ਮੁੱਖ ਮੰਤਰੀ ਵੱਲੋਂ ਝੋਨੇ ਦੀ ਪਰਾਲੀ ’ਤੇ ਆਧਾਰਿਤ ਭਾਰਤ ਦੇ ਪਹਿਲੇ ਬਰਿਕਟਿੰਗ ਪਲਾਂਟ ਦਾ ਉਦਘਾਟਨ

Saturday, Dec 19, 2020 - 01:53 AM (IST)

ਪਟਿਆਲਾ/ਚੰਡੀਗਡ਼੍ਹ,(ਰਾਜੇਸ਼ ਪੰਜੌਲਾ, ਅਸ਼ਵਨੀ)-ਪਰਾਲੀ ਸਾਡ਼ਨ ਦੇ ਰੁਝਾਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਝੋਨੇ ਦੀ ਪਰਾਲੀ ’ਤੇ ਆਧਾਰਿਤ ਭਾਰਤ ਦੇ ਪਹਿਲੇ ਬਰਿਕਟਿੰਗ ਪਲਾਂਟ ਦਾ ਪਟਿਆਲਾ ਵਿਖੇ ਉਦਘਾਟਨ ਕੀਤਾ, ਜਿਸ ਦੀ ਸਮਰੱਥਾ 100 ਟਨ ਪ੍ਰਤੀ ਦਿਨ ਹੈ। ਇਸ ਪੇਸ਼ਕਦਮੀ ਨੂੰ ਚਿਰੋਕਣੀ ਮੰਗ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਵੀਂ ਤਕਨੀਕ ਤਹਿਤ ਸੂਬੇ ’ਚ ਝੋਨੇ ਦੀ ਪਰਾਲੀ ਦੇ ਠੋਸ ਪ੍ਰਬੰਧਨ ਰਾਹੀਂ ਨਾ ਸਿਰਫ ਵਾਤਾਵਰਣ ਪ੍ਰਦੂਸ਼ਣ ਘਟਾਉਣ ’ਚ ਮਦਦ ਮਿਲੇਗੀ, ਸਗੋਂ ਇਸ ਨਾਲ ਕਿਸਾਨ ਭਾਈਚਾਰਾ ਖਾਸ ਕਰ ਕੇ ਛੋਟੇ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਦੀ ਵਿਕਰੀ ਤੋਂ ਵਾਧੂ ਆਮਦਨ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਬਰਿਕਿਟਸ ਲਈ 3500 ਦੀ ਘੱਟ ਤਾਪਕਾਰੀ ਕੀਮਤ ਕੋਲੇ ਲਈ 7000 ਦੀ ਤੁਲਨਾ ’ਚ ਆਰਥਿਕ ਤੌਰ ’ਤੇ ਕਾਫੀ ਕਿਫਾਇਤੀ ਰੂਪ ’ਚ ਪੈਂਦੀ ਹੈ ਕਿਉਂ ਜੋ ਕੋਲੇ ਦੀ ਕੀਮਤ 10,000 ਰੁਪਏ ਪ੍ਰਤੀ ਟਨ ਅਤੇ ਬਰਿਕਿਟ ਦੀ ਕੀਮਤ 4500 ਰੁਪਏ ਪ੍ਰਤੀ ਟਨ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲ ਦੇ ਮਹਿੰਗੇ ਹੋਣ ਨਾਲ ਇਹ ਊਰਜਾ ਦਾ ਇਕ ਜ਼ਿਆਦਾ ਕਿਫਾਇਤੀ ਸ੍ਰੋਤ ਬਣ ਗਈ ਹੈ।

ਇਹ ਪਲਾਂਟ ਪਟਿਆਲਾ ਜ਼ਿਲੇ ਦੇ ਕੁਲਬੁਰਛਾਂ ਪਿੰਡ ’ਚ 5.50 ਕਰੋਡ਼ ਰੁਪਏ ਦੀ ਲਾਗਤ ਨਾਲ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਮੈਸਰਜ਼ ਪੰਜਾਬ ਰਿਨਿਊਏਬਲ ਐਨਰਜੀ ਸਿਸਟਮਜ਼ ਪ੍ਰਾਈਵੇਟ ਲਿਮਟਿਡ ਨਾਲ ਭਾਈਵਾਲੀ ’ਚ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮੀ ਬਦਲਾਅ ਮੰਤਰਾਲੇ ਦੀ ਸਹਾਇਤਾ ਨਾਲ ਵਾਤਾਵਰਣ ਬਦਲਾਅ ਐਕਸ਼ਨ ਪ੍ਰੋਗਰਾਮ ਤਹਿਤ ਸਥਾਪਿਤ ਕੀਤਾ ਗਿਆ ਹੈ। ਇਹ ਪਲਾਂਟ 45000 ਟਨ ਪਰਾਲੀ ਦੀ ਰਹਿੰਦ-ਖੂੰਹਦ ਦਾ ਇਸਤੇਮਾਲ ਕਰ ਕੇ ਉਦਯੋਗਾਂ ’ਚ ਜੈਵਿਕ ਈਂਧਣ ਦਾ ਬਦਲ ਬਣੇਗਾ ਜਿਸ ਨਾਲ 78000 ਟਨ ਦੀ ਹੱਦ ਤੱਕ ਕਾਰਬਨ ਡਾਈਆਕਸਾਈਡ ਨੂੰ ਘਟਾਉਣ ’ਚ ਮਦਦ ਮਿਲੇਗੀ। ਇਸ ਮੌਕੇ ਆਪਣੇ ਸੰਬੋਧਨ ’ਚ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਸ ਪਲਾਂਟ ਦੀ ਸਥਾਪਨਾ ਦਾ ਸਵਾਗਤ ਕਰਦੇ ਹੋਏ ਇਸ ਨੂੰ ਸੂਬਾ ਸਰਕਾਰ ਵੱਲੋਂ ਪਰਾਲੀ ਸਾਡ਼ਨ ਦੀ ਸਮੱਸਿਆ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਈ ਅਹਿਮ ਕਦਮਾਂ ’ਚੋਂ ਇਕ ਦੱਸਿਆ।


Deepak Kumar

Content Editor

Related News