ਕੈਪਟਨ-ਸਿੱਧੂ ਦੀ ਜੰਗ ਦਾ ਚੰਦੂਮਾਜਰਾ ਲੈਣ ਲੱਗੇ ਲਾਹਾ, ਜ਼ਿਲ੍ਹਾ ਪਟਿਆਲਾ ’ਚ ਸੰਭਾਲਿਆ ਮੋਰਚਾ

Thursday, Jun 24, 2021 - 11:08 PM (IST)

ਕੈਪਟਨ-ਸਿੱਧੂ ਦੀ ਜੰਗ ਦਾ ਚੰਦੂਮਾਜਰਾ ਲੈਣ ਲੱਗੇ ਲਾਹਾ, ਜ਼ਿਲ੍ਹਾ ਪਟਿਆਲਾ ’ਚ ਸੰਭਾਲਿਆ ਮੋਰਚਾ

ਪਟਿਆਲਾ (ਰਾਜੇਸ਼ ਪੰਜੌਲਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ’ਚ ਚੱਲ ਰਹੇ ਕਲੇਸ਼ ਅਤੇ ਕਾਂਗਰਸ 'ਚ ਖਾਨਾਜੰਗੀ ਦਰਮਿਆਨ ਅਕਾਲੀ ਦਲ ’ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਐੱਮ. ਪੀ. ਅਤੇ ਅਕਾਲੀ ਦਲ ਦੇ ਮੁੱਖ ਲੀਡਰਾਂ ’ਚ ਸ਼ੁਮਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਬਜਾਏ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਲਿਆ ਹੈ। ਇਸ ਕਰ ਕੇ ਜ਼ਿਲ੍ਹੇ ਦੀ ਅਕਾਲੀ ਰਾਜਨੀਤੀ ’ਚ ਭੂਚਾਲ ਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਘਨੌਰ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੀਆਂ ਮੀਟਿੰਗਾਂ ’ਚ ਵੱਡੀ ਗਿਣਤੀ ’ਚ ਅਕਾਲੀ ਆਗੂ ਅਤੇ ਕਾਰਕੁਨਾਂ ਤੋਂ ਇਲਾਵਾ ਆਮ ਨਿਵਾਸੀ ਵੀ ਪਹੁੰਚ ਰਹੇ ਹਨ, ਜਿਸ ਕਰ ਕੇ ਇੱਥੋਂ ਦੇ ਸਾਬਕਾ ਅਕਾਲੀ ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਵੀ ਸਮਾਨਾਤਰ ਬੈਠਕਾਂ ਸ਼ੁਰੂ ਕਰ ਦਿੱਤੀਆਂ ਹਨ। ਚੰਦੂਮਾਜਰਾ ਦੀਆਂ ਮੀਟਿੰਗਾਂ ਤੋਂ ਬਾਅਦ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵੱਲੋਂ ਬੁਲਾਈ ਗਈ ਬੈਠਕ ’ਚ ਸਾਬਕਾ ਅਕਾਲੀ ਮੰਤਰੀ ਅਤੇ ਜ਼ਿਲ੍ਹਾ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਹਰਪ੍ਰੀਤ ਕੌਰ ਮੁਖਮੇਲਪੁਰ ਦੀ ਡਟ ਕੇ ਹਮਾਇਤ ਕੀਤੀ।

ਇਹ ਵੀ ਪੜ੍ਹੋ :'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਚੰਦੂਮਾਜਰਾ ਦੇ ਪਟਿਆਲਾ ਵਿਚ ‘ਕੈਂਪ’ ਕਰਨ ਤੋਂ ਬਾਅਦ ਜ਼ਿਲ੍ਹੇ ਦੀ ਅਕਾਲੀ ਰਾਜਨੀਤੀ ਪੂਰੀ ਤਰ੍ਹਾਂ ਬਦਲ ਗਈ ਹੈ। ਹਲਕਾ ਸਨੌਰ ਤੋਂ ਚੰਦੂਮਾਜਰਾ ਦੇ ਸਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐੱਮ. ਐੱਲ. ਏ. ਹਨ। ਜਦਕਿ ਹਲਕਾ ਘਨੌਰ ਤੋਂ ਚੰਦੂਮਾਜਰਾ ਨੇ ਤਿਆਰੀ ਸ਼ੁਰੂ ਕੀਤੀ ਹੈ, ਉਹ ਹਲਕਾ ਬਿਲਕੁੱਲ ਘਨੌਰ ਦੇ ਨਾਲ ਪੈਂਦਾ ਹੈ। ਘਨੌਰ ਦੇ ਨਾਲ ਹੀ ਹਲਕਾ ਰਾਜਪੁਰਾ ਪੈਂਦਾ ਹੈ। ਰਾਜਪੁਰਾ ਸਬ-ਡਵੀਜ਼ਨ ’ਚ ਹੀ ਘਨੌਰ ਹਲਕਾ ਆਉਂਦਾ ਹੈ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਯੈੱਸ’ ਕਰਨ ਤੋਂ ਬਾਅਦ ਹੀ ਚੰਦੂਮਾਜਰਾ ਨੇ ਹਲਕਾ ਘਨੌਰ ਤੋਂ ਰਾਜਨੀਤਕ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ। ਉਹ 2022 ’ਚ ਹਲਕਾ ਘਨੌਰ ਤੋਂ ਐੱਮ. ਐੱਲ. ਏ. ਬਣ ਕੇ ਪੰਜਾਬ ਵਿਧਾਨ ਸਭਾ ’ਚ ਪਹੁੰਚਣ ਦੇ ਇਛੁੱਕ ਹਨ।

ਕੁੜਮਾਂ ਦੀ ਜੋੜੀ ਨੂੰ ਪਿਤਾ-ਪੁੱਤਰ ਦੇਣਗੇ ਟੱਕਰ!
ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਸ ’ਚ ਕੁੜਮ ਹਨ। ਮਦਨ ਲਾਲ ਜਲਾਲਪੁਰ ਦੀ ਸਪੁੱਤਰੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਇਕਲੌਤੇ ਪੁੱਤਰ ਨਿਰਭੈ ਸਿੰਘ ਮਿਲਟੀ ਨੂੰ ਵਿਆਹੀ ਹੋਈ ਹੈ। ਦੋਨਾਂ ਕੁੜਮਾਂ ਦੀ ਪਟਿਆਲਾ ਦੀ ਕਾਂਗਰਸੀ ਰਾਜਨੀਤੀ ’ਚ ਵੱਡੀ ਧਾਕ ਹੈ। ਦੋਵਾਂ ਦੀ ਟਿਕਟ ਨੂੰ ਕੋਈ ਚੁਣੋਤੀ ਨਹੀਂ। ਲਿਹਾਜ਼ਾ 2022 ’ਚ ਚੰਦੂਮਾਜਰਾ ਪਿਤਾ-ਪੁੱਤਰ ਇਨ੍ਹਾਂ ਦੋਵਾਂ ਕਾਂਗਰਸੀ ਕੁੜਮਾਂ ਨੂੰ ਟੱਕਰ ਦੇਣਗੇ।

ਇਹ ਵੀ ਪੜ੍ਹੋ: ਖਹਿਰਾ ਸਮੇਤ ਬਾਕੀ ਵਿਧਾਇਕਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਡਾ. ਧਰਮਵੀਰ ਗਾਂਧੀ ਦੀ ਪੰਜਾਬੀਆਂ ਨੂੰ ਸਲਾਹ

ਜ਼ਿਲ੍ਹਾ ਯੂਥ ਅਕਾਲੀ ਦਲ ਦਾ ਪ੍ਰਧਾਨ ਆਪਣਾ ਬਣਾ ਚੁੱਕੇ ਹਨ ਚੰਦੂਮਾਜਰਾ
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜ਼ਿਲ੍ਹਾ ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦਾ ਪ੍ਰਧਾਨ ਆਪਣਾ ਕਾਰਕੁਨ ਬਣਾ ਚੁੱਕੇ ਹਨ। ਯੂਥ ਦੀਆਂ ਜਿੰਨੀਆਂ ਵੀ ਬੈਠਕਾਂ ਹੁੰਦੀਆਂ ਹਨ, ਉਨ੍ਹਾਂ ਬੈਠਕਾਂ ’ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹੀ ਬੁਲਾਇਆ ਜਾਂਦਾ ਹੈ, ਜਿਸ ਕਰ ਕੇ ਉਹ ਸਮੁੱਚੇ ਜ਼ਿਲ੍ਹੇ ’ਚ ਬੈਠਕਾਂ ਕਰ ਰਹੇ ਹਨ। ਸਨੌਰ, ਘਨੌਰ ਅਤੇ ਰਾਜਪੁਰਾ ਹਲਕੇ ਸਿੱਧੇ ਤੌਰ ’ਤੇ ਚੰਦੂਮਾਜਰਾ ਦੇਖ ਰਹੇ ਹਨ, ਜਿਸ ਕਰ ਕੇ ਜ਼ਿਲ੍ਹੇ ਦੀ ਅਕਾਲੀ ਦਲ ਦੀ ਰਾਜਨੀਤੀ ’ਚ ਚੰਦੂਮਾਜਰਾ ਦਾ ਸਿਆਸੀ ਦਬ-ਦਬਾਅ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News