ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦੇ ਨਾਂ ਉਜਾਗਰ ਕਰਨ ਕੈਪਟਨ : ਸ਼੍ਰੋਮਣੀ ਅਕਾਲੀ ਦਲ
Thursday, Nov 04, 2021 - 02:24 PM (IST)

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਤਮਾਮ ਕਾਂਗਰਸੀ ਨੇਤਾਵਾਂ ਦੇ ਨਾਂ ਉਜਾਗਰ ਕਰਨ ਨੂੰ ਕਿਹਾ ਹੈ, ਜੋ ਰੇਤ ਮਾਈਨਿੰਗ ’ਚ ਸ਼ਾਮਲ ਹਨ। ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਰੇਤ ਮਾਈਨਿੰਗ ਵਿਭਾਗ ਨੇ ਉਨ੍ਹਾਂ ਨੂੰ ਇਕ ਰਿਪੋਰਟ ਸੌਂਪੀ ਸੀ। ਇਸ ਰਿਪੋਰਟ ’ਚ ਬੜੇ ਅਹਿਮ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਗਿਆ ਸੀ ਕਿ ਕਰੀਬ 30 ਤੋਂ ਜ਼ਿਆਦਾ ਕਾਂਗਰਸੀ ਵਿਧਾਇਕ ਸਿੱਧੇ-ਅਸਿੱਧੇ ਤੌਰ ’ਤੇ ਰੇਤ ਮਾਈਨਿੰਗ ਦੇ ਕਾਰੋਬਾਰ ’ਚ ਸ਼ਾਮਲ ਹਨ। ਮੁੱਖ ਮੰਤਰੀ ਨੇ ਇਸ ਰਿਪੋਰਟ ਦੀ ਸਟੱਡੀ ਤਾਂ ਕੀਤੀ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ। ਅਕਾਲੀ ਦਲ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਰਹਿੰਦਿਆਂ ਕੈਪਟਨ ਦੀਆਂ ਕੁੱਝ ਮਜਬੂਰੀਆਂ ਹੋ ਸਕਦੀਆਂ ਹਨ, ਪਰ ਹੁਣ ਕੈਪਟਨ ਕੋਲ ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਨੂੰ ਬਚਾਉਣ ਦੀ ਕੋਈ ਮਜਬੂਰੀ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਸਾਰੇ ਨਾਂ ਉਜਾਗਰ ਕਰਕੇ ਸਭ ਦੀ ਪੋਲ ਖੋਲ੍ਹਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮੰਡੀ ਬੋਰਡ ਦੇ ਟੈਕਨੀਕਲ ਐਡਵਾਈਜ਼ਰ ਬਰਾੜ ਦੀ ਨਿਯੁਕਤੀ ਦਾ ਮਾਮਲਾ ਹਾਈ ਕੋਰਟ ਪੁੱਜਾ
ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਗਏ ਪੱਤਰ ’ਚ ਵੀ ਰੇਤ ਮਾਈਨਿੰਗ ’ਚ ਸ਼ਾਮਲ ਕਾਂਗਰਸੀਆਂ ਦਾ ਜ਼ਿਕਰ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਹੁਣ ਜਦੋਂ ਕਿ ਕੈਪਟਨ ਨੇ ਜਨਤਕ ਤੌਰ ’ਤੇ ਵੀ ਇਹ ਕਬੂਲ ਕਰ ਲਿਆ ਹੈ ਤਾਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਨਾਂ ਜਨਤਕ ਕਰਨ ’ਚ ਸੰਕੋਚ ਨਹੀਂ ਕਰਨਾ ਚਾਹੀਦਾ ਹੈ। ਹਾਲਾਂਕਿ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕੈਪਟਨ ’ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਕੈਪਟਨ ਕਿਸੇ ਦੀ ਕੀ ਪੋਲ ਖੋਲ੍ਹਣਗੇ, ਉਨ੍ਹਾਂ ਦੇ ਘਰ ਰੰਗ ਦੀ ਲਿਪਾਈ ਤੱਕ ਦਾ ਹਿਸਾਬ-ਕਿਤਾਬ ਸਭ ਕੋਲ ਹੈ। ਹਾਲਾਂਕਿ ਅਮੂਮਨ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਕੈਪਟਨ ਇਕ ਬੇਹੱਦ ਗੰਭੀਰ ਰਾਜਨੇਤਾ ਹਨ। ਉਹ ਕਿਸੇ ’ਤੇ ਨਿੱਜੀ ਹਮਲੀਆਂ ਤੋਂ ਪ੍ਰਹੇਜ ਕਰਦੇ ਰਹੇ ਹਨ ਅਤੇ ਅੱਗੇ ਵੀ ਉਨ੍ਹਾਂ ਦਾ ਇਹ ਅੰਦਾਜ਼ ਬਰਕਰਾਰ ਰਹੇਗਾ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ