਕਤਾ ਰਜਿਸਟਰ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਹ ਭਾਰਤ ਦੀ ਲੋਕਤੰਤਰੀ ਭਾਵਨਾ ਦੇ ਖਿਲਾਫ ਜੋ ਕਿ ਇਕ ਆਜ਼ਾਦ ਮੁਲਕ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੇਂਦਰ ਦੇ ਕਾਨੂੰਨ ਬਣਾਉਣ ਤੋਂ ਬਾਅਦ ਇਸ ਸਮੱਸਿਆ ਨਾਲ ਪੰਜਾਬ ਕਿਵੇਂ ਟਾਕਰਾ ਕਰੇਗਾ ਤਾਂ ਉਨਾਂ ਕਿਹਾ, 'ਪ੍ਰਸਤਾਵਿਤ ਨਾਗਰਿਕਤਾ ਸੋਧ ਬਿੱਲ ਨੂੰ ਸੰਸਦ ਵੱਲੋਂ ਪਾਸ ਹੋਣ 'ਤੇ ਸਾਡੀ ਵਿਧਾਨ ਸਭਾ ਵਿੱਚ ਆਉਣ ਦਿਓ, ਉਥੇ ਸਾਡੇ ਕੋਲ ਦੋ-ਤਿਹਾਈ ਬਹੁਮਤ ਹੈ। 'ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀ ਬਘੇਲ ਦੋਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕੌਮੀ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰਦੀ ਹੈ, ਜਿਹੜਾ ਕਿ ਲੋਕਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕਰਨ ਵਾਸਤੇ ਹਥਿਆਰ ਵਜੋਂ ਵਰਤਿਆ ਜਾ ਰਿਹਾ।

ਜੀ. ਐਸ. ਟੀ. ਮੁੱਦੇ 'ਤੇ ਦੋਵੇਂ ਮੁੱਖ ਮੰਤਰੀਆਂ ਨੇ ਗੰਭੀਰ ਹੁੰਦਿਆਂ ਕੇਂਦਰ ਵੱਲੋਂ ਸੂਬਿਆਂ ਨੂੰ ਜੀ. ਐਸ. ਟੀ. ਦਾ ਹਿੱਸਾ ਭੇਜਣ ਵਿੱਚ ਦੇਰੀ ਉਤੇ ਨਾਰਾਜ਼ਗੀ ਜ਼ਾਹਰ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਉਧਾਰ ਦੇ ਪੈਸੇ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਤੇ ਇਹ ਕੇਂਦਰੀ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬਿਆਂ ਨੂੰ ਉਨ੍ਹਾਂ ਦਾ ਹਿੱਸਾ ਦਿੱਤਾ ਜਾਵੇ ਕਿਉਂਕਿ ਸਾਰੀਆਂ ਵਿੱਤੀ ਸ਼ਕਤੀਆਂ ਹੁਣ ਕੇਂਦਰ ਕੋਲ ਹੈ ਅਤੇ ਸੂਬਿਆਂ ਕੋਈ ਆਮਦਨ ਦੇ ਸਾਧਨ ਨਹੀਂ ਹਨ। ਵਿੱਤ ਮੰਤਰੀ ਦੇ ਇਹ ਦਾਅਵੇ ਕਿ ਸੂਬਿਆਂ ਨੂੰ ਉਗਰਾਹੀ ਪੂਰੀ ਨਾ ਹੋਣ ਕਰਕੇ ਭੁਗਤਾਨ ਨਹੀਂ ਕਰਦੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਅਸੀਂ ਕੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਾਂ। '' ਛਤੀਸਗੜ ਦੇ ਉਨਾਂ ਦੇ ਹਮਰੁਤਬਾ ਨੇ ਕਿਹਾ, 'ਉਹ ਪਿਆਜ਼ ਨੂੰ ਨਹੀਂ ਸਮਝ ਸਕਦੀ ਤਾਂ ਜੀ.ਐਸ.ਟੀ. ਤੇ ਅਰਥ ਵਿਵਸਥਾ ਨੂੰ ਕੀ ਸਮਝੇਗੀ।'

ਦਿੱਲੀ ਵਿੱਚ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੋਣ ਦੇ ਦੋਸ਼ਾਂ 'ਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਦਿੱਲੀ ਵਿੱਚ ਧੂੰਏ ਕਾਰਨ ਚੰਡੀਗੜ ਤੋਂ ਦਿੱਲੀ ਲਈ ਹੈਲੀਕਾਪਟਰ ਰਾਹੀਂ ਉਡਾਣ ਨਹੀਂ ਭਰ ਸਕੇ ਜਦੋਂ ਕਿ ਪੰਜਾਬ ਵਿੱਚ ਵਧੀਆ ਅਤੇ ਧੁੱਪ ਵਾਲਾ ਦਿਨ ਸੀ। ਉਨਾਂ ਕਿਹਾ, ''ਦਿੱਲੀ ਵਿੱਚ ਇਹ ਪ੍ਰਦੂਸ਼ਣ ਕਿੱਥੋਂ ਆਇਆ। ਹੁਣ ਤਾਂ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਮਾਂ ਵੀ ਲੰਘ ਗਿਆ।'' ਪੰਜਾਬ ਦੇ ਮੁੱਖ ਮੰਤਰੀ ਨੇ ਇਹ ਮੰਗ ਮੁੜ ਦੁਹਰਾਈ ਕਿ ਕੇਂਦਰ ਨੂੰ ਫਸਲੀ ਵਿਭਿੰਨਤਾ ਅਤੇ ਹੋਰ ਤਰੀਕਿਆਂ ਰਾਹੀਂ ਕਿਸਾਨਾਂ ਦੀ ਸਹਾਇਤਾ ਵਾਸਤੇ ਪਰਾਲੀ ਦੇ ਲੰਬੇ ਸਮੇਂ ਦੇ ਪ੍ਰਬੰਧਨ ਲਈ ਫੰਡ ਮੁਹੱਈਆ ਕਰਵਾਉਣੇ ਚਾਹੀਦੇ ਹਨ।


Related News