...ਤਾਂ ਕੈਪਟਨ ਤੇ ਸਿੱਧੂ ਦੀ ਜ਼ਿੱਦ ਪੂਰੀ ਕਰਨ ਲਈ ਪੰਜਾਬ ਭਵਨ ''ਚ ਰੱਖੀ ਗਈ ਸੀ ''ਟੀ ਪਾਰਟੀ''
Saturday, Jul 24, 2021 - 12:56 PM (IST)
ਲੁਧਿਆਣਾ (ਹਿਤੇਸ਼) : ਭਾਵੇਂ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਿਯੰਕਾ ਗਾਂਧੀ ਦਾ ਫੋਨ ਆਉਣ ਤੋਂ ਬਾਅਦ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਰੋਹ 'ਚ ਸ਼ਾਮਲ ਹੋਣ ਦੀ ਹਾਮੀ ਭਰਨ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਪਰ ਇਸ ਦੇ ਨਾਲ ਹੀ ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਕੈਪਟਨ ਵੱਲੋਂ ਸਿੱਧਾ ਕਾਂਗਰਸ ਭਵਨ ਜਾਣ ਦੀ ਬਜਾਏ ਪਹਿਲਾਂ ਪੰਜਾਬ ਭਵਨ 'ਚ ਟੀ ਪਾਰਟੀ ਕਿਉਂ ਰੱਖੀ ਗਈ। ਇਸ ਨੂੰ ਲੈ ਕੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਕੈਪਟਨ ਅਤੇ ਸਿੱਧੂ ਦੀ ਜ਼ਿੱਦ ਪੂਰੀ ਕਰਨ ਲਈ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਸਿੱਧੂ' ਨੇ ਆਪਣੇ ਭਾਸ਼ਣ 'ਚ ਇਕ ਵਾਰ ਵੀ ਨਹੀਂ ਲਿਆ ਮੁੱਖ ਮੰਤਰੀ ਦਾ ਨਾਂ
ਪ੍ਰਧਾਨ ਬਣਨ ਤੋਂ ਪਹਿਲਾਂ ਅਤੇ ਬਾਅਦ ਚੰਡੀਗੜ੍ਹ 'ਚ ਰਹਿਣ ਦੇ ਬਾਵਜੂਦ ਨਾ ਤਾਂ ਸਿੱਧੂ ਵੱਲੋਂ ਕੈਪਟਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਕੈਪਟਨ ਨੇ ਉਨ੍ਹਾਂ ਨੂੰ ਵਧਾਈ ਦੇਣਾ ਜ਼ਰੂਰੀ ਸਮਝਿਆ, ਸਗੋਂ ਕੈਪਟਨ ਨੇ ਇਹ ਸੰਦੇਸ਼ ਦੇ ਦਿੱਤਾ ਕਿ ਜਦੋਂ ਤੱਕ ਸਿੱਧੂ ਉਨ੍ਹਾਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈ ਕੇ ਮੁਆਫ਼ੀ ਨਹੀਂ ਮੰਗਦੇ, ਉਹ ਮੁਲਾਕਾਤ ਨਹੀਂ ਕਰਨਗੇ। ਇਸ ਸਟੈਂਡ ਦਾ ਕਈ ਮੰਤਰੀਆਂ ਅਤੇ ਵਿਧਾਇਕਾਂ ਨੇ ਵਿਰੋਧ ਕੀਤਾ ਅਤੇ ਖੁੱਲ੍ਹੇਆਮ ਸਿੱਧੂ ਨਾਲ ਖੜ੍ਹੇ ਹੋ ਗਏ।
ਇਸ ਦਾ ਨਤੀਜਾ ਇਹ ਹੋਇਆ ਕਿ ਕੈਪਟਨ ਦੀ ਨਾਰਾਜ਼ਗੀ ਦੂਰ ਕੀਤੇ ਬਿਨਾ ਤਾਜਪੋਸ਼ੀ ਸਮਾਰੋਹ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ। ਇੱਥੇ ਆਪਣੀ ਗੈਰ ਮੌਜੂਦਗੀ 'ਚ ਇੰਨੀ ਵੱਡੀ ਗਿਣਤੀ 'ਚ ਸਿੱਧੂ ਨਾਲ ਚੱਲ ਰਹੇ ਵਿਧਾਇਕਾਂ ਵੱਲੋਂ ਅਗਵਾਈ 'ਚ ਬਦਲਾਅ ਕਰਨ ਦੀ ਮੰਗ ਕਰਨ ਦਾ ਡਰ ਤਾਂ ਕੈਪਟਨ ਨੂੰ ਸਤਾ ਹੀ ਰਿਹਾ ਸੀ। ਹਾਈਕਮਾਨ ਵੱਲੋਂ ਵੀ ਕੈਪਟਨ ਦੇ ਨਾ ਜਾਣ 'ਤੇ ਕਿਰਕਿਰੀ ਹੋਣ ਦੇ ਡਰ ਨਾਲ ਉਨ੍ਹਾਂ 'ਤੇ ਤਾਜਪੋਸ਼ੀ ਸਮਾਰੋਹ 'ਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਗਿਆ।
ਇਸ 'ਤੇ ਕੈਪਟਨ ਦੇ ਤੇਵਰ ਕੁੱਝ ਨਰਮ ਤਾਂ ਹੋਏ ਪਰ ਕੈਪਟਨ ਅਤੇ ਸਿੱਧੂ ਦੀ ਜ਼ਿੱਦ ਇਕ ਵਾਰ ਫਿਰ ਸਾਹਮਣੇ ਆਈ। ਇਸ ਤਹਿਤ ਸਿੱਧੂ ਨੇ ਖ਼ੁਦ ਜਾਣ ਦੀ ਬਜਾਏ ਕਾਰਜਕਾਰੀ ਪ੍ਰਧਾਨਾਂ ਦੇ ਹੱਥ ਲਿਖਤੀ 'ਚ ਸੱਦਾ ਭੇਜਿਆ। ਇਸ ਦੇ ਮੱਦੇਨਜ਼ਰ ਇਹ ਫਾਰਮੂਲਾ ਕੱਢਿਆ ਗਿਆ ਕਿ ਕੈਪਟਨ ਵੱਲੋਂ ਪੰਜਾਬ ਭਵਨ 'ਚ ਟੀ-ਪਾਰਟੀ ਰੱਖ ਕੇ ਵਿਧਾਇਕਾਂ ਨੂੰ ਬੁਲਾ ਕੇ ਇਹ ਸੰਦੇਸ਼ ਦਿੱਤਾ ਜਾਵੇ ਕਿ ਉਨ੍ਹਾਂ ਖ਼ਿਲਾਫ਼ ਬਗਾਵਤ ਨਹੀਂ ਹੋ ਰਹੀ ਹੈ ਅਤੇ ਉਸੇ ਥਾਂ ਸਿੱਧੂ ਦੇ ਆਉਣ ਨਾਲ ਕੈਪਟਨ ਦੀ ਉਨ੍ਹਾਂ ਕੋਲ ਆ ਕੇ ਸੱਦਾ ਦੇਣ ਦੀ ਜ਼ਿੱਦ ਵੀ ਪੂਰੀ ਹੋ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ