''ਕੈਪਟਨ ਸਰਕਾਰ ਦੇ ਰਾਜ ''ਚ ਔਰਤਾਂ ਅਸੁਰੱਖਿਅਤ''
Wednesday, Dec 06, 2017 - 01:48 PM (IST)
ਚੰਡੀਗੜ੍ਹ : ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ (ਐੱਨ. ਐੱਸ. ਸੀ.ਏ.) ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸੂਬੇ ਅੰਦਰਲੀਆਂ ਅਨੁਸੂਚਿਤ ਜਾਤੀਆਂ ਨਾਲ ਸਰਕਾਰੀ ਸ਼ਹਿ 'ਤੇ ਢਾਹੇ ਜਾ ਰਹੇ ਅੰਨੇ ਤਸ਼ੱਦਦਾਂ ਸਬੰਧੀ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਨੁਸੂਚਿਤ ਜਾਤਾਂ ਨਾਲ ਸਬੰਧਿਤ ਵਿਅਕਤੀਆਂ ਖਾਸ ਕਰਕੇ ਔਰਤਾਂ ਦੀ ਹਾਲਤ ਕਾਫੀ ਤਰਸਯੋਗ ਬਣੀ ਹੋਈ ਹੈ ਕਿਉਂਕਿ ਕਾਂਗਰਸੀਆਂ ਦੀ ਕਠਪੁਤਲੀ ਬਣੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਹੇਠ ਉਨ੍ਹਾਂ ਵਿਰੋਧ ਅੰਨ੍ਹੇ ਤਸ਼ੱਦਦਾਂ ਦਾ ਦੌਰ ਜਾਰੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਵੇਸਲੇ ਬਣੇ ਹੋਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਦੇ ਕਹਿਣ 'ਤੇ ਅਨੁਸੂਚਿਤ ਜਾਤਾਂ ਖਾਸ ਤੌਰ 'ਤੇ ਔਰਤਾਂ ਦੇ ਖਿਲਾਫ ਝੂਠੇ ਪੁਲਸ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ ਪੁਲਸ ਦੇ ਖੌਫ ਨਾਲ ਉਨ੍ਹਾਂ ਨੂੰ ਬਿਨਾਂ ਕਾਰਨ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨਸਾਫ ਲੈਣ ਲਈ ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦਾ ਇਕ ਵਫਦ ਬਹੁਤ ਹੀ ਜਲਦ ਨਵੀਂ ਦਿੱਲੀ ਵਿਖੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਾਲ ਮੀਟਿੰਗ ਕਰਕੇ ਮੰਗ ਪੱਤਰ ਸੌਂਪੇਗਾ ਅਤੇ ਨਿਆ ਦੀ ਮੰਗ ਕਰੇਗਾ।