ਕੈਪਟਨ ਦੀ ਫੌਜ, ਕਰਦੀ ਹੈ ਮੌਜ!
Sunday, Jul 01, 2018 - 07:05 AM (IST)
ਲੁਧਿਆਣਾ (ਸੁਭਾਸ਼) - ਸ਼ਹਿਰ ਜਿਥੇ ਅੱਤ ਦੀ ਗਰਮੀ ਸਹਿਣ ਕਰ ਰਿਹਾ ਹੈ। ਪੁਲਾਂ ਦੀ ਮੁਰੰਮਤ ਹੋਣ ਕਾਰਨ ਆਵਾਜਾਈ ਜਾਮ ਹੋ ਰਹੀ ਹੈ। ਨਸ਼ੇ ਨਾਲ ਗੱਭਰੂ ਦਮ ਤੋੜ ਰਹੇ ਹਨ, ਥਾਂ-ਥਾਂ ਜਬਰ-ਜ਼ਨਾਹ, ਕਤਲੋਗਾਰਦ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਹੀ ਇਸ ਸ਼ਹਿਰ ਦੇ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਜ਼ਿਲੇ ਦੇ ਇਕੋ ਇਕ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਸੰਜੇ ਤਲਵਾੜ ਆਪਣੇ ਖਾਸ-ਮ-ਖਾਸ ਸਾਥੀਆਂ ਨਾਲ ਆਪਣੇ ਆਕਾ ਕੈਪਟਨ ਅਮਰਿੰਦਰ ਸਿੰਘ ਵਾਂਗ ਪਹਾੜਾਂ ਵੱਲ ਯਾਤਰਾ 'ਤੇ ਨਿਕਲੇ ਹੋਏ ਹਨ।
ਇਸ ਅਤਿ ਨਾਜ਼ੁਕ ਸਮੇਂ ਵਿਚ ਸ਼ਹਿਰ ਦੀ ਹਾਲਤ ਦੇਖ ਕੇ ਹੈਰਾਨੀ ਹੁੰਦੀ ਹੈ ਅਤੇ 'ਰੋਮ ਸੜ ਰਿਹਾ ਹੈ ਤੇ ਨੀਰੋ ਬੰਸਰੀ ਵਜਾ ਰਿਹਾ ਹੈ' ਵਾਲੀ ਕਹਾਵਤ ਵੀ ਚੇਤੇ ਆਉਂਦੀ ਹੈ। ਬੁੱਢਾ ਨਾਲਾ ਬਾਰਿਸ਼ ਹੋਣ ਕਾਰਨ ਉਛਲਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਿਰਫ ਦੋ ਦਿਨ ਹੀ ਮੀਂਹ ਪਿਆ ਹੈ ਅਤੇ ਬਰਸਾਤ ਦਾ ਪੂਰਾ ਸੀਜ਼ਨ ਅਜੇ ਬਾਕੀ ਹੈ। ਅੱਗੇ ਤਾਂ ਸਿਰਫ ਕੈਪਟਨ ਬਾਰੇ ਹੀ ਕਿਹਾ ਜਾਂਦਾ ਸੀ ਕਿ ਉਹ ਪੰਜਾਬ 'ਚ ਘੱਟ ਆਉਂਦੇ ਹਨ ਅਤੇ ਪਹਾੜਾਂ 'ਤੇ ਵੱਧ ਰਹਿੰਦੇ ਹਨ ਪਰ ਹੁਣ ਲੁਧਿਆਣਾ ਸ਼ਹਿਰ ਦਾ ਹਾਲ ਵੀ ਅਜਿਹਾ ਹੋ ਗਿਆ ਹੈ, ਇੰਝ ਲੱਗਦਾ ਹੈ ਜਿਵੇਂ ਇਨ੍ਹਾਂ ਮਹਾਰਥੀਆਂ ਨੂੰ ਵੀ ਆਪਣੇ ਆਕਾ ਦਾ ਪਾਹ ਚੜ੍ਹ ਗਿਆ ਹੋਵੇ।
ਜਿਹੋ ਜਿਹਾ ਰਾਜਾ ਉਹੋ ਜਿਹੀ ਫੌਜ : ਵਿਧਾਇਕ ਬੈਂਸ
ਇਸ ਸਬੰਧੀ ਜਦੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਮਹਾਰਾਜਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਮਹਿਮਾਨਾਂ ਨਾਲ ਪਹਾੜਾਂ ਦੀਆਂ ਵਾਦੀਆਂ 'ਚ ਨਜ਼ਾਰੇ ਲੈਂਦੇ ਹਨ ਤਾਂ ਫੌਜ ਕਿਹੜਾ ਘੱਟ ਗੁਜ਼ਾਰੇਗੀ।
