ਸਰਕਾਰੀ ਸਕੂਲਾਂ ''ਚ ਵਿਦੇਸ਼ੀ ਭਾਸ਼ਾ ਨੂੰ ਸ਼ੁਰੂ ਕਰਵਾਉਣਾ ਵਿਚਾਰ ਅਧੀਨ : ਕੈਪਟਨ

Sunday, Jul 23, 2017 - 06:06 AM (IST)

ਸਰਕਾਰੀ ਸਕੂਲਾਂ ''ਚ ਵਿਦੇਸ਼ੀ ਭਾਸ਼ਾ ਨੂੰ ਸ਼ੁਰੂ ਕਰਵਾਉਣਾ ਵਿਚਾਰ ਅਧੀਨ : ਕੈਪਟਨ

ਜਲੰਧਰ  (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਭਾਰਤੀ ਵਿਦੇਸ਼ ਸੇਵਾ  (ਆਈ. ਐੱਫ. ਐੱਸ.) ਦੇ ਕਾਡਰ ਦੇ ਯੋਗਦਾਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਯੂ. ਪੀ. ਐੱਸ. ਸੀ. ਸਿਵਲ ਸੇਵਾਵਾਂ ਦੀ ਪ੍ਰੀਖਿਆ ਵਿਚ ਪਹਿਲੀ ਕੋਸ਼ਿਸ਼ 'ਚ ਦੇਸ਼ ਵਿਚ ਦੂਜਾ ਸਥਾਨ ਹਾਸਲ ਕਰਨ ਵਾਲੇ ਅੰਮ੍ਰਿਤਸਰ ਦੇ ਅਨਮੋਲ ਸ਼ੇਰ ਸਿੰਘ ਬੇਦੀ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਅਨਮੋਲ ਦੀ ਵਿਲੱਖਣ ਪ੍ਰਾਪਤੀ ਦੀ ਖੁਸ਼ੀ ਵਿਚ ਉਨ੍ਹਾਂ ਦਾ ਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਇਆ, ਜਿਸ ਨੇ ਪੂਰੇ ਸੂਬੇ ਦਾ ਨਾਂ ਰੌਸ਼ਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟਾਈ ਕਿ ਅਨਮੋਲ ਆਪਣੀ ਮਿਹਨਤ ਤੇ ਦ੍ਰਿੜ੍ਹ ਨਿਸ਼ਚੇ ਨਾਲ ਪੰਜਾਬ ਦੇ ਮਾਣ ਵਿਚ ਵਾਧਾ ਕਰੇਗਾ। 23 ਸਾਲਾ ਨੌਜਵਾਨ ਜੋ ਭਾਰਤ ਦੇ ਵਿਕਾਸ ਸਫਰ ਵਿਚ ਮਹੱਤਵਪੂਰਨ ਯੋਗਦਾਨ ਦੇਣ ਦੇ ਉਦੇਸ਼ ਨਾਲ ਭਾਰਤੀ ਵਿਦੇਸ਼ ਸੇਵਾ ਵਿਚ ਆਉਣਾ ਚਾਹੁੰਦਾ ਹੈ, ਨੇ ਮੁੱਖ ਮੰਤਰੀ ਨੂੰ ਆਪਣੇ ਮਨ ਦੀ ਗੱਲ ਦੱਸੀ। ਅਨਮੋਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਈ. ਐੱਫ. ਐੱਸ. ਕਾਡਰ ਦੀ ਅਰਜ਼ੀ ਦੇਣ ਵੇਲੇ ਉਸ ਨੂੰ ਯਕੀਨ ਨਹੀਂ ਸੀ ਕਿ ਉਹ ਆਈ. ਏ. ਐੱਸ. ਘਰੇਲੂ ਕਾਡਰ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਜਾਵੇਗਾ।
ਅਨਮੋਲ ਦੇ ਪਿਤਾ ਡਾ. ਸਰਬਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਨਮੋਲ ਨੇ ਹੋਰ ਲੋਕਾਂ ਵਾਂਗ ਸਖ਼ਤ ਮਿਹਨਤ ਵੀ ਨਹੀਂ ਕੀਤੀ, ਜਿਸ ਕਾਰਨ ਅਨਮੋਲ  ਦੀ ਆਈ. ਏ. ਐੱਸ. ਵਿਚ ਕਾਮਯਾਬੀ ਪ੍ਰਤੀ ਪਰਿਵਾਰ ਵਾਲਿਆਂ ਨੂੰ ਸ਼ੱਕ ਹੀ ਸੀ। ਅਨਮੋਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਹ ਮੈਂਡ੍ਰਿਨ ਭਾਸ਼ਾ ਸਿੱਖਣਾ ਚਾਹੁੰਦਾ ਸੀ, ਜੋ ਦੱਖਣੀ-ਪੂਰਬੀ ਏਸ਼ੀਅਨ ਭਾਸ਼ਾ ਦੇ ਤੌਰ 'ਤੇ  ਉਭਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਕੂਲਾਂ ਵਿਚ ਵਿਦੇਸ਼ੀ ਭਾਸ਼ਾ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਭਾਸ਼ਾ ਦੀ ਜਾਣਕਾਰੀ ਪੰਜਾਬੀ ਵਿਦਿਆਰਥੀਆਂ ਨੂੰ ਹੋਣੀ ਜ਼ਰੂਰੀ ਹੈ।


Related News