ਕਾਂਗਰਸ ਦੇ ਰੌਲੇ ਦੌਰਾਨ ਅਹਿਮ ਖ਼ਬਰ, ਕੈਪਟਨ ਦਾ ਫਿਲਹਾਲ ਦਿੱਲੀ ਜਾਣ ਦਾ ਕੋਈ ਪ੍ਰੋਗਰਾਮ ਤੈਅ ਨਹੀਂ
Friday, Jul 02, 2021 - 06:18 PM (IST)
ਜਲੰਧਰ (ਧਵਨ) : ਪੰਜਾਬ ’ਚ ਕਾਂਗਰਸ ਅੰਦਰ ਚੱਲ ਰਹੇ ਸੰਕਟ ਨੂੰ ਵੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਜਾਣ ਦਾ ਅਜੇ ਕੋਈ ਪ੍ਰੋਗਰਾਮ ਤੈਅ ਨਹੀਂ ਹੋਇਆ। ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਅਗਲੇ 2-3 ਦਿਨਾਂ ਦੇ ਪ੍ਰੋਗਰਾਮ ਚੰਡੀਗੜ੍ਹ ਵਿਚ ਹੀ ਹਨ। ਦਿੱਲੀ ਵਿਚ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ : ਦਿੱਲੀ ਦੌਰੇ ’ਤੇ ਗਏ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, ਹੋਈ ਲੰਮੀ ਮੀਟਿੰਗ
ਹੁਣ ਕੈਪਟਨ ਨੇ ਸੋਨੀਆ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਹੈ। ਉਨ੍ਹਾਂ ਤੋਂ ਸੁਨੇਹਾ ਮਿਲਣ ’ਤੇ ਹੀ ਕੈਪਟਨ ਦਿੱਲੀ ਜਾਣਗੇ। ਪੰਜਾਬ ਸਬੰਧੀ ਸੰਕਟ ਨੂੰ ਦੂਰ ਕਰਨ ਤੋਂ ਪਹਿਲਾਂ ਕੇਂਦਰੀ ਲੀਡਰਸ਼ਿਪ ਦੀ ਮੁੱਖ ਮੰਤਰੀ ਨਾਲ ਅੰਤਿਮ ਬੈਠਕ ਹੋਣੀ ਲਾਜ਼ਮੀ ਹੈ। ਬੈਠਕ ਵਿਚ ਹੀ ਸਿੱਧੂ ਬਾਰੇ ਅੰਤਿਮ ਫ਼ੈਸਲੇ ’ਤੇ ਮੋਹਰ ਲੱਗੇਗੀ। ਕਾਂਗਰਸੀ ਨੇਤਾਵਾਂ ਨੇ ਦੱਸਿਆ ਕਿ ਜੇ ਕੱਲ ਤਕ ਮੁੱਖ ਮੰਤਰੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਉਸ ਹਾਲਤ ’ਚ ਇਹ ਮੁਲਾਕਾਤ ਹੁਣ ਅਗਲੇ ਹਫਤੇ ਹੀ ਸਪੰਨ ਹੋ ਸਕੇਗੀ।
ਇਹ ਵੀ ਪੜ੍ਹੋ : ਗਲ਼ਤ ਬਿਜਲੀ ਸਮਝੌਤੇ ਰੱਦ ਕਰਨ ਦੀ ਤਿਆਰੀ ’ਚ ਕੈਪਟਨ, ਚੁੱਕ ਸਕਦੇ ਵੱਡਾ ਕਦਮ
ਇਧਰ ਪੰਜਾਬ ’ਚ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ
ਦਿੱਲੀ ਵਿਚ ਨਵਜੋਤ ਸਿੰਘ ਸਿੱਧੂ ਦੀ ਰਾਹੁਲ-ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਵਿਚ ਵੀ ਸਿਆਸੀ ਪਾਰਾ ਭਖ ਗਿਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਕਰੀਬ 6 ਮੰਤਰੀਆਂ, ਸੰਸਦ ਮੈਂਬਰ, ਵਿਧਾਇਕਾਂ ਸਮੇਤ ਕਰੀਬ 35 ਕਾਂਗਰਸੀ ਆਗੂਆਂ ਦੇ ਨਾਲ ਲੰਚ ਕੀਤਾ। ਇਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਵੱਡਾ ਸ਼ਕਤੀ-ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਖ਼ਾਸ ਗੱਲ ਇਹ ਰਹੀ ਕਿ ਲੰਚ ਵਿਚ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਵੀ ਸ਼ਾਮਲ ਹੋਏ। ਅਸ਼ਵਨੀ ਸੇਖੜੀ ਨੇ ਹਾਲ ਹੀ ਵਿਚ ਦੋਸ਼ ਲਾਇਆ ਸੀ ਕਿ ਪੰਜਾਬ ਵਿਚ ਜਾਣ-ਬੁੱਝ ਕੇ ਹਿੰਦੂ ਲੀਡਰਸ਼ਿਪ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਸੇਖੜੀ ਦੇ ਕਾਂਗਰਸ ਛੱਡਣ ਦੀਆਂ ਚਰਚਾਵਾਂ ਗਰਮ ਹੋਈਆਂ ਸਨ ਪਰ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਮਸਲੇ ਨੂੰ ਸੁਲਝਾ ਲਿਆ ਸੀ। ਉੱਧਰ, ਇਸ ਲੰਚ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਮਾਮ ਆਗੂਆਂ ਨਾਲ ਬੈਠਕ ਕੀਤੀ। ਮੰਤਰੀ ਸੁੰਦਰ ਸ਼ਿਆਮ ਅਰੋੜਾ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੈਇੰਦਰ ਸਿੰਗਲਾ, ਓ. ਪੀ. ਸੋਨੀ ਅਤੇ ਖੇਡ ਮੰਤਰੀ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਵਿਧਾਇਕ ਰਾਜਕੁਮਾਰ ਵੇਰਕਾ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸਮੇਤ ਤਮਾਮ ਆਗੂਆਂ ਨਾਲ ਮੁੱਖ ਮੰਤਰੀ ਨੇ ਲੰਬੀ ਚਰਚਾ ਕੀਤੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਭਾਜਪਾ, 117 ਵਿਧਾਨਸਭਾ ਇੰਚਾਰਜ ਐਲਾਨੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?