ਲਾਲ ਕਿਲ੍ਹੇ 'ਚ ਹੋਈ ਹਿੰਸਕ ਝੜਪ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ 'ਚ ਹਾਈ ਅਲਰਟ ਦੇ ਹੁਕਮ

01/26/2021 11:17:14 PM

ਚੰਡੀਗੜ੍ਹ: ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਨੂੰ ਛੱਡਣ ਅਤੇ ਵਾਪਸ ਸਰਹੱਦਾਂ 'ਤੇ ਪਹੁੰਚਣ ਦੀ ਅਪੀਲ ਕੀਤੀ ਜਿੱਥੇ ਉਹ ਪਿਛਲੇ ਦੋ ਮਹੀਨਿਆਂ ਤੋਂ ਸਾਂਤਮਈ ਢੰਗ ਨਾਲ ਸੰਘਰਸ ਕਰ ਰਹੇ ਹਨ।

ਮੁੱਖ ਮੰਤਰੀ ਨੇ ਦਿੱਲੀ ਵਿੱਚ ਹਿੰਸਾ ਤੇ ਤਨਾਅ ਦੇ ਮੱਦੇਨਜਰ ਪੰਜਾਬ ਵਿੱਚ ਹਾਈ ਅਲਰਟ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਕਿ ਸੂਬੇ ਵਿੱਚ ਕਿਸੇ ਵੀ ਕੀਮਤ ਅਮਨ ਕਾਨੂੰਨ ਵਿਵਸਥਾ ਭੰਗ ਨਾ ਹੋਵੇ।

ਸਥਿਤੀ ‘ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਸਪੱਸਟ ਤੌਰ ‘ਤੇ ਕੁਝ ਲੋਕਾਂ ਦੁਆਰਾ ਸੁਰੂ ਕੀਤੀ ਗਈ ਸੀ, ਜਿਨਾਂ ਨੇ ਦਿੱਲੀ ਪੁਲਸ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਆਪਸੀ ਸਮਝੌਤੇ ਰਾਹੀਂ ਟਰੈਕਟਰ ਮਾਰਚ ਲਈ ਮਿੱਥੇ ਨਿਯਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਨਾਂ ਗੈਰ ਸਮਾਜਿਕ ਤੱਤਾਂ ਨੇ ਕਿਸਾਨਾਂ ਦੇ ਸਾਂਤਮਈ ਅੰਦੋਲਨ ਵਿੱਚ ਗੜਬੜੀ ਪੈਦਾ ਕੀਤੀ। ਉਨ੍ਹਾਂ ਇਤਿਹਾਸਕ ਲਾਲ ਕਿਲੇ ਅਤੇ ਕੌਮੀ ਰਾਜਧਾਨੀ ਦੀਆਂ ਕੁਝ ਹੋਰ ਮਹੱਤਵਪੂਰਣ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਦੀ ਵੀ ਨਿੰਦਾ ਕੀਤੀ।

ਇਹ ਜਿਕਰ ਕਰਦਿਆਂ ਕਿ ਵੱਡੇ ਕਿਸਾਨ ਆਗੂ ਪਹਿਲਾਂ ਹੀ ਅਤੇ ਪੂਰੀ ਤਰਾਂ ਨਾਲ ਇਸ ਹਿੰਸਾ ਵਿੱਚ ਸਾਮਲ ਸਰਾਰਤੀ ਅਨਸਰਾਂ ਤੋਂ ਆਪਣੇ ਆਪ ਨੂੰ ਵੱਖ ਕਰ ਚੁੱਕੇ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਤੁਰੰਤ ਕੌਮੀ ਰਾਜਧਾਨੀ ਖਾਲੀ ਕਰਨੀ ਚਾਹੀਦੀ ਹੈ ਅਤੇ ਸਰਹੱਦਾਂ ‘ਤੇ ਆਪਣੇ ਟਿਕਾਣਿਆਂ ‘ਤੇ ਵਾਪਸ ਚਲੇ ਜਾਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਨਾਲ ਸਬੰਧਤ ਸੰਕਟ ਦੇ ਹੱਲ ਲਈ ਕੇਂਦਰ ਨਾਲ ਰਾਬਤਾ ਰੱਖਣਾ ਚਾਹੀਦਾ ਹੈ।

ਕੌਮੀ ਰਾਜਧਾਨੀ ਵਿੱਚ ਕੁਝ ਗੈਰ ਸਮਾਜਿਕ ਤੱਤਾਂ ਦੁਆਰਾ ਕੀਤੀ ਹਿੰਸਾ ਨਾ ਬਰਦਾਸਤ ਯੋਗ ਹੈ। ਇਹ ਸਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਦੁਆਰਾ ਪੈਦਾ ਕੀਤੀ ਸਦਭਾਵਨਾ ‘ਤੇ ਮਾੜਾ ਅਸਰ ਪਾਵੇਗਾ। ਕਿਸਾਨ ਨੇਤਾਵਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਟਰੈਕਟਰ ਰੈਲੀ ਨੂੰ ਮੁਅੱਤਲ ਕਰ ਦਿੱਤਾ ਹੈ।ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਛੱਡ ਕੇ ਸਰਹੱਦਾਂ ‘ਤੇ ਪਰਤ ਆਉਣ।

ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਉਸੇ ਤਰਾਂ ਹੀ ਸੰਜਮ ਵਰਤਣ ਲਈ ਕਿਹਾ ਜਿਵੇਂ ਉਹ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਅਤੇ ਪਹਿਲਾਂ ਪੰਜਾਬ ਵਿੱਚ ਸਾਂਤਮਈ ਅੰਦੋਲਨ ਦੌਰਾਨ ਰੱਖ ਰਹੇ ਸਨ। ਇਹ ਗੱਲ ਕਰਦਿਆਂ ਕਿ ਸਾਂਤੀ ਉਨਾਂ ਦੇ ਅੰਦੋਲਨ ਦੀ ਵਿਸੇਸਤਾ ਰਹੀ ਹੈ ਜਿਸ ਸਦਕਾ ਉਨਾਂ ਨੂੰ ਭਾਰਤ ਅਤੇ ਵਿਸਵ ਭਰ ਤੋਂ ਸਮਰਥਨ ਮਿਲਿਆ। ਉਨਾਂ ਜੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੁਆਰਾ ਲੋਕਤੰਤਰੀ ਢੰਗ ਨਾਲ ਕੀਤੇ ਜਾ ਰਹੇ ਵਿਰੋਧ ਪ੍ਰਦਰਸਨਾਂ ਦੌਰਾਨ ਅਮਨ-ਕਾਨੂੰਨ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਵੇ।


Bharat Thapa

Content Editor

Related News