ਕੈਪਟਨ ਤੇ ਆਸ਼ਾ ਕੁਮਾਰੀ ਨੇ ਕੱਟਵਾਈ ਮੇਰੀ ਟਿਕਟ : ਨਵਜੋਤ ਕੌਰ ਸਿੱਧੂ (ਦੇਖੋ ਵੀਡੀਓ)

Monday, May 13, 2019 - 11:27 PM (IST)

ਅੰਮ੍ਰਿਤਸਰ (ਸੁਮਿਤ ਖੰਨਾ)- ਕੈਪਟਨ ਅਮਰਿੰਦਰ ਸਿੰਘ ਸਾਡੇ ਛੋਟੇ ਕੈਪਟਨ ਨੇ ਜਦਕਿ ਵੱਡੇ ਕੈਪਟਨ ਰਾਹੁਲ ਗਾਂਧੀ ਹਨ। ਇਹ ਕਹਿਣਾ ਹੈ ਕਾਂਗਰਸੀ ਵਿਧਾਇਕ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ। ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦੀ ਗੈਰ-ਹਾਜਰੀ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਛੋਟੇ ਕੈਪਟਨ ਨੇ ਜਦਕਿ ਵੱਡੇ ਕੈਪਟਨ ਰਾਹੁਲ ਗਾਂਧੀ ਹਨ, ਜਦ ਸਾਡੇ ਛੋਟੇ ਕੈਪਟਨ ਨੇ ਕਹਿ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤ ਰਹੇ ਹਾਂ ਤਾਂ ਹੋਰ ਸੀਟਾਂ ਦੀ ਉਨ੍ਹਾਂ ਨੂੰ ਕੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਸ਼ਾ ਕੁਮਾਰੀ ਸਾਡੇ ਸਟਾਰ ਪ੍ਰਚਾਰਕ ਹਨ।

ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਜਦ ਆਸ਼ਾ ਕੁਮਾਰੀ ਤੇ ਕੈਪਟਨ ਅਮਰਿੰਦਰ ਸਿੰਘ ਇਹ ਸੋਚਦੇ ਹਨ ਕਿ ਮੈਡਮ ਸਿੱਧੂ ਇਨ੍ਹਾਂ ਸਮਰੱਥ ਹੀ ਨਹੀਂ ਹਨ ਕਿ ਉਨ੍ਹਾਂ ਨੂੰ ਇਕ ਟਿਕਟ ਵੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਆਸ਼ਾ ਕੁਮਰੀ ਨੇ ਇਹ ਕਹਿ ਕੇ ਮੇਰੀ ਟਿਕਟ ਕੱਟਵਾ ਦਿੱਤੀ ਕਿ ਅੰਮ੍ਰਿਤਸਰ ਵਿਚ ਵਾਪਰੇ ਦੁਸਹਿਰਾ ਹਾਦਸੇ ਕਾਰਨ ਮੈਡਮ ਸਿੱਧੂ ਅੰਮ੍ਰਿਤਸਰ ਤੋਂ ਜਿੱਤ ਨਹੀਂ ਸਕਦੇ। ਮੈਡਮ ਸਿੱਧੂ ਨੇ ਕਿਹਾ ਕਿ ਜਦ ਇਹ ਆਗੂ ਸੋਚਦੇ ਹੀ ਨਹੀਂ ਕਿ ਅਸੀਂ ਪੰਜਾਬ ਦਾ ਭਲਾ ਕਰ ਸਕਦੇ ਹਾਂ ਤਾਂ ਫਿਰ ਉਨ੍ਹਾਂ ਲਈ ਕਰਨ ਦਾ ਵੀ ਕੀ ਫਾਇਦਾ। ਪੰਜਾਬ ਲਈ ਚੋਣ ਪ੍ਰਚਾਰ ਹੁਣ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਸ਼ਾ ਕੁਮਾਰੀ ਤੇ ਹੋਰ ਮੰਤਰੀ ਕਰਨਗੇ ਜਦਕਿ ਸਿੱਧੂ ਸਾਹਿਬ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਹੁਕਮਾਂ ਮੁਤਾਬਕ ਪੰਜਾਬ ਤੋਂ ਬਾਹਰ ਚੋਣ ਪ੍ਰਚਾਰ ਕਰ ਰਹੇ ਹਨ।

ਜਦ ਉਨ੍ਹਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਵਿਰੋਧੀ ਸਿਆਸੀ ਆਗੂ ਜੋ ਦੋਸ਼ ਲਗਾ ਰਹੇ ਹਨ ਕਿ ਸਿੱਧੂ ਤੇ ਕੈਪਟਨ ਦੀ ਆਪਸ ਵਿਚ ਖੜਕ ਗਈ ਹੈ ਤਾਂ ਇਸ ਬਾਰੇ ਪ੍ਰਤਿਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਅਜਿਹੀ ਆਦਤ ਹੈ। ਵਿਰੋਧੀ ਤਾਂ ਚਾਹੁੰਦੇ ਹਨ ਕਿ ਅਜਿਹਾ ਹੋਵੇ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਅਸੀਂ ਕੈਪਟਨ ਸਾਹਿਬ ਦੀ ਇੱਜਤ ਕਰਦੇ ਹਾਂ ਉਹ ਸਾਡੇ ਪਟਿਆਲਾ ਦੇ ਹਨ। ਜਿਨ੍ਹਾਂ ਨਾਲ ਅਸੀਂ ਕਦੇ ਵੀ ਲੜ ਨਹੀਂ ਸਕਦੇ ਤੇ ਨਾ ਹੀ ਸਿੱਧੂ ਪਰਿਵਾਰ ਕਦੇ ਵੀ ਅਜਿਹੀ ਕੋਈ ਗੱਲ ਕਰੇਗਾ, ਜੋ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਹੋਵੇਗੀ।

 

 


author

DILSHER

Content Editor

Related News