ਮੋਹਾਲੀ ''ਚ ''ਕੈਪਟਨ'' ਦੀ ਤਸਵੀਰ ''ਤੇ ਮਲੀ ਗਈ ਕਾਲਖ਼, ਮਾਮਲਾ ਪੁੱਜਾ ਥਾਣੇ
Tuesday, Dec 15, 2020 - 08:54 AM (IST)
 
            
            ਮੋਹਾਲੀ (ਪਰਦੀਪ) : ਬਲੌਂਗੀ ਦੇ ਨੇੜੇ ਪੈਂਦੇ ਸਮਸ਼ਾਨਘਾਟ ਵਾਲੇ ਪਾਸੇ ਸੜਕ ’ਤੇ ਲੱਗੇ ਹੋਰਡਿੰਗ ਅਤੇ ਇਸ਼ਤਿਹਾਰੀ ਬੋਰਡ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ’ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਕਾਲੀ ਸਿਆਹੀ ਫੇਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਸਾਬਕਾ ਕਾਂਗਰਸੀ ਕੌਂਸਲਰ ਕੁਲਜੀਤ ਸਿੰਘ ਬੇਦੀ ਅਤੇ ਹੋਰਨਾਂ ਵੱਲੋਂ ਫੇਜ਼ ਥਾਣਾ-1 ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੂੰ ਪੱਤਰ ਲਿਖ ਕੇ ਸ਼ਹਿਰ 'ਚ ਹੋਰਡਿੰਗਾਂ ਅਤੇ ਇਸ਼ਤਿਹਾਰੀ ਬੋਰਡਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ’ਤੇ ਲਗਾਈ ਗਈ ਸਿਆਹੀ ਸਬੰਧੀ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਰਵਾਈ ਕਰਵਾਉਣ ਲਈ ਸ਼ਿਕਾਇਤ ਦਿੱਤੀ ਗਈ ਹੈ।
ਬੇਦੀ ਅਤੇ ਹੋਰਨਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਸ਼ਹਿਰ 'ਚ ਅਜਿਹੇ ਬੋਰਡਾਂ ਨਾਲ ਛੇੜਛਾੜ ਕਰ ਕੇ ਸ਼ਰਾਰਤੀ ਅਨਸਰ ਮੋਹਾਲੀ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਫਿਰਾਕ 'ਚ ਹਨ ਅਤੇ ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਫੇਜ਼-1 ਥਾਣੇ ਦੇ ਐਸ. ਐਚ. ਓ. ਮਨਫੂਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਬਲੌਂਗੀ ਸਮਸ਼ਾਨਘਾਟ ਦੇ ਨੇੜੇ ਲੱਗੇ ਇਸ਼ਤਿਹਾਰੀ ਬੋਰਡ, ਜਿਸ ’ਤੇ ‘ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਨਾਲ’ ਸਲੋਗਨ ਲਿਖਿਆ ਹੋਇਆ ਹੈ ਅਤੇ ਇਥੇ ਲੱਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕੀਤੇ ਜਾਣ ਖ਼ਿਲਾਫ਼ ਸ਼ਿਕਾਇਤ ਮਿਲੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ
ਪੁਲਸ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਕੇ ਕਰਵਾਈ ਕੀਤੀ ਜਾਵੇਗੀ। 
ਨੋਟ : ਸ਼ਰਾਰਤੀ ਅਨਸਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ 'ਤੇ ਸਿਆਹੀ ਫੇਰਨ ਦੇ ਮਾਮਲੇ ਸਬੰਧੀ ਦਿਓ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            