ਕੈਪਟਨ ਤੇ ਉਨ੍ਹਾਂ ਦੇ ਬੇਟੇ ਨੂੰ ਹਾਈਕੋਰਟ ਦਾ ਝਟਕਾ, ਨੋਟਿਸ ਜਾਰੀ
Tuesday, Apr 02, 2019 - 09:17 AM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮਦਨ ਨਾਲ ਸਬੰਧਿਤ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਸੋਮਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਆਮਦਨ ਟੈਕਸ ਵਿਭਾਗ ਦੇ ਵਕੀਲ ਚੇਤਨ ਮਿੱਤਲ ਨੇ ਦੱਸਿਆ ਕਿ ਜਸਟਿਸ ਰਾਜਬੀਰ ਸਹਿਰਾਵਤ ਦੀ ਅਦਾਲਤ ਨੇ ਕੈਪਟਨ ਅਤੇ ਰਣਇੰਦਰ ਸਿੰਘ ਨੂੰ 25 ਅਪ੍ਰੈਲ ਨੂੰ ਸੁਣਵਾਈ ਲਈ ਨੋਟਿਸ ਜਾਰੀ ਕੀਤਾ ਹੈ। ਆਮਦਨ ਟੈਕਸ ਵਿਭਾਗ ਨੇ ਲੁਧਿਆਣਾ ਦੀ ਅਦਾਲਤ ਦੇ ਨਵੰਬਰ, 2018 ਦੇ ਹੁਕਮਾਂ ਦੇ ਖਿਲਾਫ ਹਾਈਕੋਰਟ 'ਚ ਅਪੀਲ ਕੀਤੀ ਹੈ।
ਜਾਣੋ ਕੀ ਹੈ ਮਾਮਲਾ
ਲੁਧਿਆਣਾ ਦੀ ਅਦਾਲਤ ਨੇ ਇਸ ਮਾਮਲੇ 'ਚ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਨੂੰ ਪੇਸ਼ ਹੋਣ ਸਬੰਧੀ ਜਾਰੀ ਸੰਮਨ ਨੂੰ ਰੱਦ ਕਰ ਦਿੱਤਾ ਸੀ। ਹੇਠਲੀ ਅਦਾਲਤ ਨੇ ਦੋਹਾਂ ਨੂੰ ਸੁਣਵਾਈ ਲਈ ਨਿਜੀ ਤੌਰ 'ਤੇ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਸੀ। ਦੋਹਾਂ 'ਤੇ ਗਲਤ ਬਿਆਨਬਾਜ਼ੀ ਅਤੇ ਆਮਦਨ ਟੈਕਸ ਵਿਭਾਗ ਨੂੰ ਜਾਣਬੁੱਝ ਕੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਵਿਭਾਗ ਨੇ 2016 'ਚ ਲੁਧਿਆਣਾ ਦੀ ਇਕ ਅਦਾਲਤ 'ਚ ਦੋਹਾਂ ਦੇ ਖਿਲਾਫ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਸੀ।