ਧਰਮ ਨਿਰਪੱਖਤਾ ਨੂੰ ਖਤਮ ਕਰਨ ''ਤੇ ਤੁਲੀ ਭਾਜਪਾ : ਕੈਪਟਨ
Monday, Dec 30, 2019 - 09:30 PM (IST)
ਲੁਧਿਆਣਾ,(ਹਿਤੇਸ਼/ਰਿੰਕੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ 'ਤੇ ਨਾਗਰਿਕਤਾ ਸੋਧ ਐਕਟ (ਸੀ. ਸੀ. ਏ.) ਦੀ ਆੜ ਵਿਚ ਭਾਰਤ ਦੇ ਧਰਮ ਨਿਰਪੱਖ ਤਾਣੇ-ਬਾਣੇ ਨੂੰ ਨਸ਼ਟ ਕਰਨ ਦੇ ਯਤਨ ਕਰਨ ਦਾ ਦੋਸ਼ ਲਾਇਆ ਹੈ। ਕੈਪਟਨ ਇਥੇ ਸੀ. ਏ. ਏ. ਖਿਲਾਫ ਕਾਂਗਰਸ ਵੱਲੋਂ ਦਰੇਸੀ ਮੈਦਾਨ ਤੋਂ ਕੱਢੀ ਗਈ 'ਸੰਵਿਧਾਨ ਬਚਾਓ ਰੈਲੀ' ਵਿਚ ਹਿੱਸਾ ਲੈਣ ਤੋਂ ਬਾਅਦ ਮਾਤਾ ਰਾਣੀ ਚੌਕ ਵਿਚ ਹੋਏ ਸਮਾਗਮ ਦੌਰਾਨ ਵਰਕਰਾਂ ਦੀ ਹਾਜ਼ਰੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਗਾਤਾਰ 2 ਚੋਣਾਂ ਵਿਚ ਕੀਤੇ ਵਾਅਦੇ ਪੂਰੇ ਨਾ ਕਰਨ ਵਾਲੀ ਭਾਜਪਾ ਸਰਕਾਰ ਨੇ ਇਸ ਤਰ੍ਹਾਂ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਕਿ ਉਹ ਸੀ. ਏ. ਏ. ਖਿਲਾਫ ਦੇਸ਼ ਦੇ ਲੋਕਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹੈ। ਜਿਸ ਨੂੰ ਲੈ ਕੇ ਨਿਕਲਣ ਵਾਲੇ ਨਤੀਜਿਆਂ ਸਬੰਧੀ ਪੂਰਾ ਵਿਸ਼ਵ ਚਿੰਤਾ ਵਿਚ ਡੁੱਬਾ ਹੋਇਆ ਹੈ ਅਤੇ ਸੰਯੁਕਤ ਰਾਸ਼ਟਰ ਨੇ ਵੀ ਸੀ. ਏ. ਏ. ਨੂੰ ਪੱਖਪਾਤੀ ਕਦਮ ਕਰਾਰ ਦਿੱਤਾ ਹੈ।
ਕੈਪਟਨ ਨੇ ਕਿਹਾ ਕਿ ਭਾਜਪਾ ਦੀਆਂ ਵੰਡ ਪਾਉਣ ਵਾਲੀਆਂ ਨੀਤੀਆਂ ਖਿਲਾਫ ਸਾਰੇ ਦੇਸ਼ ਵਾਸੀ ਇਕਜੁਟ ਹੋ ਰਹੇ ਹਨ, ਜਿਸ ਤੋਂ ਭਾਜਪਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸੰਵਿਧਾਨ ਦੇ ਬੁਨਿਆਦੀ ਢਾਂਚੇ ਨਾਲ ਕੋਈ ਵੀ ਛੇੜਛਾੜ ਨਹੀਂ ਕਰ ਸਕਦਾ। ਜਿਸ ਲਈ ਕਾਂਗਰਸ ਆਪਣੀ ਜੰਗ ਜਾਰੀ ਰੱਖੇਗੀ, ਇਸ ਦੇ ਤਹਿਤ ਉਹ ਪਹਿਲਾਂ ਹੀ ਪੰਜਾਬ ਵਿਚ ਸੀ. ਏ. ਏ. ਨੂੰ ਕਿਸੇ ਕੀਮਤ 'ਤੇ ਲਾਗੂ ਨਾ ਕਰਨ ਦਾ ਐਲਾਨ ਕਰ ਚੁੱਕੇ ਹਨ।
ਪ੍ਰਿਯੰਕਾ ਨਾਲ ਦੁਰਵਿਵਹਾਰ ਲਈ ਯੋਗੀ 'ਤੇ ਸਾਧਿਆ ਨਿਸ਼ਾਨਾ
ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਰਾਸ਼ਟਰੀ ਜ. ਸਕੱਤਰ ਪ੍ਰਿਯੰਕਾ ਗਾਂਧੀ ਨਾਲ ਪੁਲਸ ਵੱਲੋਂ ਦੁਰਵਿਵਹਾਰ ਕੀਤੇ ਜਾਣ ਦੀ ਘਟਨਾ ਲਈ ਕੈਪਟਨ ਨੇ ਉੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਯੋਗੀ ਦੀ ਸੂਚਨਾ ਤੋਂ ਬਿਨਾਂ ਪੁਲਸ ਅਜਿਹਾ ਰਵੱਈਆ ਨਹੀਂ ਅਪਣਾ ਸਕਦੀ।