ਕੈਪਟਨ ਸਰਕਾਰ ਨੂੰ ਆਮ ਆਦਮੀ ਪਾਰਟੀ ਵਾਅਦਿਆਂ ਤੋਂ ਨਹੀਂ ਭੱਜਣ ਦੇਵੇਗੀ : ਬਲਜਿੰਦਰ ਕੌਰ

01/22/2018 5:59:17 PM

ਬੋਹਾ (ਮਨਜੀਤ) — ਪੰਜਾਬ 'ਚ ਬਹੁਤਾ ਸਮਾਂ ਰਾਜ ਕਰਨ ਵਾਲੀਆਂ ਅਕਾਲੀ ਅਤੇ ਕਾਂਗਰਸ ਪਾਰਟੀਆਂ ਨੇ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਣ ਦੀ ਬਜਾਏ ਖਜਾਨੇ ਨੂੰ ਲੁੱਟਿਆ ਹੈ। ਇਨ੍ਹਾਂ ਪਾਰਟੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਪਰ ਆਮ ਆਦਮੀ ਪਾਰਟੀ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ਤੇ ਲਿਆਉਣ ਲਈ ਦੋਵਾਂ ਪਾਰਟੀਆਂ ਨਾਲ ਸਿਆਸੀ ਤੌਰ 'ਤੇ ਜੱਦੋ-ਜਹਿਦ ਕਰ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਨੇੜਲੇ ਪਿੰਡ ਬਰ੍ਹੇ ਵਿਖੇ ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਸੂਬਾ ਆਗੂ ਵਿਧਾਇਕ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕਜੁੱਟ ਹੋ ਕੇ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਵੋਟਾਂ ਹਾਸਲ ਕਰਨ ਲਈ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਅੰਦਰ ਅਤੇ ਸੜਕਾਂ 'ਤੇ ਸੰਘਰਸ਼ ਕਰ ਰਹੀ ਹੈ ਪਰ ਅਕਾਲੀ -ਭਾਜਪਾ ਪਾਰਟੀ ਅੰਦਰ ਖਾਤੇ ਕਾਂਗਰਸ ਸਰਕਾਰ ਨਾਲ ਘਿਊ ਖਿਚੜੀ ਹੈ । ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ ਦੇ ਅਹੁਦੇਦਾਰਾਂ ਵੱਲੋ ਦਿੱਤੇ ਗਏ ਅਸਤੀਫੇ ਉਨ੍ਹਾਂ ਦੇ ਘੇਰਲੂ ਮਸਲੇ ਹਨ ਪਰ ਪਾਰਟੀ ਦੀ ਚੜ੍ਹਦੀ ਕਲਾ ਲਈ ਉਨ੍ਹਾਂ ਵਿਅਕਤੀਆਂ ਦੀਆਂ ਸੇਵਾਵਾਂ ਪਾਰਟੀ ਨੂੰ ਸਮਰਪਿਤ ਹਨ । ਅੱਜ ਕੈਪਟਨ ਸਰਕਾਰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਦੀ ਬਜਾਏ ਉਨ੍ਹਾਂ ਨਾਲ ਟਾਲ-ਮਟੋਲ ਕਰ ਰਹੀ ਹੈ। ਇਹ ਹੀ ਨਹੀਂ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ ਪਰ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ ਸਰਕਾਰ ਵੱਲੋ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਨਹੀ ਦੇਵੇਗੀ । ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦਾ ਸਫਾਇਆ ਹੋ ਜਾਵੇਗਾ । ਇਸ ਮੌਕੇ ਪਰਮਜੀਤ ਸਿੰਘ ਬਰ੍ਹੇ,  ਮੇਜਰ ਸਿੰਘ ਟਿਵਾਣਾ, ਧਰਮ ਸਿੰਘ, ਦੀਦਾਰ ਸਿੰਘ, ਗੁਰਵਿੰਦਰ ਸਿੰਘ, ਬਲਦੇਵ ਸਿੰਘ, ਦਿਲਬਾਗ ਸਿੰਘ ਸਰਪੰਚ, ਮੁਕੰਦ ਸਿੰਘ ਸਰਪੰਚ, ਸੁਖਪਾਲ ਕੋਰ ਆਦਿ ਮੋਜੂਦ ਸਨ ।


Related News