ਮੁੱਖ ਮੰਤਰੀ ਨੇ ਡਾ. ਕਰਨ ਸਿੰਘ ਨੂੰ 90ਵੇਂ ਜਨਮਦਿਨ ''ਤੇ ਦਿੱਤੀ ਵਧਾਈ

03/09/2021 2:39:36 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਸਿਆਸਤਦਾਨ ਡਾ. ਕਰਨ ਸਿੰਘ ਦੇ 90ਵੇਂ ਜਨਮਦਿਨ 'ਤੇ ਦਿਲੀ ਵਧਾਈ ਦਿੰਦਿਆਂ ਉਨ੍ਹਾਂ ਦੀ ਸਿਹਤਯਾਬੀ ਅਤੇ ਖੁਸ਼ਹਾਲ ਜ਼ਿੰਦਗੀ ਲਈ ਕਾਮਨਾ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੁਸ਼ੀ ਦੇ ਇਸ ਮੌਕੇ ਡਾ. ਕਰਨ ਸਿੰਘ ਨੂੰ ਟਵੀਟ ਕੀਤਾ,''ਤੁਸੀਂ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੋ ਅਤੇ ਪਰਮਾਤਮਾ ਤਹਾਨੂੰ ਚੰਗੀ ਸਿਹਤ ਅਤੇ ਖੁਸ਼ੀ ਭਰਿਆ ਲੰਮੇਰਾ ਜੀਵਨ ਬਖਸ਼ੇ।''

ਇਹ ਦੱਸਣਯੋਗ ਹੈ ਕਿ ਮਹਾਰਾਜਾ ਡਾ. ਕਰਨ ਸਿੰਘ ਭਾਰਤੀ ਸਿਆਸਤ, ਸਮਾਜ ਸੇਵਾ ਅਤੇ ਕਵਿਤਾ ਦੀ ਮੰਨੀ-ਪ੍ਰਮੰਨੀ ਸ਼ਖਸੀਅਤ ਹਨ। ਕੈਪਟਨ ਅਮਰਿੰਦਰ ਸਿੰਘ ਦਾ ਡਾ. ਕਰਨ ਸਿੰਘ ਦੇ ਪਰਿਵਾਰ ਨਾਲ ਗੂੜ੍ਹਾ ਰਿਸ਼ਤਾ ਹੈ ਕਿਉਂ ਜੋ ਉਨ੍ਹਾਂ ਦੀ ਪੋਤਰੀ ਮ੍ਰਿਗਯੰਕਾ ਸਿੰਘ, ਮੁੱਖ ਮੰਤਰੀ ਦੇ ਪੜਦੋਹਤੇ ਨਿਰਵਾਣ ਸਿੰਘ ਨਾਲ ਵਿਆਹੀ ਹੋਈ ਹੈ। ਜੰਮੂ-ਕਸ਼ਮੀਰ ਰਿਆਸਤ ਦੇ ਆਖ਼ਰੀ ਰਾਜਾ ਮਹਾਰਾਜਾ ਹਰੀ ਸਿੰਘ ਦੇ ਪੁੱਤਰ ਡਾ. ਕਰਨ ਸਿੰਘ ਨੇ ਚੜ੍ਹਦੀ ਉਮਰ ਵਿੱਚ ਭਾਰਤੀ ਗਣਤੰਤਰ ਦੀ ਸਥਾਪਨਾ ਦੌਰਾਨ 1947 ਤੋਂ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਨਾਲ ਨੇੜਿਓਂ ਕੰਮ ਕੀਤਾ।

ਸਾਲ 1967 ਵਿੱਚ ਉਹ ਇੰਦਰਾ ਗਾਂਧੀ ਦੀ ਸਰਕਾਰ ਵਿੱਚ ਸਭ ਤੋਂ ਛੋਟੀ ਉਮਰ ਦੇ ਕੈਬਨਿਟ ਮੰਤਰੀ ਸਨ। ਉਹ ਸਾਲ 1952 ਤੱਕ ਜੰਮੂ-ਕਸ਼ਮੀਰ ਦੇ ਸ਼ਾਹੀ ਪ੍ਰਤੀਨਿਧ ਰਹੇ। ਇਸ ਤੋਂ ਬਾਅਦ 21 ਸਾਲ ਦੀ ਉਮਰ ਵਿੱਚ ਡਾ. ਕਰਨ ਸਿੰਘ ਨੇ 1952 ਤੋਂ 1965 ਤੱਕ ਜੰਮੂ ਕਸ਼ਮੀਰ ਸੂਬੇ ਦੇ ਪਹਿਲੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾਈ।
 


Babita

Content Editor

Related News