ਕੈਪਟਨ ਵਲੋਂ ਸਿਆਚਿਨ ਗਲੇਸ਼ੀਅਰ ਵਿਖੇ ਪੰਜਾਬੀ ਜਵਾਨ ਦੀ ਸ਼ਹੀਦੀ ''ਤੇ ਦੁੱਖ ਦਾ ਪ੍ਰਗਟਾਵਾ

Sunday, Jan 19, 2020 - 08:51 PM (IST)

ਕੈਪਟਨ ਵਲੋਂ ਸਿਆਚਿਨ ਗਲੇਸ਼ੀਅਰ ਵਿਖੇ ਪੰਜਾਬੀ ਜਵਾਨ ਦੀ ਸ਼ਹੀਦੀ ''ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਐਤਵਾਰ ਨੂੰ ਲੱਦਾਖ ਜ਼ਿਲੇ ਦੇ ਸਿਆਚਿਨ ਗਲੇਸ਼ੀਅਰ ਵਿਖੇ ਸ਼ੁੱਕਰਵਾਰ ਨੂੰ ਡਿਊਟੀ ਨਿਭਾਉਂਦਿਆਂ ਆਪਣੀ ਜਾਨ ਗਵਾਉਣ ਵਾਲੇ ਇਕ ਪੰਜਾਬੀ ਜਵਾਨ ਦੀ ਦੁੱਖਦਾਈ ਸ਼ਹਾਦਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ।
2 ਸਿੱਖ ਐੱਲ. ਆਈ. ਯੂਨਿਟ ਦਾ ਸ਼ਹੀਦ ਹੌਲਦਾਰ ਬਲਜਿੰਦਰ ਸਿੰਘ ਹੁਸ਼ਿਆਰਪੁਰ ਜ਼ਿਲੇ ਦੀ ਤਹਿਸੀਲ ਦਸੂਹਾ ਦੇ ਪਿੰਡ ਜ਼ਹੂਰਾ ਦਾ ਵਸਨੀਕ ਸੀ, ਜੋ ਆਪਣੇ ਪਿੱਛੇ ਪਤਨੀ ਅਤੇ ਦੋ ਜੁੜਵਾਂ ਪੁੱਤਰ ਛੱਡ ਗਿਆ ਹੈ। ਮੁੱਖ ਮੰਤਰੀ ਨੇ ਸ਼ਹੀਦ ਦੀ ਮੌਤ ਨਾਲ ਪਏ ਭਾਰੀ ਘਾਟੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੁਖੀ ਪਰਿਵਾਰ ਨਾਲ ਆਪਣੀ ਹਮਦਰਦੀ ਜਤਾਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਸ਼ਹੀਦ ਦੇ ਸਸਕਾਰ ਦੌਰਾਨ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਅਤੇ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਐੱਸ. ਡੀ. ਐੱਮ. (ਦਸੂਹਾ) ਜੋਤੀ ਬਾਲਾ ਅਤੇ ਰੱਖਿਆ ਭਲਾਈ ਸੇਵਾਵਾਂ ਦੇ ਡਿਪਟੀ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਲੋਕ ਸ਼ਾਮਲ ਹੋਏ।


author

KamalJeet Singh

Content Editor

Related News