ਕੈਪਟਨ ਨੇ PM ਮੋਦੀ ਕੋਲੋਂ 550ਵੇਂ ਪ੍ਰਕਾਸ਼ ਪੁਰਬ ਲਈ 2145 ਕਰੋੜ ਦਾ ਵਿੱਤੀ ਪੈਕੇਜ ਮੰਗਿਆ

Thursday, Nov 22, 2018 - 08:15 AM (IST)

ਕੈਪਟਨ ਨੇ PM ਮੋਦੀ ਕੋਲੋਂ 550ਵੇਂ ਪ੍ਰਕਾਸ਼ ਪੁਰਬ ਲਈ 2145 ਕਰੋੜ ਦਾ ਵਿੱਤੀ ਪੈਕੇਜ ਮੰਗਿਆ

ਜਲੰਧਰ, (ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਦਿਵਸ ਨੂੰ ਦੇਖਦਿਆਂ ਸਾਲ ਭਰ ਚੱਲਣ ਵਾਲੇ ਪ੍ਰੋਗਰਾਮਾਂ ਲਈ ਤੁਰੰਤ ਉਦਾਰਚਿੱਤ ਵਿੱਤੀ ਪੈਕੇਜ ਦਾ ਐਲਾਨ ਕਰਨ। ਮੁੱਖ ਮੰਤਰੀ ਨੇ ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪੁਰਬ ਨੂੰ ਦੇਖਦਿਆਂ ਸੂਬਾ ਸਰਕਾਰ ਅਨੇਕਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਸ ਵਿਚ ਸ੍ਰੀ ਸੁਲਤਾਨਪੁਰ ਲੋਧੀ ਵਿਚ ‘ਪਿੰਡ ਬਾਬਾ ਨਾਨਕ ਦਾ’ ਸਥਾਪਨਾ ਕਰਨਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨੈਸ਼ਨਲ ਇੰਸਟੀਚਿਊਟ ਆਫ ਇੰਟਰਫੇਥ ਸਟੱਡੀਜ਼ ਦੀ ਸਥਾਪਨਾ ਕਰਨਾ, ਬਟਾਲਾ ਵਿਚ ਮੈਡੀਕਲ ਕਾਲਜ ਖੋਲ੍ਹਣਾ, ਪਹਿਲੇ ਗੁਰੂ ਨਾਲ ਸਬੰਧ ਰੱਖਦੇ ਮਾਰਗਾਂ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਣਾ, ਸੂਬੇ ਵਿਚ ਗੁਰੂ ਜੀ ਦੇ ਨਾਂ ’ਤੇ 47 ਛੋਟੇ ਸ਼ਹਿਰਾਂ ਅਤੇ ਕਸਬਿਆਂ ਨੂੰ ਵਿਕਸਿਤ ਕਰਨਾ ਆਦਿ ਸ਼ਾਮਲ ਹੈ, ਜਿਸ ਦੇ ਲਈ ਸਰਕਾਰ ਨੂੰ ਤੁਰੰਤ ਫੰਡਾਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਮੀਟਿੰਗ ਦੌਰਾਨ ਉਠਾ ਚੁੱਕੇ ਹਨ। ਸੂਬਾ ਸਰਕਾਰ ਨੇ ਕੇਂਦਰ ਕੋਲੋਂ 2145 ਕਰੋੜ ਰੁਪਏ ਦਾ ਵਿੱਤੀ ਪੈਕੇਜ ਮੰਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨੀਤੀ ਅਯੋਗ ਦੀ ਜੂਨ 2018 ਵਿਚ ਹੋਈ ਬੈਠਕ ਦੌਰਾਨ ਵੀ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਪੁਰਬ ਦੇ ਮਹੱਤਵ ਦਾ ਮਾਮਲਾ ਉਠਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਤਾਲਮੇਲ ਕਮੇਟੀ ਦੀ 8 ਨਵੰਬਰ ਨੂੰ ਹੋਈ ਬੈਠਕ ਵਿਚ ਵੀ ਇਨ੍ਹਾਂ ਸਾਰੇ ਮੁੱਦਿਆਂ ’ਤੇ ਚਰਚਾ ਹੋਈ ਸੀ ਪਰ ਹੁਣ ਤਕ ਕੇਂਦਰ ਨੇ ਵਿੱਤੀ ਪੈਕੇਜ ਦੀ ਰਕਮ ਰਿਲੀਜ਼ ਕਰਨ ਦੇ ਸਬੰਧ ਵਿਚ ਸੂਬਾ ਸਰਕਾਰ ਨੂੰ ਸੂਚਿਤ ਨਹੀਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਇਕ ਵੱਖਰੀ ਚਿੱਠੀ ਲਿਖ ਕੇ ਕਿਹਾ ਕਿ ਸ੍ਰੀ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਨਵੀਂ ਦਿੱਲੀ ਤੋਂ ਸੁਲਤਾਨਪੁਰ ਲੋਧੀ ਦਰਮਿਆਨ ਇਕ ਗੱਡੀ ਹਫਤੇ ਵਿਚ 3 ਵਾਰ ਚੱਲਣੀ ਚਾਹੀਦੀ ਹੈ ਤਾਂ ਜੋ ਦਿੱਲੀ ਤੇ ਹੋਰ ਸੂਬਿਆਂ ਤੋਂ ਸ਼ਰਧਾਲੂ ਸ੍ਰੀ ਸੁਲਤਾਨਪੁਰ ਲੋਧੀ ਸਥਿਤ ਇਤਿਹਾਸਕ ਗੁਰਦੁਆਰੇ ਦੇ ਦਰਸ਼ਨਾਂ ਲਈ ਆ ਸਕਣ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਸਹੂਲਤਾਂ ਮੁਹੱਈਆ ਕਰਵਾਉਣ ਦੀ ਲੋੜ ਹੈ।


Related News