ਨਵਜੋਤ ਸਿੱਧੂ ਦੇ ਟਵੀਟ ’ਤੇ ਕੈਪਟਨ ਦਾ ਪਲਟਵਾਰ, ਦਿੱਤਾ ਠੋਕਵਾਂ ਜਵਾਬ
Friday, Oct 22, 2021 - 03:10 PM (IST)
ਚੰਡੀਗੜ੍ਹ (ਅਸ਼ਵਨੀ) : ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਜ਼ੁਬਾਨੀ ਜੰਗ ਜਾਰੀ ਹੈ। ਆਮ ਤੌਰ ’ਤੇ ਸੋਸ਼ਲ ਮੀਡੀਆ ਜ਼ਰੀਏ ਹਮਲਾ ਕਰਨ ਵਾਲੇ ਸਿੱਧੂ ’ਤੇ ਹੁਣ ਕੈਪਟਨ ਵੀ ਉਨ੍ਹਾਂ ਦੇ ਅੰਦਾਜ਼ ’ਚ ਜਵਾਬ ਦੇਣ ਦਾ ਮੌਕਾ ਨਹੀਂ ਗੁਆ ਰਹੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਰਾਹੀਂ ਕੈਪਟਨ ਖ਼ਿਲਾਫ਼ ਹੱਲਾ ਬੋਲਿਆ ਤਾਂ ਕੈਪਟਨ ਨੇ ਵੀ ਮੋਰਚਾ ਸੰਭਾਲਦਿਆਂ ਜਵਾਬੀ ਹਮਲਾ ਕੀਤਾ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦਾ ਖੇਤੀਬਾੜੀ ਮਸਲੇ ’ਤੇ ਗੱਲਬਾਤ ਵਾਲਾ ਇਕ ਪੁਰਾਣਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ 3 ਕਾਲੇ ਕਾਨੂੰਨਾਂ ਦੇ ਰਚਣਹਾਰ, ਜੋ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ’ਚ ਲਿਆਏ। ਜਿਨ੍ਹਾਂ ਨੇ 1-2 ਵੱਡੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਮਜਦੂਰਾਂ ਨੂੰ ਤਬਾਹ ਕੀਤਾ। ਇਸ ’ਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਸ਼ਲ ਮੀਡੀਆ ’ਤੇ ਲਿਖਿਆ,‘‘ਸਿੱਧੂ ਤੁਸੀਂ ਕਿੰਨੇ ਧੋਖੇਬਾਜ਼ ਅਤੇ ਕਪਟੀ ਹੋ। ਤੁਸੀਂ ਮੇਰੀ 15 ਸਾਲ ਪੁਰਾਣੀ ਫਸਲੀ ਵਿਭਿੰਨਤਾ ਪਹਿਲ ਨੂੰ ਖੇਤੀਬਾੜੀ ਕਾਨੂੰਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਸ ਖ਼ਿਲਾਫ਼ ਮੈਂ ਅਜੇ ਵੀ ਲੜ ਰਿਹਾ ਹਾਂ ਅਤੇ ਜਿਸ ਦੇ ਨਾਲ ਮੈਂ ਆਪਣਾ ਰਾਜਨੀਤਕ ਭਵਿੱਖ ਜੋੜਿਆ ਹੈ। ਤੁਸੀਂ ਪੰਜਾਬ ਅਤੇ ਉਸ ਦੇ ਕਿਸਾਨਾਂ ਦੇ ਹਿੱਤਾਂ ਬਾਰੇ ਅਨਜਾਣ ਹੋ। ਤੁਸੀਂ ਫਸਲੀ ਵਿਭਿੰਨਤਾ ਅਤੇ ਖੇਤੀਬਾੜੀ ਕਾਨੂੰਨ ਵਿਚਕਾਰ ਦੇ ਅੰਤਰ ਨੂੰ ਨਹੀਂ ਜਾਣਦੇ ਅਤੇ ਪੰਜਾਬ ਦੀ ਅਗਵਾਈ ਕਰਨ ਦਾ ਸੁਪਨਾ ਵੇਖਦੇ ਹੋ। ਕੈਪਟਨ ਨੇ ਸਿੱਧੂ ’ਤੇ ਸਵਾਲ ਦਾਗਦਿਆਂ ਲਿਖਿਆ ਕਿ ਤੁਸੀਂ ਇਸ ਵੀਡੀਓ ਨੂੰ ਅਜਿਹੇ ਸਮੇਂ ਪੋਸਟ ਕਰਨਾ ਚੁਣਿਆ ਹੈ, ਜਦੋਂ ਕਾਂਗਰਸ ਸਰਕਾਰ ਆਪਣੇ ਆਗਾਮੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਨੂੰ ਹੱਲਾਸ਼ੇਰੀ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਕੀ ਤੁਸੀਂ ਇਸਦਾ ਵੀ ਵਿਰੋਧ ਕਰ ਰਹੇ ਹੋ?’’
ਇਹ ਵੀ ਪੜ੍ਹੋ : ਸਿੱਧੂ 'ਤੇ ਮੁੜ ਅੱਗ ਬਬੂਲਾ ਹੋਏ ਕੈਪਟਨ, ਚੰਨੀ ਨੂੰ ਦੱਸਿਆ 'ਗੁੱਡ ਬੁਆਏ'
ਹਰੀਸ਼ ਰਾਵਤ ਨੂੰ ਵੀ ਕੈਪਟਨ ਦਾ ਕਰਾਰਾ ਜਵਾਬ, ਕਿਹਾ-ਪੰਜਾਬ ਕਾਂਗਰਸ ਦਾ ਨੁਕਸਾਨ ਹੋ ਚੁੱਕਿਆ
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਵੀ ਕਰਾਰਾ ਜਵਾਬ ਦਿੱਤਾ। ਰਾਵਤ ਦੇ ਹਾਲ ਹੀ ’ਚ ਦਿੱਤੇ ਬਿਆਨਾਂ ਦਾ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ ਕਿ ਬੰਦ ਕਰੋ ਧਰਮ ਨਿਰਪੱਖਤਾ ਦੀ ਗੱਲ ਕਰਨਾ। ਨਾ ਭੁੱਲੋ ਕਿ ਸਿੱਧੂ 14 ਸਾਲ ਭਾਜਪਾ ’ਚ ਰਹਿਣ ਤੋਂ ਬਾਅਦ ਕਾਂਗਰਸ ’ਚ ਆਇਆ। ਨਾਨਾ ਪਟੋਲੇ ਅਤੇ ਰੇਵਨਾਥ ਰੈੱਡੀ ਆਰ.ਐੱਸ.ਐੱਸ. ਨਹੀਂ ਤਾਂ ਕਿੱਥੋ ਆਏ? ਪਰਗਟ ਸਿੰਘ 4 ਸਾਲ ਤੱਕ ਅਕਾਲੀ ਦਲ ਦੇ ਨਾਲ ਸਨ। ਮਹਾਰਾਸ਼ਟਰ ’ਚ ਸ਼ਿਵਸੈਨਾ ਦੇ ਨਾਲ ਕੀ ਕਰ ਰਹੇ ਹੋ ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕਥਿਤ ਸੰਪ੍ਰਦਾਇਕ ਦਲਾਂ ਦੇ ਨਾਲ ਸ਼ਾਮਲ ਹੋਣਾ ਠੀਕ ਹੈ, ਜਦੋਂ ਤੱਕ ਕਾਂਗਰਸ ਲਈ ਉਚਿਤ ਹੈ। ਇਹ ਸਰਾਸਰ ਰਾਜਨੀਤਕ ਅਮੌਕਾਪ੍ਰਸਤੀ ਨਹੀਂ ਤਾਂ ਕੀ ਹੈ? ਕੈਪਟਨ ਨੇ ਲਿਖਿਆ ਕਿ ਅੱਜ ਮੇਰੇ ’ਤੇ ਅਕਾਲੀ ਦਲ ਦੇ ਨਾਲ ਮਿਲੇ ਹੋਣ ਦਾ ਦੋਸ਼ ਲਾ ਰਹੇ ਹੋ, ਜਦੋਂ ਕਿ ਮੈਂ 10 ਸਾਲ ਤੱਕ ਅਕਾਲੀ ਦਲ ਦੇ ਖਿਲਾਫ਼ ਕੇਸ ਲੜੇ, ਉਸ ਬਾਰੇ ਕੀ ਸੋਚਦੇ ਹੋ? ਉਸ ’ਤੇ 2017 ਤੋਂ ਪੰਜਾਬ ’ਚ ਕਾਂਗਰਸ ਹਰ ਚੋਣ ਕਿਵੇਂ ਜਿੱਤੀ? ਕੈਪਟਨ ਨੇ ਰਾਵਤ ਨੂੰ ਲਿਖਿਆ ਕਿ ਤੁਹਾਨੂੰ ਡਰ ਹੈ ਕਿ ਮੈਂ ਪੰਜਾਬ ’ਚ ਕਾਂਗਰਸ ਪਾਰਟੀ ਦੇ ਹਿੱਤਾਂ ਦਾ ਨੁਕਸਾਨ ਕਰਾਂਗਾ ਪਰ ਸੱਚਾਈ ਇਹ ਹੈ ਕਿ ਮੇਰੇ ’ਤੇ ਵਿਸ਼ਵਾਸ ਨਾ ਕਰਕੇ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਅਸਥਿਰ ਵਿਅਕਤੀ ਦੇ ਹੱਥ ’ਚ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਕੇ ਪਾਰਟੀ ਖੁਦ ਦੇ ਹਿੱਤਾਂ ਦਾ ਪਹਿਲਾਂ ਹੀ ਨੁਕਸਾਨ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਬਠਿੰਡਾ ’ਚ ਵੱਡੀ ਵਾਰਦਾਤ: ਬੇਖ਼ੌਫ਼ ਹਮਲਾਵਰਾਂ ਨੇ ਚਲਾਈਆਂ ਗੋਲ਼ੀਆਂ, ਗੈਂਗਵਾਰ ’ਚ ਇਕ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ