ਕੈਪਟਨ ਸਰਕਾਰ ਮੁੱਖ ਦੋਸ਼ੀਆਂ ਤੇ ਕਸੂਰਵਾਰ ਪੁਲਸ ਅਫਸਰਾਂ ਨੂੰ ਤੁਰੰਤ ਗ੍ਰਿਫਤਾਰ ਕਰੇ : ਭਾਈ ਮਨਜੀਤ ਸਿੰਘ
Tuesday, Jun 12, 2018 - 06:31 AM (IST)

ਜਲੰਧਰ(ਚਾਵਲਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਬਰਗਾੜੀ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਹਿਬਲਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਤੇ ਪੰਜਾਬ ਪੁਲਸ ਵਲੋਂ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੇ ਕਸੂਰਵਾਰ ਪੁਲਸ ਅਫਸਰਾਂ ਨੂੰ ਕੈਪਟਨ ਸਰਕਾਰ ਤੁਰੰਤ ਗ੍ਰਿਫਤਾਰ ਕਰੇ ਨਹੀਂ ਤਾਂ ਸਿੱਖ ਸੰਗਤਾਂ ਅਤੇ ਪੰਜਾਬੀ ਭਾਈਚਾਰਾ ਇਕ ਵਾਰ ਮੁੜ ਸੜਕਾਂ 'ਤੇ ਉਤਰ ਆਵੇਗਾ।
'ਜਗ ਬਾਣੀ' ਦਫਤਰ ਵਿਖੇ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਨੇ ਬਰਗਾੜੀ ਬਹਿਬਲਕਲਾਂ ਤੇ ਹੋਰ ਥਾਵਾਂ 'ਤੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕੈਪਟਨ ਸਰਕਾਰ ਵੱਲੋਂ ਨਾ ਫੜਨ ਅਤੇ ਡੰਗ ਟਪਾਊ ਨੀਤੀ ਅਪਣਾਉਣ ਕਾਰਨ ਸਿੱਖ ਸੰਗਤਾਂ ਵਿਚ ਕੈਪਟਨ ਸਰਕਾਰ ਪ੍ਰਤੀ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਸੰਗਤਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਪਰ ਹੁਣ ਇਹ ਸੁਲਗਦੀ ਅੱਗ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ। ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਇਸ ਦੇ ਲਈ ਖੁਦ ਕੈਪਟਨ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਆਪਸੀ ਗਿਲੇ ਸ਼ਿਕਵੇ ਮਿਟਾ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਗੁਰੂ ਘਰਾਂ ਵਿਖੇ ਸੀ. ਸੀ. ਟੀ. ਵੀ. ਕੈਮਰੇ ਸੁਰੱਖਿਆ ਲਈ ਜ਼ਰੂਰ ਲਵਾਉਣ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਭਾਈ ਮਨਜੀਤ ਸਿੰਘ ਨੇ ਆਖਿਆ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ ਪਰ ਉਨ੍ਹਾਂ ਇਕ ਵੀ ਵਾਅਦਾ ਨਹੀਂ ਨਿਭਾਇਆ। ਇਥੇ ਹੀ ਬਸ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨਗੇ ਅਤੇ ਸਵਾਮੀਨਾਥਨ ਕਮਿਸ਼ਨ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਅਤੇ ਭਾਈ ਬਲਦੇਵ ਸਿੰਘ ਭੂਰੇ ਕੋਹਨਾ ਵੀ ਹਾਜ਼ਰ ਸਨ।