ਕਾਰਪੋਰੇਟ ਘਰਾਣਿਆਂ ਨਾਲ ਯਾਰੀ ਤੋੜਨ ਦੇ ਹੱਕ 'ਚ ਨਹੀਂ ਕੈਪਟਨ: ਮਲੂਕਾ
Wednesday, Nov 18, 2020 - 05:08 PM (IST)
ਭਗਤਾ ਭਾਈ (ਪਰਮਜੀਤ ਢਿੱਲੋਂ): ਅੱਜ ਪੰਜਾਬ ਦੇ ਮੁੱਖ ਪੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਜੋ ਉਸ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਬਗੈਰ ਪੰਜਾਬ ਦਾ ਸਰਦਾ ਨਹੀਂ। ਇੱਕ ਪਾਸੇ ਪੰਜਾਬ ਦੇ ਕਿਸਾਨ ਦਾ ਸਾਥ ਦੇਣ ਦੀ ਗੱਲ ਕਰ ਰਹੇ ਹਨ, ਤੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨਾਲ ਵੀ ਯਾਰੀ ਛੱਡਣੀ ਨਹੀਂ ਚਾਹੁੰਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਕੈਪਟਨ ਸਰਕਾਰ ਵਲੋਂ ਅਨਾਜ ਮੰਡੀਆਂ ਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਝੋਨਾ ਜ਼ਿਆਦਾ ਆ ਗਿਆ ਹੈ। ਇਸ ਕਰਕੇ ਮੰਡੀਆਂ ਬੰਦ ਕੀਤੀਆਂ ਹਨ।
ਯੂਰੀਆ ਖਾਦ ਸੰਬਧੀ ਮਲੂਕਾ ਨੇ ਕਿਹਾ ਕਿ ਯੂਰੀਆ ਰੇਲ ਗੱਡੀਆਂ ਬੰਦ ਹੋਣ ਕਾਰਨ ਨੰਗਲ ਅਤੇ ਬਠਿੰਡਾ ਦੇ ਕਾਰਖਾਨਿਆਂ ਵਿੱਚ ਬੇਹੱਦ ਪਈ ਹੈ। ਇਸ ਖਾਦ ਨੂੰ ਟਰੱਕਾਂ ਰਾਹੀਂ ਪੰਜਾਬ ਦੇ ਲੋਕਾਂ 'ਚ ਪਹੁੰਚਾਓ, ਜਾਂ ਫ਼ਿਰ ਹਰਿਆਣਾ ਦੀ ਸ਼ਰਾਬ ਵਾਂਗ ਕਾਂਗਰਸੀ ਆਪਣੇ ਹੀ ਲੀਡਰਾਂ ਰਾਹੀਂ ਬਲੈਕ 'ਚ ਵੇਚਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਜਲਦੀ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਅਤੇ ਕਿਸਾਨਾਂ ਦੇ ਚੱਲ ਰਹੇ ਵੱਡੇ ਸੰਘਰਸ਼ ਸਬੰਧੀ ਗੱਲ ਕਰਕੇ ਮਸਲੇ ਦਾ ਹੱਲ ਕਰਵਾਉਣ, ਕਿਉਂਕਿ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਬੜਾ ਨੇੜਲਾ ਰਿਸ਼ਤਾ ਹੁੰਦਾ ਹੈ ਤੇ ਸੂਬਿਆਂ ਦੇ ਮਸਲਿਆਂ ਪ੍ਰਤੀ ਦੂਜੇ ਤੀਜੇ ਦਿਨ ਗੱਲਬਾਤ ਹੁੰਦੀ ਰਹਿੰਦੀ ਹੈ। ਇਹ ਪ੍ਰਧਾਨ ਮੰਤਰੀ ਨੂੰ ਮਿਲਣਾ ਮੰਤਰੀਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਮਲੂਕਾ ਨੇ ਪੰਜਾਬ ਮਸਲੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਮੁੱਖ ਮੰਤਰੀ ਜੀ ਨੂੰ ਕਰਦਿਆਂ ਕਿਹਾ ਕਿ ਤੁਸੀਂ ਅੱਗੇ ਹੋ ਕੇ ਇਸ ਕੰਮ ਲਈ ਪਹਿਲ ਕਦਮੀ ਕਰੋ ਨਹੀਂ ਤਾਂ ਪੰਜਾਬ ਨੂੰ ਜੋ 2-3 ਮਹੀਨਿਆਂ ਵਿੱਚ ਮਿਲਣ ਵਾਲੇ ਵੱਲੇ ਪ੍ਰਾਜੈਕਟਰ ਨੈਸ਼ਨਲ ਹਾਈਵੇਅ/ਐਕਸ ਪ੍ਰੈੱਸ ਹਾਈਵੇਅ ਵੀ ਸਾਡੇ ਹੱਥੋਂ ਨਿਕਲ ਜਾਣੇ ਨੇ। ਜੇ ਜਲਦੀ ਮੁੱਖ ਮੰਤਰੀ ਨੇ ਮੌਕਾ ਨਾ ਸੰਭਾਲਿਆ ਤਾਂ ਪੰਜਾਬ ਦੇ ਕਿਸਾਨ ਦਾ ਵੀ ਨੁਕਸਾਨ ਹੋ ਜਾਣਾ ਹੈ ਤੇ ਕੋਈ ਪ੍ਰਾਜੈਕਟ ਵੀ ਨਹੀਂ ਮਿਲਣੇ ਤੇ ਵਪਾਰੀ ਵੀ ਨਹੀਂ ਰਹਿਣਾ। ਜਿਸ ਦੀ ਜ਼ਿੰਮੇਵਾਰੀ ਪੰਜਾਬ ਦੀ ਕਾਂਗਰਸ ਸਰਕਾਰ ਦੀ ਹੋਵੇਗੀ। ਇਸ ਸਮੇਂ ਜਗਮੋਹਨ ਲਾਲ ਭਗਤਾ, ਮਨਜੀਤ ਸਿੰਘ ਧੁੰਨਾ ਚੇਅਰਮੈਨ, ਸੁਖਮੰਦਰ ਸਿੰਘ ਸਾਬਕਾ ਸਰਪੰਚ, ਜਥੇਦਾਰ ਫੂੰਮਣ ਸਿੰਘ, ਮੇਵਾ ਸਿੰਘ ਸਰਕਲ ਪ੍ਰਧਾਨ, ਸੁਖਜਿੰਦਰ ਸਿੰਘ ਸਰਕਲ ਪ੍ਰਧਾਨ ਯੂਥ ਵਿੰਗ, ਰਾਕੇਸ਼ ਕੁਮਾਰ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ,ਪਿੰਦਰ ਬਰਾੜ ਸਾਬਕਾ ਪ੍ਰਧਾਨ, ਰਾਮ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।