ਕੈਪਟਨ ਸਾਹਿਬ ਰਹਿਮ ਕਰੋ! ਸੈਲਰੀ ਵਧਦੀ ਨਹੀਂ, ਬਿਜਲੀ ਮਹਿੰਗੀ ਕਰੀ ਜਾਂਦੇ ਓ

11/04/2019 3:44:12 PM

ਪਟਿਆਲਾ, ਰੱਖੜਾ (ਰਾਣਾ)—ਬਿਜਲੀ ਦੇ ਮਾਮਲੇ ਵਿਚ ਪੰਜਾਬ ਇਕ ਅਜਿਹਾ ਸੂਬਾ ਹੈ ਜੋ ਕਿ ਬਾਕੀ ਸੂਬਿਆਂ ਨਾਲੋਂ ਸਭ ਤੋਂ ਵੱਧ ਬਿਜਲੀ ਪੈਦਾ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹੋ ਇਕ ਅਜਿਹਾ ਸੂਬਾ ਹੈ ਜਿਥੇ ਬਿਜਲੀ ਦਰਾਂ ਸਭ ਤੋਂ ਵੱਧ ਹਨ। ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੇ ਮਹਿਜ਼ 3 ਸਾਲਾਂ ਅੰਦਰ ਚੌਥੀ ਵਾਰ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ। ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਘੱਟੋ-ਘੱਟ ਬਿਜਲੀ ਦਾ ਇਸਤੇਮਾਲ ਕਰਨ 'ਤੇ ਵੀ ਪ੍ਰਤੀ ਘਰ ਬਿਜਲੀ ਦਾ ਬਿੱਲ 2500 ਤੋਂ ਹੇਠਾਂ ਨਾ ਆ ਕੇ ਵੱਧ ਹੀ ਆਵੇਗਾ। ਜੇਕਰ ਬਿਜਲੀ ਯੰਤਰਾਂ ਨੂੰ ਲੋੜ ਮੁਤਾਬਕ ਵਰਤਿਆ ਗਿਆ ਤਾਂ ਘਰ ਦਾ ਇਕੱਲਾ ਬਿਜਲੀ ਬਿੱਲ ਹੀ 35 ਸੌ ਜਾਂ 4 ਹਜ਼ਾਰ ਦੇ ਕਰੀਬ ਆਵੇਗਾ।

ਪੰਜਾਬ ਸਰਕਾਰ ਦੀ ਇਸ ਕਾਰਜ-ਸ਼ੈਲੀ 'ਤੇ ਚਿੰਤਤ ਹੋਏ ਪਰਿਵਾਰਾਂ ਦੀਆਂ ਮਹਿਲਾ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਆਖਿਆ ਹੈ ਕਿ 'ਕੈਪਟਨ ਸਾਹਿਬ ਸੈਲਰੀ ਤਾਂ ਇਨ੍ਹਾਂ (ਘਰ ਦੇ ਮੁਖੀ) ਦੀ ਵਧਦੀ ਨਹੀਂ ਅਤੇ ਤੁਸੀਂ ਬਿਜਲੀ ਦਰਾਂ ਵਿਚ ਵਾਧਾ ਕਰੀ ਜਾਂਦੇ ਹੋ? ਸਾਡੇ 'ਤੇ ਰਹਿਮ ਕਰੋ।' ਬਿਜਲੀ ਦਰਾਂ ਵਿਚ ਲਗਾਤਾਰ ਹੋਏ ਚੌਥੀ ਵਾਰ ਵਾਧੇ 'ਤੇ ਜਦੋਂ ਲੋਕਾਂ ਦੇ ਘਰ ਜਾ ਕੇ ਇਸ ਸਬੰਧੀ ਪੈਦਾ ਹੋਈ ਵਿਸਫੋਟਕ ਸਥਿਤੀ ਸਬੰਧੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਪੱਸ਼ਟ ਆਖਿਆ ਕਿ ਕੈਪਟਨ ਸਰਕਾਰ ਨੇ ਸਿਰਫ਼ ਬਿਜਲੀ ਦਰਾਂ ਵਿਚ ਹੀ ਵਾਧਾ ਨਹੀਂ ਕੀਤਾ ਹੈ ਬਲਕਿ ਪੰਜਾਬ ਅਤੇ ਪੰਜਾਬੀਆਂ ਨੂੰ ਵਿੱਤੀ ਕੰਗਾਲੀ ਵੱਲ ਧੱਕਿਆ ਹੈ। ਇਸ ਨਾਲ ਪੰਜਾਬ ਅਤੇ ਪੰਜਾਬੀ ਬਰਬਾਦ ਹੋਣਗੇ। ਗੱਲਬਾਤ ਦੌਰਾਨ ਘਰਾਂ ਦੀਆਂ ਮਹਿਲਾ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਘਰ ਦੇ ਮੁਖੀ ਦੀ ਤਨਖਾਹ ਜੋ ਕਿ 9-10 ਹਜ਼ਾਰ ਮਹੀਨਾ ਹੈ, ਉਹ ਤਾਂ ਵਧਦੀ ਹੀ ਨਹੀਂ। ਉਲਟਾ ਘਰਾਂ ਦੇ ਖਰਚੇ ਜੋ ਦਿਨੋ-ਦਿਨ ਵਧਦੇ ਚਲੇ ਜਾ ਰਹੇ ਹਨ, ਤਹਿਤ ਗੁਜ਼ਾਰਾ ਕਰਨਾ ਤਾਂ ਪਹਿਲਾਂ ਹੀ ਮੁਸ਼ਕਲ ਹੋਇਆ ਪਿਆ ਹੈ। ਉੱਤੋਂ ਕੈਪਟਨ ਸਰਕਾਰ ਨੇ ਬਿਜਲੀ ਦਰਾਂ ਵਿਚ ਫਿਰ ਇਕ ਵਾਰ ਵਾਧਾ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਰਨ ਲਈ ਮਜਬੂਰ ਕਰ ਦਿੱਤਾ ਹੈ।
 

ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਕਰਨਗੇ 'ਧੰਨਵਾਦ'
ਸਰਪੱਲਸ ਬਿਜਲੀ ਵਾਲੇ ਸੂਬੇ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕ ਪੰਜਾਬ ਸਰਕਾਰ ਦੇ ਮੁਖੀ ਕੈ. ਅਮਰਿੰਦਰ ਸਿੰਘ, ਮੰਤਰੀਆਂ, ਵਿਧਾਇਕਾਂ, ਐੱਮ. ਪੀਜ., ਕੌਂਸਲਰਾਂ ਅਤੇ ਕਾਂਗਰਸੀ ਕਾਰਕੁੰਨਾਂ ਦਾ ਵਿਸ਼ੇਸ਼ ਤੌਰ 'ਤੇ ਹਰ ਥਾਂ 'ਤੇ 'ਧੰਨਵਾਦ' ਕਰਨਗੇ ਕਿਉਂਕਿ ਪੰਜਾਬ ਵਿਚ ਕਾਂਗਰਸ ਦੀ ਇਹ ਇਕ ਅਜਿਹੀ ਸਰਕਾਰ ਹੈ ਜਿਸ ਨੇ ਸਿਰਫ਼ ਪੌਣੇ 3 ਸਾਲ ਦੇ ਕਾਰਜਕਾਲ ਵਿਚ ਹੀ 4 ਵਾਰ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਪੰਜਾਬੀਆਂ ਨੂੰ ਵਿੱਤੀ ਮਾਰ ਮਾਰੀ ਹੈ।


Shyna

Content Editor

Related News