ਕੈਪਟਨ ਦੱਸਣ ਮੁੱਖ ਮੰਤਰੀ ਉਹ ਹਨ ਜਾਂ ਜਾਖੜ : ਸੁਖਬੀਰ

Monday, Dec 11, 2017 - 09:28 PM (IST)

ਕੈਪਟਨ ਦੱਸਣ ਮੁੱਖ ਮੰਤਰੀ ਉਹ ਹਨ ਜਾਂ ਜਾਖੜ : ਸੁਖਬੀਰ

ਚੰਡੀਗੜ (ਭੁੱਲਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਦਿੱਤੇ ਗਏ ਬਿਆਨ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਹੈ ਕਿ ਉਹ ਦੱਸਣ ਕਿ ਮੁੱਖ ਮੰਤਰੀ ਉਹ ਹਨ ਕਿ ਜਾਖੜ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਅਤੇ ਹੋਰ ਅਕਾਲੀਆਂ ਨੂੰ ਨੈਸ਼ਨਲ ਹਾਈਵੇ 'ਤੇ ਧਰਨੇ ਤੋਂ ਉਠਾਉਣ ਸਮੇਂ ਮੁੱਖ ਮੰਤਰੀ ਦੇ ਨੁਮਾਇੰਦੇ ਵਜੋਂ ਪਹੁੰਚੇ ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਨੇ ਹੋਰ ਮੰਗਾਂ ਪ੍ਰਵਾਨ ਕਰਨ ਦੇ ਨਾਲ ਹੀ ਨਾਮਜ਼ਦਗੀ ਪੱਤਰ ਭਰਨ ਸਮੇਂ ਹੋਏ ਝਗੜੇ ਦੌਰਾਨ ਅਕਾਲੀਆਂ 'ਤੇ ਦਰਜ ਕੇਸਾਂ 'ਚ ਧਾਰਾ 307 ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਪ੍ਰੰਤੂ ਬੀਤੇ ਦਿਨੀਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਦੀ ਮੌਜੂਦਗੀ 'ਚ ਪ੍ਰੈਸ ਕਾਨਫਰੰਸ ਕਰਕੇ ਇਸਦੇ ਉਲਟ ਐਲਾਨ ਕੀਤਾ ਕਿ ਅਕਾਲੀਆਂ ਖਿਲਾਫ ਲੱਗੀ ਧਾਰਾ 307 ਨਹੀਂ ਹਟਾਈ ਜਾਵੇਗੀ। ਸੁਖਬੀਰ ਬਾਦਲ ਨੇ ਪਾਰਟੀ ਪ੍ਰਧਾਨ ਦੇ ਇਸ ਐਲਾਨ 'ਤੇ ਸਖ਼ਤ ਰੋਸ ਜਤਾਉਂਦਿਆਂ ਅੱਜ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਣ ਸਮੇਂ ਇਹ ਮਾਮਲਾ ਉਠਾਉਂਦਿਆਂ ਕਿਹਾ ਕਿ ਅਜਿਹਾ ਬਿਆਨ ਰਾਜ ਦਾ ਡੀ.ਜੀ.ਪੀ. ਹੀ ਦੇ ਸਕਦਾ ਹੈ। ਉਨਾਂ ਦੋਸ਼ ਲਾਇਆ ਕਿ ਲੱਗ ਰਿਹਾ ਹੈ ਕਿ ਇਸ ਸਮੇਂ ਜਾਖੜ ਹੀ ਮੁੱਖ ਮੰਤਰੀ ਦੀ ਥਾਂ ਕੰਮ ਕਰ ਰਹੇ ਹਨ ਅਤੇ ਪੁਲਸ ਉਨਾਂ ਦੇ ਕਹਿਣ 'ਤੇ ਹੀ ਕੰਮ ਕਰ ਰਹੀ ਹੈ। ਕਾਂਗਰਸੀ ਵਿਧਾਇਕਾਂ ਅਤੇ ਸਾਬਕਾ ਵਿਧਾਇਕ ਹੀ ਪੁਲਸ ਅਫਸਰਾਂ ਨੂੰ ਸਿੱਧੇ ਨਿਰਦੇਸ਼ ਦੇ ਕੇ ਵਿਰੋਧੀਆਂ 'ਤੇ ਕੇਸ ਦਰਜ ਕਰਵਾ ਰਹੇ ਹਨ। ਸੁਖਬੀਰ ਨੇ ਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਮਿਉਂਸਪਲ ਚੋਣਾਂ 'ਚ ਨਾਮਜ਼ਦਗੀ ਦਾਖਲ ਕਰਨ ਸਮੇਂ ਅਕਾਲੀਆਂ ਉਪਰ ਹਮਲੇ ਕਰਨ ਸਮੇਂ ਕਾਂਗਰਸੀ ਵਰਕਰਾਂ ਦੀ ਅਗਵਾਈ ਆਈ.ਜੀ. ਲੈਵਲ ਦੇ ਅਫਸਰਾਂ ਨੇ ਖੁਦ ਕੀਤੀ। ਸੁਖਬੀਰ ਨੇ ਨੈਸ਼ਨਲ ਹਾਈਵੇ ਜਾਮ ਕਰਨ ਦੀ ਕਾਰਵਾਈ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਰੋਸ ਜਤਾਉਣਾ ਉਨਾਂ ਦਾ ਲੋਕਤੰਤਰੀ ਹੱਕ ਹੈ ਅਤੇ ਕੇਸ ਦਰਜ ਕਰਕੇ ਹੁਣ ਸਰਕਾਰ ਉਨਾਂ ਦਾ ਇਹ ਹੱਕ ਖੋਹਣਾ ਚਾਹੁੰਦੀ ਹੈ। ਮੁੱਖ ਮੰਤਰੀ ਵਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਸੀਂ ਕੋਈ ਕਾਨੂੰਨ ਨਹੀਂ ਤੋੜਿਆ, ਸਗੋਂ ਨਾਮਜ਼ਦਗੀਆਂ ਸਮੇਂ ਅਕਾਲੀਆਂ ਉਪਰ ਮਾਰੂ ਹਮਲੇ ਕਰਕੇ ਖੁਦ ਕੈਪਟਨ ਸਰਕਾਰ ਨੇ ਕਾਨੂੰਨ ਤੋੜਿਆ ਹੈ, ਜਿਸਦੇ ਸਬੂਤ ਦੀਆਂ ਵੀਡੀਓ ਮੌਜੂਦ ਹਨ।


Related News