ਕੀ ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੱਤਾ ਤੋਂ ਕਰੇਗਾ ਲਾਂਭੇ ਜਾਂ ਫਿਰ...?

Wednesday, Aug 05, 2020 - 06:25 PM (IST)

ਮਜੀਠਾ (ਸਰਬਜੀਤ)-''ਬੜੀ ਜ਼ਹਿਰੀਲੀ ਹੂਈ ਸ਼ਰਾਬ, ਥੋੜ੍ਹੀ-ਥੋੜ੍ਹੀ ਪਿਯਾ ਕਰੋ ਜਨਾਬ।'' ਜੀ ਹਾਂ, ਇਹ ਸਤਰਾਂ ਅੱਜ ਉਨ੍ਹਾਂ ਵਿਅਕਤੀਆਂ 'ਤੇ ਪੂਰੀਆਂ ਢੁੱਕਦੀਆਂ ਹਨ ਜਿਹੜੇ ਲੋਕ ਸ਼ਰਾਬ ਦੇ ਸ਼ੌਕੀਨ ਹਨ ਅਤੇ ਅਸੀਂ 'ਜਗ ਬਾਣੀ' ਦੇ ਮਾਧਿਅਮ ਰਾਹੀਂ ਉਨ੍ਹਾਂ ਸ਼ਰਾਬ ਪੀਣ ਦਾ ਸ਼ੌਂਕ ਰੱਖਣ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਪੰਜਾਬ 'ਚ ਇੰਨ੍ਹੀਂ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜਿਆਂ ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ। ਇਸ ਦੇ ਚੱਲਦਿਆਂ ਜਿਥੇ ਪੰਜਾਬ 'ਚ ਇਕ ਪਾਸੇ ਉਨ੍ਹਾਂ ਪਰਿਵਾਰਾਂ ਵਿਚ ਚੀਕ-ਚਿਹਾੜਾ ਮਚਿਆ ਪਿਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ ਹਨ, ਉੱਥੇ ਨਾਲ ਹੀ ਦੂਜੇ ਪਾਸੇ ਵੱਖ-ਵੱਖ ਰਾਸ਼ਟਰੀ ਪੱਧਰ ਦੇ ਸਿਆਸੀ ਦਲ ਦੇ ਆਗੂਆਂ ਨੇ ਵੀ ਕੈਪਟਨ ਸਰਕਾਰ ਨੂੰ ਘੇਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਦੇ ਨਾਲ-ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਵੀ ਤਰਜੀਹ ਦੇਣੋਂ ਘੱਟ ਨਹੀਂ ਕੀਤੀ।  ਇਨ੍ਹਾਂ ਸਿਆਸੀ ਲੋਕਾਂ ਨੂੰ ਸਿਰਫ਼ ਤੇ ਸਿਰਫ਼ ਇਕ ਮੁੱਦਾ ਚਾਹੀਦਾ ਹੁੰਦਾ ਹੈ, ਚਾਹੇ ਉਹ ਕਿਸੇ ਦੀ ਮੌਤ ਨਾਲ ਸਬੰਧਤ ਹੋਏ, ਸਿਆਸੀ ਸਾਜਿਸ਼ ਤੋਂ ਪ੍ਰੇਰਿਤ ਹੋਵੇ ਜਾਂ ਫਿਰ ਚੁਣਾਵੀ ਮੁੱਦਾ ਹੋਵੇ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀਆਂ ਸਿਆਸੀ ਰੋਟੀਆਂ ਗਰਮ ਕਰਨੋਂ ਇਹ ਰਾਜਨੀਤਿਕ ਆਗੂ ਬਾਜ ਨਹੀਂ ਆਉਂਦੇ। 

ਇਹ ਵੀ ਪੜ੍ਹੋ: ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ 'ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ 'ਚ

ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ 'ਚ ਹੋਈਆਂ ਮੌਤਾਂ ਦੇ ਭੱਖਦੇ ਮੁੱਦੇ ਬਾਰੇ ਜਿਸ ਨੂੰ ਸਿਆਸੀ ਆਧਾਰ 'ਤੇ ਸਿਆਸੀ ਪਾਰਟੀਆਂ ਦੇ ਆਗੂ, ਵਿਧਾਇਕ, ਮੰਤਰੀ, ਸਾਬਕਾ ਮੰਤਰੀ, ਸਾਬਕਾ ਵਿਧਾਇਕ ਤੇ ਹੋਰ ਰਾਜਨੀਤਿਕ ਆਗੂ ਆਪਣੇ-ਆਪਣੇ ਸ਼ਬਦਾਂ ਰਾਹੀਂ ਮੀਡੀਆ ਅੱਗੇ ਖੜ੍ਹੇ ਹੋ ਕੇ ਜ਼ੋਰਦਾਰ ਢੰਗ ਨਾਲ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਨਜ਼ਰ ਆ ਰਹੇ ਹਾਂ। ਚਾਹੇ ਕੁਝ ਵੀ ਹੋਵੇ, ਪੰਜਾਬ 'ਚ ਇਹ ਸਿਆਸੀ ਪਾਰੀ ਪਿਛਲੇ ਲੰਮੇ ਅਰਸੇ ਤੋਂ ਚਲਦੀ ਆ ਰਹੀ ਹੈ ਕਿਉਂਕਿ ਜਦੋਂ ਕਿਸੇ ਵੀ ਮੌਜੂਦਾ ਰਾਸ਼ਟਰੀ ਪਾਰਟੀ ਚਾਹੇ ਉਹ ਕਾਂਗਰਸ ਹੋਵੇ ਜਾਂ ਅਕਾਲੀ ਦਲ ਬਾਦਲ ਜਾਂ ਫਿਰ ਭਾਜਪਾ ਜਿਸ ਕਿਸੇ ਵੀ ਸਰਕਾਰ ਦੇ ਰਾਜ ਵਿਚ ਵੱਡਾ ਦੁਖਾਂਤ ਘੱਟਦਾ ਹੈ ਤਾਂ ਉਸ ਪਾਰਟੀ ਦੀ ਸਰਕਾਰ ਨੂੰ ਵਿਰੋਧੀ ਸਿਆਸੀ ਪਾਰਟੀਆਂ ਵਾਲੇ ਅਕਸਰ ਘੇਰਦੇ ਨਜ਼ਰ ਆਉਂਦੇ ਹਨ। ਉਸ ਭਖਵੇਂ ਮੁੱਦੇ 'ਚ ਉਸ ਸਰਕਾਰ ਦਾ ਹੱਥ ਹੋਵੇ ਜਾਂ ਨਾ ਹੋਵੇ ਪਰ ਕਿਸੇ ਨਾ ਕਿਸੇ ਹੱਦ ਉਸ ਪਾਰਟੀ ਦੀ ਸਰਕਾਰ ਨੂੰ ਜੇਕਰ ਜ਼ਿੰਮੇਵਾਰ ਠਹਿਰਾਇਆ ਜਾਵੇ ਤਾਂ ਇਸ ਵਿਚ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ ਅਤੇ ਅਜਿਹਾ ਹੀ ਕੈਪਟਨ ਸਰਕਾਰ ਦੇ ਹਿੱਸੇ ਆਇਆ ਹੈ।

ਇਹ ਵੀ ਪੜ੍ਹੋ: ਦਰਿੰਦਗੀ ਦੀਆਂ ਹੱਦਾਂ ਪਾਰ, ਮਾਂ ਨਾਲ ਸੁੱਤੀ ਮਾਸੂਮ ਨੂੰ ਅਗਵਾ ਕਰ ਗੁਆਂਢੀ ਨੇ ਬਣਾਇਆ ਹਵਸ ਦਾ ਸ਼ਿਕਾਰ

ਕੀ ਪੰਜਾਬ 'ਚ ਹੋਈਆਂ ਮੌਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਹੈ?
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ 'ਚ ਜਿਸ ਤਰ੍ਹਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀ ਦਰ ਦਿਨੋਂ-ਦਿਨ ਵਧ ਰਹੀ ਹੈ, ਉਸ 'ਤੇ ਲਗਾਮ ਲਗਾਉਣ ਦਾ ਕੰਮ ਸਭ ਤੋਂ ਪਹਿਲਾਂ ਪੰਜਾਬ 'ਚ ਜਿਸ ਮੌਜੂਦਾ ਸਿਆਸੀ ਪਾਰਟੀ ਦੀ ਸਰਕਾਰ ਹੈ, ਉਸਦਾ ਫਰਜ਼ ਬਣਦਾ ਹੈ ਕਿਉਂਕਿ ਸਰਕਾਰ ਵਲੋਂ ਸਖ਼ਤ ਦਿਸ਼ਾ-ਨਿਰਦੇਸ਼ ਪੁਲਸ ਪ੍ਰਸ਼ਾਸਨ ਅਤੇ ਸਬੰਧਤ ਐਕਸਾਈਜ਼ ਵਿਭਾਗ ਵਲੋਂ ਜੇਕਰ ਸਮਾਂ ਰਹਿੰਦਿਆਂ ਜਾਰੀ ਕੀਤੇ ਜਾਣ ਤਾਂ ਕਦੇ ਵੀ ਸੂਬੇ ਵਿਚ ਅਜਿਹਾ ਦੁਖਾਂਤ ਨਾ ਵਾਪਰੇ ਜਿਸ ਨਾਲ ਮੌਜੂਦਾ ਸਰਕਾਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਾਅਦ ਵਿਚ ਆਪਣਾ ਬਚਾਅ ਕਰਨ ਲਈ ਆਨਨ-ਫਾਨਨ ਵਿਚ ਫੈਸਲਾ ਲੈਂਦਿਆਂ ਪੁਲਸ ਵਿਭਾਗ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਮਾਮਲੇ ਨੂੰ ਦਬਾਉਣ ਦੀ ਸਰਕਾਰ ਵਲੋਂ ਵਿਅਰਥ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਇਸ ਵੇਲੇ ਜੋ ਪੰਜਾਬ ਦੇ ਹਾਲਾਤ ਬਣੇ ਪਏ ਹਨ, ਉਸ ਦੇ ਚਲਦਿਆਂ ਮੌਜੂਦਾ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਉੱਚਿਤ ਹੈ ਕਿਉਂਕਿ ਇਸ ਸਰਕਾਰ ਦੀ ਢਿੱਲ-ਮੱਠ ਵਾਲੇ ਰਵੱਈਏ ਦੇ ਕਾਰਨ ਹੀ ਅੱਜ ਇਹ ਮੌਤਾਂ ਹੋਈਆਂ ਹਨ, ਜਿਸਦੇ ਚਲਦਿਆਂ ਹੁਣ ਆਉਣ ਵਾਲੇ ਸਮੇਂ ਵਿਚ ਕੈਪਟਨ ਸਰਕਾਰ ਨੂੰ ਸ਼ਰਾਬ ਨਾਲ ਸਬੰਧਤ ਕਾਨੂੰਨ ਨੂੰ ਸਖ਼ਤ ਕਰਨਾ ਪਵੇਗਾ ਅਤੇ ਇਸ ਜਹਿਰੀਲੀ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਸਖਤੀ ਨਾਲ ਨੱਥ ਪਾਉਂਦੇ ਹੋਏ ਥਾਣਿਆਂ ਵਿਚ ਇਸਦੀ ਜ਼ਮਾਨਤ ਦਾ ਕੰਮ ਖਤਮ ਕਰਨਾ ਪਵੇਗਾ ਅਤੇ ਇਸ ਕਾਰੋਬਾਰ ਵਿਚ ਸ਼ਾਮਲ ਵਿਅਕਤੀਆਂ ਜਾਂ ਜਨਾਨੀਆਂ ਨੂੰ ਘੱਟੋ-ਘੱਟ 6 ਮਹੀਨੇ ਦੀ ਜੇਲ ਵਿਚ ਸਖ਼ਤ ਸਜ਼ਾ ਦੇਣ ਦੇ ਨਾਲ-ਨਾਲ ਬਣਦਾ ਜੁਰਮਾਨਾ ਵੀ ਲਗਾਉਣਾ ਹੋਵੇਗਾ ਤਾਂ ਜੋ ਇਹ ਜ਼ਹਿਰੀਲੀ ਸ਼ਰਾਬ/ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਲਈ ਇਹ ਸਜ਼ਾ ਇਕ ਸਬਕ ਬਣ ਕੇ ਸਾਹਮਣੇ ਆਵੇ। 

ਇਹ ਵੀ ਪੜ੍ਹੋ:  ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ

ਕੀ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸਹੀ ਹੈ?
ਜੀ ਹਾਂ, ਹੁਣ ਅਸੀਂ ਚਰਚਾ ਕਰਨ ਜਾ ਰਹੇ ਹਨ ਪੰਜਾਬ ਸਰਕਾਰ ਵਲੋਂ ਮੌਜੂਦਾ ਮਾਮਲੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਕਿਉਂਕਿ ਇਹ ਜੋ ਮੁਆਵਜ਼ਾ 2-2 ਲੱਖ ਰੁਪਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ, ਉਹ ਸਿਰਫ ਤੇ ਸਿਰਫ ਪਰਿਵਾਰਾਂ ਦੇ 'ਜ਼ਖਮਾਂ 'ਤੇ ਲੂਣ ਛਿੜਕਨ ਦੇ ਬਰਾਬਰ ਹੈ' ਕਿਉਂਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰ ਵਲੋਂ ਆਪਣੇ ਹਿਸਾਬ ਨਾਲ ਘੱਟੋ-ਘੱਟ 20-20 ਲੱਖ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਜਿਹੜੇ ਗੰਭੀਰ ਜ਼ਖਮੀ ਹਨ, ਉਨ੍ਹਾਂ ਦਾ ਇਕ ਤਾਂ ਮੁਫਤ ਇਲਾਜ ਹੋਣਾ ਚਾਹੀਦਾ ਹੈ ਅਤੇ ਦੂਜਾ ਪੰਜਾਬ ਸਰਕਾਰ ਘੱਟੋ-ਘੱਟ 5-5 ਲੱਖ ਰੁਪਏ ਮੁਆਵਜ਼ਾ ਦੇਵੇ ਤਾਂ ਜੋ ਉਹ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਵਿਅਕਤੀ ਭਵਿੱਖ ਵਿਚ ਜ਼ਹਿਰੀਲੀ ਸ਼ਰਾਬ ਪੀਣ ਦੀ ਬਜਾਏ ਆਪਣਾ ਕੋਈ ਛੋਟਾ-ਮੋਟਾ ਕੰਮ ਧੰਦਾ ਸ਼ੁਰੂ ਕਰ ਸਕਣ। ਇਸ ਲਈ ਸੂਝਵਾਨ ਲੋਕਾਂ ਦੀ ਰਾਏ ਮੁਤਾਬਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਕੈਪਟਨ ਸਰਕਾਰ ਵਲੋਂ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਲਿਆ ਗਿਆ ਫੈਸਲਾ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਇਹ ਸਿਰਫ ਤੇ ਸਿਰਫ ਸਮਾਂ ਟਪਾਉਣ ਵਾਲੀ ਗੱਲ ਦੇ ਬਰਾਬਰ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ 'ਤੇ ਅੜੀ ਕੁੜੀ, ਜਾਨ ਤਲੀ 'ਤੇ ਧਰ ਕੇ ਜੋ ਕੀਤਾ ਦੇਖ ਉੱਡੇ ਸਭ ਦੇ ਹੋਸ਼

ਕੀ ਆਉਣ ਵਾਲੇ ਸਮੇਂ ਜ਼ਹਿਰੀਲੀ ਸ਼ਰਾਬ 'ਤੇ ਸਰਕਾਰ ਰੋਕ ਲਗਾ ਪਾਏਗੀ?
ਮੌਜੂਦਾ ਸਮਾਂ ਕਹਿੰਦਾ ਹੈ ਕਿ ਚਾਹੇ ਹੁਣ ਪੰਜਾਬ ਵਿਚ ਜ਼ਹਿਰੀਲੀ ਪੀਣ ਨਾਲ ਵੱਡੀ ਗਿਣਤੀ ਵਿਚ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਪਰ ਆਉਣ ਵਾਲੇ ਸਮੇਂ ਵਿਚ ਇਹ ਦੇਖਣਾ ਬਹੁਤ ਹੀ ਲਾਜ਼ਮੀ ਹੋਵੇਗਾ ਕਿ ਮੌਜੂਦਾ ਕੈਪਟਨ ਸਰਕਾਰ ਇਸ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ 'ਤੇ ਮੁਕੰਮਲ ਰੋਕ ਲਗਾਉਣ 'ਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਆਉਣ ਵਾਲੇ ਦਿਨਾਂ 'ਚ ਦਿਵਾਉਣ ਵਿਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਹ ਜ਼ਹਿਰੀਲੀ ਸ਼ਰਾਬ ਹੋਰ ਕਈ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਲੈਂਦਿਆਂ ਸਰਕਾਰ ਦਾ ਮੱਕੂ ਠੱਪਣ 'ਚ ਅਹਿਮ ਰੋਲ ਅਦਾ ਕਰਦੀ ਹੈ ਜਾਂ ਫਿਰ ਇਸ 'ਤੇ ਲਗਾਮ ਕੱਸਦੀ ਹੈ। ਇਹ ਸਭ ਫਿਲਹਾਲ ਸਮੇਂ 'ਤੇ ਹੀ ਛੱਡਣਾ ਬਿਹਤਰ ਹੋਵੇ ਕਿਉਂਕਿ ਸਮੇਂ ਤੋਂ ਪਹਿਲਾਂ ਕੋਈ ਵੀ ਕੁਝ ਨਹੀਂ ਕਹਿ ਸਕਦਾ।


Shyna

Content Editor

Related News