ਗਰੀਬੜੀਆਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਪੋਲ-ਖੋਲ੍ਹੀ

Tuesday, Feb 05, 2019 - 02:10 PM (IST)

ਗਰੀਬੜੀਆਂ ਨੇ ਬੋਲੀਆਂ ਰਾਹੀਂ ਕੈਪਟਨ ਦੀ ਪੋਲ-ਖੋਲ੍ਹੀ

ਮਾਛੀਵਾੜਾ ਸਾਹਿਬ (ਟੱਕਰ) : ਵਿਆਹ ਸਮਾਗਮਾਂ 'ਚ ਖੁਸ਼ੀ ਲਈ ਵਧਾਈ ਮੰਗਣ ਵਾਲੀਆਂ ਗਰੀਬੜੀਆਂ ਦੀ ਸੋਸ਼ਲ ਮੀਡੀਆ 'ਤੇ ਬੋਲੀਆਂ ਰਾਹੀਂ ਕੈਪਟਨ ਸਰਕਾਰ ਦੀ ਪੋਲ ਖੋਲ੍ਹਣ ਵਾਲੀਆਂ ਬੋਲੀਆਂ ਵਾਇਰਲ ਹੋ ਰਹੀਆਂ ਹਨ। ਇਹ ਬੋਲੀਆਂ ਇੰਨੀਆਂ ਵਾਇਰਲ ਹੋ ਰਹੀਆਂ ਹਨ ਕਿ ਹਰ ਕਿਸੇ ਮੋਬਾਇਲ ਵਿਚ ਇਹ ਬੋਲੀਆਂ ਰੂਪੀ ਗੀਤ ਵੱਜ ਰਿਹਾ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਇਹ ਗਰੀਬ ਔਰਤਾਂ ਵਲੋਂ ਆਪਣੀਆਂ ਬੋਲੀਆਂ ਰਾਹੀਂ ਕੈਪਟਨ ਅਮਰਿੰਦਰ ਸਿੰਘ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਚਾਰ ਹਫ਼ਤਿਆਂ ਵਿਚ ਨਸ਼ਾ ਖਤਮ ਕਰਨ ਦੀ ਸਹੁੰ ਚੁੱਕੀ ਸੀ ਪਰ ਨਸ਼ਾ ਖਤਮ ਨਾ ਹੋਇਆ। ਔਰਤਾਂ ਵਲੋਂ ਪਾਈ ਬੋਲੀ ਦੇ ਸ਼ਬਦ ਕੁਝ ਇਸ ਤਰ੍ਹਾਂ ਹਨ-
'ਇੱਕ ਗੱਲ ਸੁਣ ਮਹਿੰਦਰੋ ਕੰਨ ਕਰਕੇ, 
ਚਾਰ ਹਫ਼ਤੇ 'ਚ ਨਸ਼ੇ ਬੰਦ ਕਰਤੇ ਨਾ ਮਹਿੰਦਰੋ, 
ਵੱਡੇ-ਵੱਡੇ ਮਾਰੇ ਇਨ੍ਹਾਂ ਗੱਲਾਂ ਨਾਲ ਸਾਰੇ,
ਸਹੁੰ ਖਾ ਕੇ ਮੁੱਕਰ ਗਏ ਹੁਣ ਵਸ ਨਹੀਂ ਰਾਜਿਆ ਤੇਰੇ' 
ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਘਰ-ਘਰ ਨੌਕਰੀ ਅਤੇ ਮੋਬਾਇਲ ਫੋਨ ਦੇਣ ਦੇ ਵਾਅਦਿਆਂ 'ਤੇ ਵੀ ਵਿਅੰਗ ਕੱਸਦਿਆਂ ਬੋਲੀਆਂ ਪਾਈਆਂ ਅਤੇ ਥਾਣੇ ਅਤੇ ਕਚਹਿਰੀਆਂ ਵਿਚ ਵੀ ਭ੍ਰਿਸ਼ਟਾਚਾਰ ਤੇ ਹੇਰਾ-ਫ਼ੇਰੀ ਦੀਆਂ ਵੀ ਸਤਰਾਂ ਅੱਜ ਹਰ ਪੰਜਾਬ ਵਾਸੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਹ ਬੋਲੀਆਂ ਨੂੰ ਸੁਣ ਲੋਕ ਖੂਬ ਆਨੰਦ ਮਾਣ ਰਹੇ ਹਨ ਜਦਕਿ ਕਾਂਗਰਸ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਵਲੋਂ ਤਾਂ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਵੱਧ ਚੜ੍ਹ ਕੇ ਵਾਇਰਲ ਕੀਤਾ ਜਾ ਰਿਹਾ ਹੈ। 


author

Gurminder Singh

Content Editor

Related News