ਕੈਪਟਨ ਸੰਧੂ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, RO ਸਿਸਟਮ ਤੇ ਖੇਡ ਕਿੱਟਾਂ ’ਚ ਵੀ ਘਪਲਿਆਂ ਦਾ ਸ਼ੱਕ
Saturday, Nov 05, 2022 - 04:03 AM (IST)
ਲੁਧਿਆਣਾ (ਰਾਜ)-ਸੋਲਰ ਸਟ੍ਰੀਟ ਲਾਈਟਾਂ ਦੇ ਘਪਲਾ ਮਾਮਲੇ ’ਚ ਪਹਿਲਾਂ ਤੋਂ ਫਰਾਰ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਅਤੇ ਕਾਂਗਰਸੀ ਨੇਤਾ ਕੈਪਟਨ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸਟ੍ਰੀਟ ਲਾਈਟਾਂ ਖਰੀਦ ’ਚ ਘਪਲੇ ਤੋਂ ਬਾਅਦ ਹੁਣ ਪਿੰਡਾਂ ’ਚ ਪੀਣ ਵਾਲੇ ਪਾਣੀ ਦੇ ਲਗਾਏ ਗਏ ਆਰ. ਓ. ਸਿਸਟਮ ਅਤੇ ਖਿਡਾਰੀਆਂ ਨੂੰ ਵੰਡੀਆਂ ਗਈਆਂ ਖੇਡ ਕਿੱਟਾਂ ’ਚ ਘਪਲਿਆਂ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਵਿਜੀਲੈਂਸ ਆਰਥਿਕ ਅਤੇ ਅਪਰਾਧ ਸ਼ਾਖਾ ਪੰਜਾਬ ਨੇ ਇਨ੍ਹਾਂ ਘਪਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਇਸ ਸਬੰਧੀ ਬੀ. ਡੀ. ਪੀ. ਓ. ਆਫਿਸ ਤੋਂ ਸਾਰਾ ਰਿਕਾਰਡ ਤਲਬ ਕੀਤਾ ਹੈ ਤਾਂ ਕਿ ਚੈੱਕ ਕਰ ਕੇ ਪਤਾ ਲਗਾਇਆ ਜਾ ਸਕੇ ਕਿ ਕਿੰਨੀ ਗ੍ਰਾਂਟ ਆਈ ਸੀ ਅਤੇ ਕਿੰਨੇ ਪੈਸੇ ਲੱਗੇ ਹਨ ਅਤੇ ਕਿੱਥੇ-ਕਿੱਥੇ ਲਗਾਏ ਗਏ ਹਨ। ਇਹ ਪਤਾ ਲੱਗਾ ਹੈ ਕਿ ਕੈਪਟਨ ਸੰਧੂ ਨੇ ਸਟ੍ਰੀਟ ਲਾਈਟ ਘਪਲਾ ਮਾਮਲੇ ’ਚ ਆਪਣੀ ਜ਼ਮਾਨਤ ਲਗਾਈ ਹੈ, ਜਿਸ ’ਤੇ 10 ਨਵੰਬਰ ਨੂੰ ਸੁਣਵਾਈ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਦਾ ਡੇਰਾ ਬਿਆਸ ਦੌਰਾ, ਪੰਜਾਬ ਦੇ ਤਣਾਅਪੂਰਨ ਹਾਲਾਤ ਕਾਰਨ ਅੱਜ ਦਾ ਦਿਨ ਪੁਲਸ ਲਈ ਹੈ ਚੁਣੌਤੀਪੂਰਨ
ਸੂਤਰ ਦੱਸਦੇ ਹਨ ਕਿ ਸੰਧੂ ਨੂੰ ਤਕਰੀਬਨ 1.50 ਕਰੋੜ ਦੀ ਗ੍ਰਾਂਟ ਸਰਕਾਰ ਵੱਲੋਂ ਮਿਲੀ ਸੀ। ਉਸ ਗ੍ਰਾਂਟ ਦੀ ਵਰਤੋਂ ’ਚ ਕਾਫ਼ੀ ਘਪਲਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿਸ ’ਚ ਸਟ੍ਰੀਟ ਲਾਈਟਾਂ ਲਗਾਉਣ ਦੇ ਘਪਲੇ ’ਤੇ ਪਹਿਲਾਂ ਹੀ ਵਿਜੀਲੈਂਸ ਨੇ ਜਾਂਚ ਕਰ ਕੇ ਕੇਸ ਦਰਜ ਕਰ ਲਿਆ ਸੀ ਅਤੇ ਕੁਝ ਮੁਲਜ਼ਮਾਂ ਨੂੰ ਕਾਬੂ ਵੀ ਕੀਤਾ ਸੀ ਪਰ ਹੁਣ ਉਸੇ ਫੰਡ ਦੇ ਅੰਦਰੋਂ ਆਰ. ਓ. ਸਿਸਟਮ ਅਤੇ ਖੇਡ ਕਿੱਟਾਂ ਖਰੀਦਣ ਅਤੇ ਵੰਡਣ ’ਚ ਵੀ ਘਪਲਾ ਸਾਹਮਣੇ ਆ ਰਿਹਾ ਹੈ, ਜਿਸ ਦੀ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੁਧੀਰ ਸੂਰੀ ਕਤਲਕਾਂਡ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ DGP ਗੌਰਵ ਯਾਦਵ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚਿਤਾਵਨੀ