ਮੁੱਖ ਮੰਤਰੀ ਵੱਲੋਂ ਪਾਇਆ ਰੌਲਾ ਦਰਸਾਉਂਦਾ, ਕਿਸਾਨਾਂ ਨੂੰ ਮਾੜਾ ਦੱਸਣ ’ਤੇ ਬੌਖਲਾਏ ਕੈਪਟਨ : ਹਰਸਿਮਰਤ ਬਾਦਲ
Thursday, Sep 16, 2021 - 12:49 AM (IST)
ਚੰਡੀਗੜ੍ਹ (ਬਿਊਰੋ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਖ਼ਿਲਾਫ਼ ਪਾਇਆ ਰੌਲਾ ਅਸਲ ਵਿਚ ਦਰਸਾਉਂਦਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਸ਼ਾਂਤੀਪੂਰਨ ਅਤੇ ਦੇਸ਼ ਭਗਤ ਕਿਸਾਨਾਂ ਨੂੰ ਮਾੜੇ ਕਹਿਣ ਤੋਂ ਵਰਜਣ ’ਤੇ ਉਹ ਕਿਸ ਤਰੀਕੇ ਨਾਲ ਬੌਖਲਾ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਾਜਪਾ ਦੇ ਇਸ਼ਾਰਿਆਂ ’ਤੇ ਪੁੱਠੇ ਹੋ ਨੱਚ ਰਹੇ ਹਨ ਕਿਉਂਕਿ ਭਾਜਪਾ ਨੇ ਹੀ ਉਨ੍ਹਾਂ ਖ਼ਿਲਾਫ਼ ਬਗਾਵਤਾਂ ਕਰਨ ਵਾਲੇ ਕਾਂਗਰਸੀ ਵਿਧਾਹਿਕਾਂ ਨੂੰ ਕੇਂਦਰੀ ਏਜੰਸੀਆਂ ਦੀ ਧਮਕੀ ਕੇ ਉਨ੍ਹਾਂ ਨੂੰ ਅੰਦਰੂਨੀ ਸੰਕਟ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿਚ ਭਾਜਪਾ ਦੇ ‘ਸੁਤੰਤਰ ਫੌਜੀ’ ਹਨ ਅਤੇ ਉਹ ਆਪਣੇ ‘ਅਸਲ ਬੋਸ ਨੂੰ ਖੁਸ਼’ ਰੱਖਣ ਵਾਸਤੇ ਸਭ ਕੁਝ ਕਰਦੇ ਹਨ। ਅੱਜ ਸ਼ਾਮ ਇਥੇ ਜਾਰੀ ਕੀਤੇ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਵੱਲੋਂ ਕੀਤੇ ਅਹਿਸਾਨਾਂ ਦਾ ਬਦਲਾ ਮੋੜਨ ਲਈ ਆਪਣੇ ਹੀ ਕਿਸਾਨਾਂ ਨਾਲ ਧੋਖਾ ਕਰਦੇ ਫੜੇ ਗਏ ਨਮੋਸ਼ੀ ਨਾਲ ਭਰੇ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਬਿਆਨ ’ਤੇ ਟਿੱਪਣੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦਾ ਬਹੁਤ ਕੁਝ ਦੇਣਾ ਹੈ ਪਰ ਭਾਜਪਾ ਦਾ ਧੰਨਵਾਦ ਆਪਣੇ ਹੀ ਦੇਸ਼ ਦੇ ਆਪਣੇ ਸੂਬੇ ਵਿਚੋਂ ਅੰਨਦਾਤਾ ਦੀ ਕੀਮਤ ਤੋਂ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਸਾਹਿਬ ਕਿਸ ਪਾਰਟੀ ਤੋਂ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਹਨ ਕਿ ਜੇਕਰ ਉਨ੍ਹਾਂ ਦਾ ਮੁੱਖ ਮੰਤਰੀ ਦਾ ਅਹੁਦਾ ਖ਼ਤਰੇ ਵਿਚ ਪਿਆ ਤਾਂ ਉਹ ਆਪਣੀ ਪਾਰਟੀ ਵੀ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਰਥਿਕ ਨੁਕਸਾਨ ਲਈ ਕਿਸਾਨਾਂ ਨੂੰ ਦੋਸ਼ੀ ਠਹਿਰਾ ਕੇ ਉਹ ਭਾਜਪਾ ਦਾ ਅਹਿਸਾਨ ਮੋੜ ਰਹੇ ਹਨ ਜਦਕਿ ਉਨ੍ਹਾਂ ਆਪ ਸੂਬੇ ਨੁੰ ਆਰਥਿਕ ਸੰਕਟ ਵਿਚ ਧੱਕਿਆ ਹੈ।
ਇਹ ਵੀ ਪੜ੍ਹੋ : ਉਮਰਾਨੰਗਲ ਨੂੰ ਉਚਿਤ ਸੁਰੱਖਿਆ ਉਪਲੱਬਧ ਕਰਵਾਉਣ ਲਈ ਕੇਂਦਰ ਨੇ ਭੇਜਿਆ ਪੰਜਾਬ ਨੂੰ ਪੱਤਰ
ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਸਮਝ ਰਹੇ ਹਨ ਕਿ ਕਿਸ ਤਰੀਕੇ ਨਮੋਸ਼ੀ ਨਾਲ ਭਰ ਕੇ ਮੁੱਖ ਮੰਤਰੀ ਉਨ੍ਹਾਂ ਖਿਲਾਫ ਬੋਲਣ ਲਈ ਗਟਰ ਦੀ ਭਾਸ਼ਾ ਵਰਤ ਰਹੇ ਹਨ ਅਤੇ ਆਪਣੀ ਉਮਰ ਦੇ ਲਿਹਾਜ਼ ਨਾਲ ਖਾਸ ਤੌਰ ’ਤੇ ਇਕ ਮਹਿਲਾ ਜੋ ਉਨ੍ਹਾਂ ਦੀਆਂ ਧੀਆਂ ਦੀ ਉਮਰ ਦੀ ਹੈ, ਨੂੰ ਜਵਾਬ ਦੇਣ ਲਈ ਮਾਣ ਅਤੇ ਸਤਿਕਾਰ ਨਾਲ ਗੱਲ ਕਰਨਾ ਵੀ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਉਨ੍ਹਾਂ ਨੂੰ ਮੇਰੇ ਤੋਂ ਕੀ ਤਕਲੀਫ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਕੋਲੋਂ ਖਤਰੇ ਵਿਚ ਪਈ ਆਪਣੀ ਕੁਰਸੀ ਬਚਾਉਣ ਲਈ ਝੂਠ ਬੋਲਿਆਂ ਅਤੇ ਆਪਣੇ ਲੋਕਾਂ ਖਾਸ ਤੌਰ ’ਤੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਦਾ ਫੜਿਆ ਗਿਆ ਹੋਵੇ, ਉਹ ਕਿਸ ਤਰੀਕੇ ਨਮੋਸ਼ੀ ਤੇ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਕੈਪਟਨ ਸਾਹਿਬ ਜਾਣਦੇ ਹਨ ਕਿ ਜੇਕਰ ਭਾਜਪਾ ਨਾ ਹੁੰਦੀ ਤਾਂ ਅੱਜ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਾ ਹੁੰਦੇ। ਤ੍ਰਾਸਦੀ ਇਹ ਹੈ ਕਿ ਉਹ ਅਜਿਹਾ ਆਪਣੇ ਹੀ ਸੂਬੇ ਦੇ ਬਹਾਦਰ ਅਤੇ ਦੇਸ਼ ਭਗਤ ਕਿਸਾਨਾਂ ਨੂੰ ਬਦਨਾਮ ਕਰ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕੁਸ਼ਾਸਨ ਅਤੇ ਅਯੋਗਤਾ ਕਾਰਨ ਪਹਿਲਾਂ ਹੀ ਕਸੂਤੇ ਫਸੇ ਸੂਬੇ ਦੇ ਹੋਏ ਨੁਕਸਾਨ ਦਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੇ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਇਸ ਉਮਰ ਵਿਚ ਮੁੱਖ ਮੰਤਰੀ ਦੀ ਨਜ਼ਰ ਸਹੀ ਹੈ ਤੇ ਇਸ ਲਈ ਮੈਂ ਇਹ ਨਹੀਂ ਮੰਨ ਸਕਦੀ ਕਿ ਤਿੰਨ ਕਾਲੇ ਕਾਨੂੰਨਾਂ ’ਤੇ ਹੋਈ ਚਰਚਾ ਵੇਲੇ ਜੋ ਵਾਪਰਿਆ ਤੇ ਦੁਨੀਆ ਨੇ ਵੇਖਿਆ, ਉਹ ਉਨ੍ਹਾਂ ਨੇ ਨਹੀਂ ਵੇਖਿਆ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੁਕਮਾਂ ਖ਼ਿਲਾਫ਼ ਚੋਣਾਵੀਂ ਸਮਾਗਮਾਂ ਨੂੰ ਅੰਜਾਮ ਦੇ ਰਹੀ ਹੈ ਕਾਂਗਰਸ : ਅਮਨ ਅਰੋੜਾ
ਉਨ੍ਹਾਂ ਕਿਹਾ ਕਿ ਉਹ ਇਹ ਵੇਖਣ ਵਿਚ ਨਾਕਾਮ ਨਹੀਂ ਹੋ ਸਕਦੇ ਕਿ ਸਾਰੇ ਦੇਸ਼ ਵਿਚੋਂ ਸਿਰਫ ਦੋ ਸੰਸਦ ਮੈਂਬਰਾਂ ਨੇ ਇਨ੍ਹਾਂ ਬਿੱਲਾਂ ਖ਼ਿਲਾਫ਼ ਵੋਟ ਪਾਈ ਤੇ ਦੋਹੇਂ ਉਸ ਸੂਬੇ ਦੇ ਸਨ, ਜਿਥੇ ਦੇ ਕਿਸਾਨਾਂ ਨੂੰ ਉਹ ਨਿਆਂ ਮੰਗਦਿਆਂ ਨਹੀਂ ਵੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਸਤੀਫੇ ਦੀ ਗੱਲ ਨਹੀਂ ਕਰ ਰਹੀ । ਮੈਂ ਤਾਂ ਇਹ ਕਹਿ ਰਹੀ ਹੈ ਕਿ ਸ਼ਾਇਦ ਮੁੱਖ ਮੰਤਰੀ ਦੀ ਸੁਣਨ ਦੀ ਸ਼ਕਤੀ ਇੰਨੀ ਕਮਜ਼ੋਰ ਹੋ ਗਈ ਕਿ ਉਹ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਹੀ ਮੇਰੇ ਅਤੇ ਮੇਰੀ ਪਾਰਟੀ ਦਾ ਐਲਾਨ ਨਹੀਂ ਸੁਣਿਆ ਕਿ ਜੇਕਰ ਭਾਜਪਾ ਨੇ ਬਿੱਲ ਪਾਸ ਨਾ ਕਰਨ ਬਾਰੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਫਿਰ ਅਸੀਂ ਸਰਕਾਰ ਤੇ ਐੱਨ. ਡੀ. ਏ. ਛੱਡ ਦਿਆਂਗੇ। ਅਕਾਲੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗ ਰਿਹਾ ਹੈ ਕਿ ਜੋ ਵਿਅਕਤੀ ਉਨ੍ਹਾਂ ਤੋਂ ਉਮਰ ਵਿਚ ਇੰਨਾ ਵੱਡਾ ਹੈ, ਉਸਦਾ ਝੂਠ ਉਹ ਦੱਸ ਰਹੇ ਹਨ। ਉਹ ਪੰਜਾਬ ਵਿਚ ਅਜਿਹਾ ਚੰਗਾ ਨਹੀਂ ਸਮਝਦੇ ਕਿਉਂਕਿ ਸਾਨੂੰ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨ ਤੇ ਛੋਟਿਆਂ ਦਾ ਖਿਆਲ ਰੱਖਣ ਦੀ ਸਿੱਖਿਆ ਮਿਲੀ ਹੈ। ਕੈਪਟਨ ਸਾਹਿਬ ਮੈਨੁੰ ਉਨ੍ਹਾਂ ਨੂੰ ਸੱਚ ਬੋਲ ਕੇ ਦੱਸਣ ਲਈ ਮੁਆਫ ਕਰਨ। ਮੈਂ ਕਦੇ ਵੀ ਉਨ੍ਹਾਂ ਦਾ ਅਪਮਾਨ ਨਹੀਂ ਕਰਨਾ ਚਾਹੁੰਦੀ ਪਰ ਜੇਕਰ ਸੱਚਾਈ ਹੀ ਤਿਰਸਕਾਰ ਵਾਲੀ ਹੈ ਤਾਂ ਮੈਂ ਕੁਝ ਨਹੀਂ ਕਰ ਸਕਦੀ। ਮੈਂ ਕਾਮਨਾ ਕਰਦੀ ਹਾਂ ਕਿ ਅਜਿਹਾ ਨਾ ਹੁੰਦਾ।
ਇਹ ਵੀ ਪੜ੍ਹੋ : ਕੈਪਟਨ ਅਕਤੂਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਚੋਣ ਰੰਗ ’ਚ ਰੰਗਣਗੇ, ਕਰਨਗੇ ਵੱਡੇ ਐਲਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ