ਕੈਪਟਨ ਨੇ ਨਵੇਂ ਕਾਨੂੰਨ ਲਾਗੂ ਕਰ ਕੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ : ਰੋਮਾਣਾ

01/10/2021 12:05:36 AM

ਮੋਹਾਲੀ, (ਪਰਦੀਪ)- ਦੇਸ਼ ਭਰ 'ਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅੱਜ ਯੂਥ ਅਕਾਲੀ ਦਲ ਦੇ ਸੱਦੇ ’ਤੇ ਜਿੱਥੇ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ ਪਰਮਬੰਸ ਸਿੰਘ ਬੰਟੀ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ 'ਚ ਮੋਹਾਲੀ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਵੀ ਫੂਕੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਅੱਜ ਦਾ ਸੰਘਰਸ਼ ਤਿੰਨ ਮੁੱਦਿਆਂ ਨੂੰ ਲੈ ਕੇ ਕੀਤਾ ਗਿਆ ਹੈ। ਮੋਦੀ ਸਰਕਾਰ ਵਲੋਂ ਖੇਤੀ ਨੂੰ ਲੈ ਕੇ ਬਣਾਏ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਇਕ ਪਾਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਬਿਆਨ ਦੇ ਚੁੱਕੇ ਹਨ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਕੈਪਟਨ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੀ ਡਰਾਮੇਬਾਜ਼ੀ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦੇ ਇਸ਼ਾਰੇ ’ਤੇ ਕੈਪਟਨ ਸਰਕਾਰ ਇਸ ਕਿਸਾਨ ਅੰਦੋਲਨ ਦੇ ਹੱਕ ਵਿਚ ਆਪਣੇ ਗੀਤਾਂ ਰਾਹੀਂ ਜਾਂ ਲੇਖਣੀਆਂ ਰਾਹੀਂ ਕਿਸਾਨੀ ਦੀ ਹਾਲਤ ਬਿਆਨ ਕਰਦੇ ਗਾਇਕਾਂ ਅਤੇ ਲੇਖਕਾਂ ਨੂੰ ਕਦੇ ਈ. ਡੀ. ਰਾਹੀਂ ਅਤੇ ਜਾਂ ਫਿਰ ਆਮਦਨ ਕਰ ਵਿਭਾਗ ਰਾਹੀਂ ਪ੍ਰੇਸ਼ਾਨ ਕਰਵਾ ਰਹੀ ਹੈ। ਗਾਇਕਾਂ ਦੇ ਗੀਤਾਂ ਨੂੰ ਭੜਕਾਊ ਗੀਤ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਵਿਚ ਕੁੱਦ ਚੁੱਕੇ ਕਿਸਾਨਾਂ ਅਤੇ ਨੌਜਵਾਨਾਂ 'ਤੇ ਕਦੇ ਧਾਰਾ-307 ਤਹਿਤ ਪੁਲਸ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਜਾਂ ਫਿਰ ਦੇਸ਼ ਧਰੋਹ ਦੇ ਪਰਚੇ ਦਰਜ ਕਰ ਕੇ ਕਿਸਾਨੀ ਸੰਘਰਸ਼ ਨੂੰ ਕੁਚਲਣ ਦਾ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਫਰੈਂਡਲੀ ਮੈਚ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੂੰਬੜ ਚਾਲਾਂ ਦਾ ਯੂਥ ਅਕਾਲੀ ਦਲ ਵਲੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।

ਯੂਥ ਅਕਾਲੀ ਦਲ ਦੇ ਮੋਹਾਲੀ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਨੇ ਲੋਕਤੰਤਰਿਕ ਢੰਗ ਨਾਲ ਚੱਲ ਰਹੇ ਕਿਸਾਨ ਅੰਦੋਲਨ ਨੂੰ ਬਿਖੇਰਨ ਲਈ ਆਪਣੀਆਂ ਲੂੰਬੜ ਚਾਲਾਂ ਬੰਦ ਨਾ ਕੀਤੀਆਂ ਅਤੇ ਗਾਇਕਾਂ, ਲੇਖਕਾਂ, ਕਿਸਾਨਾਂ ਜਾਂ ਨੌਜਵਾਨਾਂ ਵਿਰੁੱਧ ਝੂਠੇ ਪਰਚੇ ਕਰਨੇ ਬੰਦ ਨਾ ਕੀਤੇ ਤਾਂ ਦੋਵੇਂ ਸਰਕਾਰਾਂ ਵਿਰੁੱਧ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਮਲਕਪੁਰ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ), ਸਰਬਜੀਤ ਸਿੰਘ ਕਾਦੀਮਾਜਰਾ, ਰਵਿੰਦਰ ਸਿੰਘ ਖੇਡਾਂ, ਐੱਸ. ਜੀ. ਪੀ. ਸੀ. ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਸੁਰਿੰਦਰ ਸਿੰਘ ਰੋਡਾ, ਕੁਲਦੀਪ ਕੌਰ ਕੰਗ, ਟਿਮੀ ਪੂਨੀਆਂ, ਮਲਕੀਤ ਸਿੰਘ ਜ਼ੀਰਕਪੁਰ, ਮਨਪ੍ਰੀਤ ਸਿੰਘ ਵਿਰਕ, ਹਰਦਮ ਜਾਸਤਨਾ, ਗੁਰਜੀਤ ਸਿੰਘ ਹਿਮਾਯੂਪੁਰ, ਲਖਵੀਰ ਤਸਿੰਬਲੀ, ਅਮਨ ਪੂਨੀਆਂ, ਕੁਲਸ਼ਿੰਦਰ ਸਿੰਘ ਸੋਹਾਣਾ, ਹਰਮਿੰਦਰ ਸਿੰਘ ਨੰਬਰਦਾਰ, ਸਤਨਾਮ ਸਿੰਘ ਲਾਂਡਰਾਂ ਆਦਿ ਵੀ ਹਾਜ਼ਰ ਸਨ।
 


Bharat Thapa

Content Editor

Related News