ਅਧਿਆਪਕਾਂ ਦੀ ਕੁੱਟਮਾਰ ਪੰਜਾਬ ਸਰਕਾਰ ਲਈ ਸ਼ਰਮਨਾਕ : ਭਗਵੰਤ ਮਾਨ

03/09/2020 8:00:39 PM

ਸੰਗਰੂਰ,(ਸਿੰਗਲਾ)- ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ 'ਆਪ' ਪੰਜਾਬ ਨੇ ਬੀਤੇ ਕੱਲ੍ਹ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਟੈਟ ਪਾਸ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕਾਂ 'ਤੇ ਪੁਲਸ ਵੱਲੋਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੀ ਸਖਤ ਸ਼ਬਦਾ 'ਚ ਨਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਪੂਰਾ ਦੇਸ਼ ਔਰਤਾਂ ਦਾ ਸਭ ਤੋਂ ਸਨਮਾਨ ਦਿਨ ਮਹਿਲਾ ਦਿਵਸ ਮਨਾ ਕੇ ਔਰਤਾਂ ਦਾ ਸਤਿਕਾਰ ਕਰ ਰਿਹਾ ਹੈ ਤੇ ਦੂਜੇ ਪਾਸੇ ਕਾਂਗਰਸ ਸਰਕਾਰ ਸੱਤਾ ਦੇ ਨਸ਼ੇ ਵਿੱਚ ਚੂਰ ਪੰਜਾਬ ਦੀਆਂ ਪੜ੍ਹੀਆਂ-ਲਿਖੀਆਂ ਧੀਆਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਧੀਆਂ ਦੀਆਂ ਇੱਜਤਾਂ ਕਰਨ ਲਈ ਮੰਨਿਆਂ ਜਾਂਦਾ ਸੀ ਪਰ ਕਾਂਗਰਸ ਦੇ ਰਾਜ 'ਚ ਧੀਆਂ ਦੀਆਂ ਚੁੰਨੀਆਂ ਰੁਲ ਰਹੀਆਂ ਹਨ, ਜੋ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਕਾਂਗਰਸ ਸਰਕਾਰ ਅੰਗਰੇਜ਼ਾ ਨਾਲੋਂ ਵੀ ਮਾੜਾ ਵਿਵਹਾਰ ਕਰ ਰਹੀ ਹੈ।

ਮਾਨ ਨੇ ਕਿਹਾ ਕਿ ਦਿੱਲੀ 'ਚ ਜਾ ਕੇ ਕੈਪਟਨ ਅਮਰਿੰਦਰ ਸਿੰਘ 11 ਲੱਖ 50 ਹਜ਼ਾਰ ਨੌਕਰੀਆਂ ਦੇਣ ਦਾ ਵੱਡਾ ਗੱਪ ਮਾਰਕੇ ਆਏ ਸਨ, ਜਦਕਿ ਅਸਲ ਸੰਚਾਈ ਇਹ ਹੈ ਕਿ ਅੱਜ ਲੱਖਾਂ ਦੀ ਗਿਣਤੀ 'ਚ ਪੜ੍ਹੇ-ਲਿਖੇ ਨੌਜਵਾਨ ਲੜਕੇ ਤੇ ਲੜਕੀਆਂ ਰੁਜ਼ਗਾਰ ਪ੍ਰਾਪਤ ਲਈ ਸੜਕਾਂ 'ਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆਂ ਕਿ ਪਿਛਲੇ 7 ਮਹੀਨਿਆਂ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕ ਧਰਨੇ 'ਤੇ ਬੈਠੇ ਹਨ, ਇਨ੍ਹਾਂ ਅਧਿਆਪਕਾਂ 'ਤੇ ਕਈ ਵਾਰ ਲਾਠੀਚਾਰਜ ਵੀ ਹੋ ਚੁੱਕਿਆਂ ਹੈ ਧਰਨਾਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਜ਼ੁਲਮ ਢਾਹੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਦਾ ਮਸਲਾ ਉਨ੍ਹਾਂ ਪਹਿਲਾਂ ਲੋਕ ਸਭਾ ਵਿੱਚ ਵੀ ਚੁੱਕਿਆ ਸੀ ਅਤੇ ਹੁਣ ਵਿਧਾਨ ਸਭਾ ਵਿੱਚ ਵੀ 'ਆਪ' ਦੇ ਵਿਧਾਇਕਾਂ ਵੱਲੋਂ ਇਸ ਮਾਮਲੇ 'ਤੇ ਸਰਕਾਰ ਨੂੰ ਘੇਰਿਆ ਜਾਵੇਗਾ।


Related News