ਕੈਪਟਨ ਮੁੱਖ ਮੰਤਰੀ ਚੰਨੀ ਨੂੰ ਕੁੱਝ ਬੋਲੇਗਾ ਤਾਂ ਉਸ ਦਾ ਜਵਾਬ ਮੈਂ ਦੇਵਾਂਗਾ : ਸਿੱਧੂ
Wednesday, Nov 24, 2021 - 11:24 PM (IST)
ਅੰਮ੍ਰਿਤਸਰ(ਕਮਲ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਮਹੀਨਿਆਂ ਵਿਚ ਜੋ ਕੀਤਾ ਹੈ, ਉਹ ਸਾਬਕਾ ਮੁੱਖ ਮੰਤਰੀ ਕੈਪਟਨ ਸਾਢੇ 4 ਸਾਲ ਵਿਚ ਨਹੀਂ ਕਰ ਸਕੇ। ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਚੰਨੀ ਨੂੰ ਕੁੱਝ ਬੋਲੇਗਾ ਤਾਂ ਉਸ ਦਾ ਜਵਾਬ ਮੈਂ ਦੇਵਾਂਗਾ।
ਇਹ ਸ਼ਬਦ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਧਾਇਕ ਅਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 24 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਸੜਕਾਂ ਦੇ ਵਿਕਾਸ ਕਾਰਜ ਦੇ ਉਦਘਾਟਨ ਤੋਂ ਬਾਅਦ ਕਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਵੀ ਨਿਸ਼ਾਨੇ 'ਤੇ ਲਿਆ।
ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਜੋ ਵੀ ਕੀਤਾ ਹੈ, ਪਾਰਟੀ ਦੀ ਰਜ਼ਾਮੰਦੀ ਨਾਲ ਕੀਤਾ ਹੈ। ਉਹ ਸਭ ਜਲਦੀ-ਜਲਦੀ ਕਰਨਾ ਚਾਹੁੰਦੇ ਹਨ। ਚੋਣਾਂ ਕੋਲ ਹਰ ਕੋਈ ਸਕੀਮਾਂ ਲੈ ਕੇ ਆ ਜਾਂਦਾ ਹੈ ਪਰ ਪੰਜਾਬ ਨੂੰ ਸਕੀਮਾਂ ਦੀ ਨਹੀਂ, ਇਸ ਸਮੇਂ ਠੀਕ ਪਾਲਿਸੀ ਦੀ ਜ਼ਰੂਰਤ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕੇਜਰੀਵਾਲ ਦਾ ਵਪਾਰੀਆਂ ਅਤੇ ਅਧਿਆਪਕਾਂ ਨੂੰ ਗਾਰੰਟੀਆਂ ਦੇਣਾ ਝੂਠ ਦਾ ਪੁਲੰਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ 26 ਲੱਖ ਨੌਕਰੀਆਂ, ਮੁਫਤ ਬਿਜਲੀ ਅਤੇ ਔਰਤਾਂ ਨੂੰ ਪੈਨਸ਼ਨ ਦੇ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਖਰਚ 1 ਲੱਖ 9 ਹਜ਼ਾਰ ਕਰੋਡ਼ ਰੁਪਏ ਹੈ ਪਰ ਅਸਲ ਵਿਚ ਪੰਜਾਬ ਦਾ ਬਜਟ ਹੀ 72 ਹਜ਼ਾਰ ਕਰੋਡ਼ ਹੈ। ਅਜਿਹੀਆਂ ਸਕੀਮਾਂ ਨਾਲ ਪੰਜਾਬ ਹੋਰ ਡੁੱਬ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਦੇ ਵਿਕਾਸ ਕੰਮਾਂ ਨੂੰ ਰੋਕਣ ਦੀ ਕਮੀ ਦਾ ਖਾਮਿਆਜ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ ਹੈ। ਤਾਂ ਹੀ ਅੱਜ ਕੈਪਟਨ ਆਏ ਅਤੇ ਗਏ ਹਨ। ਪਹਿਲਾਂ ਬਾਦਲ ਪਰਿਵਾਰ ਨੇ ਗੁਰੂ ਨਗਰੀ ਦੇ ਕੰਮ ਸ਼ੁਰੂ ਕਰਵਾ ਕੇ ਬੋਲ ਦਿੱਤਾ, 6 ਮਹੀਨਿਆਂ ਵਿਚ ਪੂਰੇ ਹੋ ਜਾਣਗੇ ਪਰ ਕੁੱਝ ਨਹੀਂ ਹੋਇਆ। ਇਸ ਤੋਂ ਬਾਅਦ ਕੈਪਟਨ ਨੇ ਕੰਮਾਂ ਨੂੰ ਕਰਵਾਉਣ ਦੀ ਗੱਲ ਕਹੀ ਪਰ ਰੋਕ ਦਿੱਤੇ। ਉਨ੍ਹਾਂ ਨੇ ਚਰਨਜੀਤ ਚੰਨੀ ਦੇ ਉਸ ਬਿਆਨ ਉੱਤੇ ਕਿਹਾ ਕਿ ਟਰਾਈ ਦਾ ਹੇਠਲਾ ਮੁੱਲ 130 ਰੁਪਏ ਹੈ, ਇਸ ਲਈ ਇਹ ਸੰਭਵ ਨਹੀਂ ਪਰ ਉਹ ਸੀ. ਐੱਮ. ਦੇ ਨਾਲ ਬੈਠ ਕੇ ਪਾਲਿਸੀ ਲੈ ਕੇ ਆਉਣਗੇ ਤਾਂ ਹੀ ਮਾਫੀਆ ਖਤਮ ਹੋ ਸਕਦਾ ਹੈ।
ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਇਕ ਹੀ ਚੈਨਲ ਨੂੰ ਦੇਣ ਦਾ ਵੀ ਵਿਰੋਧ ਕੀਤਾ। ਜਲਦ ਹੀ ਇਸ ਉੱਤੇ ਵੀ ਪਾਲਿਸੀ ਲਿਆਂਦੀ ਜਾਵੇਗੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਦਮਨ ਦੀਪ ਸਿੰਘ, ਕੌਂਸਲਰ ਨਵਦੀਪ ਸਿੰਘ ਹੁੰਦਲ, ਲਾਡੋ ਪਹਿਲਵਾਨ ਆਦਿ ਮੌਜੂਦ ਸਨ।