ਸ਼੍ਰੋਅਦ-ਬਸਪਾ ਗਠਜੋੜ ਨੂੰ ਲੈ ਕੇ ਫਿਕਰਮੰਦ ਨਹੀਂ ਕੈਪਟਨ, ਸਾਰਾ ਧਿਆਨ ਪਾਰਟੀ ਸੰਕਟ ਦੇ ਹੱਲ ਵੱਲ

Tuesday, Jun 15, 2021 - 10:02 PM (IST)

ਸ਼੍ਰੋਅਦ-ਬਸਪਾ ਗਠਜੋੜ ਨੂੰ ਲੈ ਕੇ ਫਿਕਰਮੰਦ ਨਹੀਂ ਕੈਪਟਨ, ਸਾਰਾ ਧਿਆਨ ਪਾਰਟੀ ਸੰਕਟ ਦੇ ਹੱਲ ਵੱਲ

ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ’ਚ ਹੋਏ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਲੈ ਕੇ ਫਿਕਰਮੰਦ ਨਹੀਂ ਹਨ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਦਾ ਮੰਨਣਾ ਹੈ ਕਿ ਇਸ ਗਠਜੋੜ ਨੂੰ ਉਹ ਜ਼ਿਆਦਾ ਮਹੱਤਤਾ ਨਹੀਂ ਦੇ ਰਹੇ ਹਨ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸੂਬੇ ’ਚ ਬਸਪਾ ਦਾ ਜਨ-ਆਧਾਰ ਪਿਛਲੇ ਕਈ ਸਾਲਾਂ ’ਚ ਕਾਫ਼ੀ ਘੱਟ ਹੋਇਆ ਹੈ ਅਤੇ ਪਿਛਲੀਆਂ ਚੋਣਾਂ ’ਚ ਇਹ ਸਿਰਫ ਡੇਢ ਫ਼ੀਸਦੀ ਤੱਕ ਪਹੁੰਚ ਗਿਆ ਸੀ। ਇਸ ਲਈ ਉਨ੍ਹਾਂ ਨੇ ਅਜੇ ਤੱਕ ਇਸ ਗਠਜੋੜ ਦੀ ਬਜਾਏ ਕਾਂਗਰਸ ’ਚ ਚੱਲ ਰਹੇ ਸੰਕਟ ਦੇ ਹੱਲ ਨੂੰ ਲੈ ਕੇ ਕਾਂਗਰਸ ਲੀਡਰਸ਼ਿਪ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਵੱਲ ਆਪਣੀਆਂ ਨਜ਼ਰਾਂ ਟਿਕਾਈਆਂ ਹੋਈਆਂ ਹਨ।

ਇਹ ਵੀ ਪੜ੍ਹੋ- ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲਾ ਮਾਮਲੇ ਨੂੰ ਲੈ ਕੇ ‘ਆਪ’ ਨੇ ਪੂਰੇ ਪੰਜਾਬ ’ਚ ਕੀਤਾ ਰੋਸ-ਪ੍ਰਦਰਸ਼ਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਕਾਰਕ ਤੌਰ ’ਤੇ ਅਜੇ ਤੱਕ ਸ਼੍ਰੋਅਦ-ਭਾਜਪਾ ਗਠਜੋੜ ਨੂੰ ਲੈ ਕੇ ਕੋਈ ਬਿਆਨ ਵੀ ਨਹੀਂ ਆਇਆ ਹੈ। ਇਸ ਤੋਂ ਵੀ ਪਤਾ ਲੱਗਦਾ ਹੈ ਕਿ ਕੈਪਟਨ ਇਸ ਗਠਜੋੜ ਨੂੰ ਜ਼ਿਆਦਾ ਮਹੱਤਤਾ ਨਹੀਂ ਦੇ ਰਹੇ ਹਨ। ਨਹੀਂ ਤਾਂ ਮੁੱਖ ਮੰਤਰੀ ਤੁਰੰਤ ਕੋਈ ਨਾ ਕੋਈ ਬਿਆਨ ਜ਼ਰੂਰ ਜਾਰੀ ਕਰ ਦਿੰਦੇ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਇਕ ਵਾਰ ਕਾਂਗਰਸ ਲੀਡਰਸ਼ਿਪ ਦਾ ਫੈਸਲਾ ਆ ਜਾਵੇ ਤਾਂ ਉਸ ਤੋਂ ਬਾਅਦ ਉਹ ਖੁਦ ਇਸ ਨਵੇਂ ਗਠਜੋੜ ਨਾਲ ਨਜਿੱਠਣ ਲਈ ਕਾਫ਼ੀ ਹਨ। ਉਹ ਮੰਨਦੇ ਹਨ ਕਿ ਕਾਂਗਰਸ ਦਾ ਸੂਬੇ ’ਚ ਵੋਟ ਬੈਂਕ ਇੰਨਾ ਜ਼ਰੂਰ ਹੈ ਜਿਸ ਨਾਲ ਕਿ ਪਾਰਟੀ ਆਪਣੇ ਦਮ ’ਤੇ ਫਿਰ ਤੋਂ ਬਹੁਮੱਤ ਹਾਸਲ ਕਰ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 642 ਨਵੇਂ ਮਾਮਲੇ, 38 ਦੀ ਹੋਈ ਮੌਤ

ਕੈਪਟਨ ਅਮਰਿੰਦਰ ਸਿੰਘ ਦਾ ਇਹ ਮੁਲਾਂਕਣ ਹੈ ਕਿ ਸੂਬੇ ’ਚ ਕਾਂਗਰਸ, ਅਕਾਲੀ-ਬਸਪਾ ਗਠਜੋੜ, ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਣ ਵਾਲੀ ਚੌਗੁਣੀ ਚੋਣਾਵੀ ਟੱਕਰ ’ਚ ਕਾਂਗਰਸ ਦਾ ਹੀ ਪੱਖ ਭਾਰੀ ਰਹੇਗਾ ਕਿਉਂਕਿ ਵੱਖ-ਵੱਖ ਵੋਟਾਂ ਦੀ ਵੰਡ ਸਾਰੀਆਂ ਚਾਰ ਪ੍ਰਮੁੱਖ ਪਾਰਟੀਆਂ ’ਚ ਹੋ ਜਾਵੇਗੀ। ਬਸਪਾ ਦਾ ਸਿਰਫ ਦੋਆਬਾ ਦੀਆਂ ਕੁਝ ਸੀਟਾਂ ’ਤੇ ਅਸਰ ਹੈ। ਮਾਲਵਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ’ਚ ਆਮ ਆਦਮੀ ਪਾਰਟੀ ਸੰਨ੍ਹ ਲਾਉਣ ਲਈ ਕਾਫ਼ੀ ਹੈ।

ਮੁੱਖ ਮੰਤਰੀ ਦਾ ਇਹ ਵੀ ਮੰਨਣਾ ਹੈ ਕਿ ਨਵੇਂ ਗਠਜੋੜ ਦੇ ਤਹਿਤ ਬਸਪਾ ਨੂੰ ਉਹ ਸੀਟਾਂ ਨਹੀਂ ਦਿੱਤੀ ਗਈਆਂ ਜਿੱਥੇ ’ਤੇ ਉਸ ਦਾ ਜਨ-ਆਧਾਰ ਸੀ। ਇਸ ਤੋਂ ਵੀ ਕਾਂਗਰਸ ਫਾਇਦੇ ਦੀ ਸ਼ਥਿਤੀ ’ਚ ਰਹੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿੰਨੀਆਂ ਵੋਟਾਂ ਕਿਸ ਪਾਰਟੀ ਦੀਆਂ ਕਿਸ ਨੂੰ ਟਰਾਂਸਫਰ ਹੋਣਗੀਆਂ।

ਇਹ ਵੀ ਪੜ੍ਹੋ- ਮਾਨਵ ਨੇ ਫਿਨਲੈਂਡ ’ਚ ਕੌਂਸਲਰ ਚੋਣ ਜਿੱਤ ਕੇ ਪੰਜਾਬੀਆਂ ਦਾ ਨਾਂ ਕੀਤਾ ਰੋਸ਼ਨ : ਚਰਨਜੀਤ ਫਿਨਲੈਂਡ

ਕੁਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਗਨਣਾ ਹੈ ਕਿ ਕਾਂਗਰਸ ਜੇਕਰ ਮਜ਼ਬੂਤੀ ਦੇ ਨਾਲ ਵਿਰੋਧੀ ਪਾਰਟੀਆਂ ਦਾ ਮੁਕਾਬਲਾ ਕਰਦੀ ਹੈ ਤਾਂ ਉਸ ਸਥਿਤੀ ’ਚ ਉਸ ਨੂੰ ਫਾਇਦਾ ਹੀ ਹੋਵੇਗਾ। ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਜਾਂਚ ਕਾਰਜ ’ਚ ਸਰਕਾਰ ਵੱਲੋਂ ਲਿਆਂਦੀ ਗਈ ਤੇਜ਼ੀ ਦਾ ਅਸਰ ਵੀ ਆਉਣ ਵਾਲੇ ਦਿਨਾਂ ’ਚ ਸਿੱਖ ਵੋਟਰਾਂ ’ਤੇ ਪਵੇਗਾ। ਦੂਜੇ ਪਾਸੇ ਸ਼ਹਿਰੀ ਖੇਤਰਾਂ ’ਚ ਭਾਜਪਾ ਆਪਣੇ ਦਮ ’ਤੇ ਸੀਟਾਂ ਜਿੱਤਣ ਦੀ ਸਥਿਤੀ ’ਚ ਨਹੀਂ ਹੋਵੇਗੀ। ਕੁੱਲ ਮਿਲਾ ਕੇ ਚੋਣ ਮੁਕਾਬਲਾ ਦਿਲਚਸਪ ਬਣ ਗਿਆ ਹੈ।
 


author

Bharat Thapa

Content Editor

Related News