ਪੰਜਾਬ ਦੇ ਨੌਜਵਾਨਾਂ ’ਤੇ ਦਿੱਲੀ ਪੁਲਸ ਵਲੋਂ ਕੀਤੇ ਜ਼ੁਲਮ ਲਈ ਕੈਪਟਨ ਸਿੱਧੇ ਤੌਰ ’ਤੇ ਜ਼ਿੰਮੇਵਾਰ : ਸੁਖਬੀਰ

04/11/2021 11:29:13 PM

ਚੰਡੀਗੜ੍ਹ, (ਅਸ਼ਵਨੀ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਪਟਿਆਲਾ ਵਿਚ ਦਿੱਲੀ ਪੁਲਸ ਵਲੋਂ ਇਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਸੂਬੇ ਦੇ ਨੌਜਵਾਨਾਂ ’ਤੇ ਜ਼ੁਲਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਪੁਲਸ ਨੇ ਲਾਲ ਕਿਲੇ ’ਤੇ 26 ਜਨਵਰੀ ਦੀ ਕਾਰਵਾਈ ਨਾਲ ਜੁੜੇ ਇਕ ਮਾਮਲੇ ਵਿਚ ਵਾਂਟਿਡ ਲੱਖਾ ਸਿਧਾਣਾ ਦੇ ਭਰਾ ਮੁੰਡੀ ਸਿਧਾਣਾ ਨੂੰ ਅਗਵਾ ਕੀਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹੈ ਕਿ ਉਹ ਦਿੱਲੀ ਪੁਲਸ ਨੂੰ ਇਸ ਤਰ੍ਹਾਂ ਦੇ ਕੰਮ ਵਿਚ ਸ਼ਾਮਲ ਹੋਣ ਦੀ ਆਗਿਆ ਕਿਉਂ ਦੇ ਰਹੇ ਹਨ। ਦਿੱਲੀ ਪੁਲਸ ਦਾ ਪੰਜਾਬ ਵਿਚ ਕੋਈ ਅਧਿਕਾਰ ਖੇਤਰ ਨਹੀ ਹੈ ਪਰ ਕੈ. ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਸਜ਼ਾ ਦੇਣ ਲਈ ਛਾਪੇ ਮਾਰਨ ਲਈ ਖੁੱਲ੍ਹੀ ਛੋਟ ਦਿੱਤੀ ਹੋਈ ਹੈ। ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ।

ਮੁੱਖ ਮੰਤਰੀ ਵਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਾਹਮਣੇ ਗੋਡੇ ਟੇਕਣ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਅਸੀਂ ਵੇਖਿਆ ਹੈ ਪੰਜਾਬੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਕਿਵੇਂ ਤੁਸੀਂ ਹਰ ਮੁੱਦੇ ’ਤੇ ਭਾਜਪਾ ਦੇ ਨਾਲ ਤੈਅ ਮੈਚ ਖੇਡਿਆ ਹੈ। ਅਸੀਂ ਤੁਹਾਨੂੰ ਸੂਬੇ ਦੇ ਅਧਿਕਾਰਾਂ ਦਾ ਕੇਂਦਰ ਦੇ ਸਾਹਮਣੇ ਸਮਝੌਤਾ ਕਰਦਿਆਂ ਵੇਖਿਆ ਹੈ। ਹੁਣ ਤੁਸੀ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੂਬੇ ਦੇ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀ ਸਾਜਿਸ਼ ਦਾ ਹਿੱਸਾ ਬਣ ਰਹੇ ਹੋ। ਤੁਹਾਨੂੰ ਦਿੱਲੀ ਪੁਲਸ ਵਲੋਂ ਸਾਡੇ ਸੈਂਕੜੇ ਨੌਜਵਾਨਾਂ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਨੂੰ ਮੂਕ ਦਰਸ਼ਕ ਬਣ ਕੇ ਨਹੀ ਵੇਖਣਾ ਚਾਹੀਦਾ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਸੂਬੇ ਦੇ ਅਧਿਕਾਰਾਂ ਦੀ ਰੱਖਿਆ ਲਈ ਡਟ ਕੇ ਖੜ੍ਹੇ ਹੋਵੋ ਅਤੇ ਦਿੱਲੀ ਦੀ ਪੁਲਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰੋ, ਜਿਨ੍ਹਾਂ ਨੇ ਮੁੰਡੀ ਸਿਧਾਣਾ ਨੂੰ ਅਗਵਾ ਕਰਕੇ ਉਸ ’ਤੇ ਜ਼ੁਲਮ ਕੀਤਾ।


Bharat Thapa

Content Editor

Related News