ਕੈਪਟਨ ਦੀ ਨਾਰਾਜ਼ਗੀ 2022 ’ਚ ਕਾਂਗਰਸ ਨੂੰ ਪੈ ਸਕਦੀ ਹੈ ਭਾਰੀ

Monday, Sep 20, 2021 - 05:13 PM (IST)

ਕੈਪਟਨ ਦੀ ਨਾਰਾਜ਼ਗੀ 2022 ’ਚ ਕਾਂਗਰਸ ਨੂੰ ਪੈ ਸਕਦੀ ਹੈ ਭਾਰੀ

ਪਟਿਆਲਾ (ਰਾਜੇਸ਼ ਪੰਜੌਲਾ) : ਬੇਸ਼ੱਕ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਪਰ ਜੇਕਰ ਉਹ ਕਾਂਗਰਸ ਤੋਂ ਨਾਰਾਜ਼ ਰਹੇ ਤਾਂ 2022 ਵਿਚ ਕਾਂਗਰਸ ਨੂੰ ਉਨ੍ਹਾਂ ਦੀ ਨਾਰਾਜ਼ਗੀ ਭਾਰੀ ਪੈ ਸਕਦੀ ਹੈ। 1998 ਤੋਂ ਹੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੂੰ ਚਲਾ ਰਹੇ ਹਨ। 2002 ਤੋਂ 2007 ਤੱਕ ਬਤੌਰ ਮੁੱਖ ਮੰਤਰੀ ਉਨ੍ਹਾਂ ਦਾ ਕਾਰਜਕਾਲ ਬਹੁਤ ਹੀ ਵਧੀਆ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੀਆਂ ਜ਼ਮੀਨਾਂ ਦੇ ਮੁੱਲ ਚਾਰ ਗੁਣਾ ਵੱਧ ਗਏ ਸਨ। 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਵੀ ਉਨ੍ਹਾਂ ਦੀ ਅਗਵਾਈ ਹੇਠ ਲਡ਼ੀਆਂ ਗਈਆਂ। ਬੇਸ਼ੱਕ ਕਾਂਗਰਸ ਸਰਕਾਰ ਨਹੀਂ ਬਣੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ 45 ਤੋਂ ਵੱਧ ਸੀਟਾਂ ਲੈ ਕੇ ਗਈ। ਇਸ ਤੋਂ ਬਾਅਦ 2017 ਵਿਚ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ 77 ਸੀਟਾਂ ਜਿੱਤੀਆਂ, ਜੋ ਕਿ 1992 ਦੀਆਂ ਚੋਣਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਰਿਕਾਰਡ ਹੈ। 1992 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦਾ ਬਾਈਕਾਟ ਸੀ ਅਤੇ ਕਾਂਗਰਸ ਇਕੱਲੀ ਹੀ ਮੈਦਾਨ ਵਿਚ ਸੀ, ਜਿਸ ਕਾਰਨ ਕਾਂਗਰਸ ਪਾਰਟੀ ਨੂੰ 92 ਸੀਟਾਂ ਆਈਆਂ ਸਨ ਪਰ ਰਾਜਨੀਤਕ ਤੌਰ ’ਤੇ ਇਸ ਦੇ ਕੋਈ ਮਾਇਨੇ ਨਹੀਂ ਸਨ ਕਿਉਂਕਿ ਮੁੱਖ ਮੰਤਰੀ ਵਿਰੋਧੀ ਪਾਰਟੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰ ਦੇ ਨਾਂ ’ਤੇ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਪੰਜਾਬ ਦਾ ਕਿਸਾਨ ਸੜਕਾਂ ’ਤੇ ਹੈ। 32 ਕਿਸਾਨ ਯੂਨੀਅਨਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਪਿਛਲੇ ਇਕ ਸਾਲ ਤੋਂ ਕੇਂਦਰ ਸਰਕਾਰ ਖਿਲਾਫ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿੰਦੁਸਤਾਨ ਦਾ ਇਕਮਾਤਰ ਅਜਿਹਾ ਮੁੱਖ ਮੰਤਰੀ ਰਿਹਾ ਹੈ, ਜਿਸ ਨੇ ਬਤੌਰ ਮੁੱਖ ਮੰਤਰੀ ਇਸ ਅੰਦੋਲਨ ਨੂੰ ਡਟ ਕੇ ਸਮਰਥਨ ਦਿੱਤਾ ਅਤੇ ਕਿਸਾਨਾਂ ਦੇ ਹੱਕ ’ਚ ਡਟ ਕੇ ਲੜਾਈ ਲੜੀ।

ਇਹ ਵੀ ਪੜ੍ਹੋ : ਦਲਿਤ ’ਤੇ ਦਾਅ ਖੇਡ ਕੇ ਹਾਈਕਮਾਨ ਨੇ ਅਕਾਲੀਆਂ ਦੇ ਸਾਹਮਣੇ ਪੇਸ਼ ਕੀਤੀ ਚੁਣੌਤੀ, ‘ਆਪ’ ਨੂੰ ਵੀ ਦਿੱਤਾ ਝਟਕਾ

ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਪੁਲਸ ਨੂੰ ਹੁਕਮ ਜਾਰੀ ਕੀਤੇ ਸਨ ਕਿ ਸੰਘਰਸ਼ ਕਰ ਰਹੇ ਕਿਸੇ ਵੀ ਕਿਸਾਨ ’ਤੇ ‘ਡੰਡਾ’ ਨਾ ਚਲਾਇਆ ਜਾਵੇ। ਜੇਕਰ ਕਿਸਾਨ ਅੰਦੋਲਨ ਕਰਦੇ ਹਨ ਤਾਂ ਉਨ੍ਹਾਂ ਨੂੰ ਕਰਨ ਦਿੱਤਾ ਜਾਵੇ। ਪੰਜਾਬ ਤੋਂ ਬਾਅਦ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਬੈਠ ਗਏ, ਉਥੇ ਹੀ ਮੁੱਖ ਮੰਤਰੀ ਹੁੰਦਿਆਂ ਕੈ. ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਕਈ ਕਿਸਾਨ ਸੰਗਠਨ ਕੈਪਟਨ ਦੇ ਕਾਇਲ ਹੋ ਗਏ। ਬੇਸ਼ੱਕ ਹੁਣ ਉਹ ਮੁੱਖ ਮੰਤਰੀ ਨਹੀਂ ਰਹੇ ਪਰ ਕਿਸਾਨਾਂ ਦੇ ਦਿਲਾਂ ਵਿਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵਿਸ਼ੇਸ਼ ਪਿਆਰ ਹੈ। ਇਸ ਤੋਂ ਇਲਾਵਾ ਪੰਜਾਬ ਦਾ ਹਿੰਦੂ ਵਰਗ ਕੈਪਟਨ ਦੇ ਰਾਜ ਵਿਚ ਖੁਦ ਨੂੰ ਸੁਰੱਖਿਅਤ ਮੰਨਦਾ ਹੈ। ਕੈ. ਅਮਰਿੰਦਰ ਸਿੰਘ ਇਕ ਮਜ਼ਬੂਤ ਪ੍ਰਸ਼ਾਸਕ ਦੇ ਤੌਰ ’ਤੇ ਜਾਣੇ ਜਾਂਦੇ ਹਨ। ਉਨ੍ਹਾਂ ਦੇ ਰਾਜ ’ਚ ਹਮੇਸ਼ਾ ਹੀ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਹੀ ਹੈ। ਗੁੰਡਾਗਰਦੀ ਨੂੰ ਉਨ੍ਹਾਂ ਹਮੇਸ਼ਾ ਨੱਥ ਪਾ ਕੇ ਰੱਖੀ ਹੈ। ਅੱਤਵਾਦ ਅਤੇ ਵੱਖਵਾਦ ਖਿਲਾਫ ਉਨ੍ਹਾਂ ਦਾ ਸਖਤ ਸਟੈਂਡ ਰਿਹਾ ਹੈ, ਜਿਸ ਕਰ ਕੇ ਪੰਜਾਬ ਦਾ ਹਿੰਦੂ ਵਰਗ ਹਮੇਸ਼ਾ ਹੀ ਕੈਪਟਨ ਦੇ ਨਾਲ ਖਡ਼੍ਹਾ ਹੋਇਆ ਹੈ। ਅਜਿਹੇ ਹਾਲਾਤ ’ਚ ਜੇਕਰ ਕਾਂਗਰਸ ਕੈ. ਅਮਰਿੰਦਰ ਸਿੰਘ ਨੂੰ ਅੱਖੋਂ ਪਰੋਖੇ ਕਰਦੀ ਹੈ ਤਾਂ ਪੰਜਾਬ ਦੀਆਂ ਸ਼ਹਿਰੀ ਸੀਟਾਂ ’ਤੇ ਹਿੰਦੂ ਵਰਗ ਕਾਂਗਰਸ ਖਿਲਾਫ ਜਾ ਸਕਦਾ ਹੈ। ਇਸੇ ਤਰ੍ਹਾਂ ਕਿਸਾਨ ਵੀ ਕਾਂਗਰਸ ਪਾਰਟੀ ਦੇ ਖਿਲਾਫ ਜਾ ਸਕਦੇ ਹਨ। ਜ਼ਿਲਾ ਪਟਿਆਲਾ, ਮੁਹਾਲੀ ਸਮੇਤ ਮਾਲਵਾ ਇਲਾਕੇ ’ਚ ਕੈਪਟਨ ਦਾ ਵੱਡਾ ਜਨ ਆਧਾਰ ਹੈ। ਉਹ ਇਕ ਅਜਿਹੇ ਲੀਡਰ ਹਨ, ਜੋ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਚੋਣ ਲਡ਼ ਕੇ ਵਿਧਾਇਕ ਜਾਂ ਐੱਮ. ਪੀ. ਬਣਦੇ ਰਹੇ ਹਨ। ਉਹ ਪਟਿਆਲਾ ਸ਼ਹਿਰ ਤੋਂ ਕਈ ਵਾਰ ਵਿਧਾਇਕ, ਸਮਾਣਾ ਤੋਂ ਬਿਨਾਂ ਮੁਕਾਬਲਾ ਵਿਧਾਇਕ, ਤਲਵੰਡੀ ਸਾਬੋ ਤੋਂ ਵਿਧਾਇਕ, ਅੰਮ੍ਰਿਤਸਰ ਤੋਂ ਭਾਜਪਾ ਦੇ ਚੋਟੀ ਦੇ ਆਗੂ ਸਵ. ਅਰੁਨ ਜੇਟਲੀ ਨੂੰ ਹਰਾ ਕੇ 2014 ’ਚ ਐੱਮ. ਪੀ. ਬਣ ਚੁੱਕੇ ਹਨ। ਪੰਜਾਬ ਹਰ ਖਿੱਤੇ ’ਚ ਉਨ੍ਹਾਂ ਦਾ ਆਧਾਰ ਹੈ। ਅਜਿਹੇ ’ਚ ਕਾਂਗਰਸ ਪਾਰਟੀ ਨੂੰ ਕੈ. ਅਮਰਿੰਦਰ ਸਿੰਘ ਨੂੰ ਅਣਗੌਲਿਆਂ ਕਰਨਾ ਮਹਿੰਗਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਨੇ ਨਵਜੋਤ ਸਿੱਧੂ ਦਾ ਕੱਦ ਕੈਪਟਨ ਨਾਲੋਂ ਵਧਾਇਆ!

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News