ਲਾਲ ਕਿਲ੍ਹੇ ਦੇ ਘਟਨਾਚੱਕਰ ਮਗਰੋਂ ''ਕੈਪਟਨ'' ਦਾ ਬਿਆਨ, ''ਕਿਸਾਨਾਂ ਨੂੰ ਬਦਨਾਮ ਨਾ ਕਰੋ''

Saturday, Jan 30, 2021 - 10:51 AM (IST)

ਲਾਲ ਕਿਲ੍ਹੇ ਦੇ ਘਟਨਾਚੱਕਰ ਮਗਰੋਂ ''ਕੈਪਟਨ'' ਦਾ ਬਿਆਨ, ''ਕਿਸਾਨਾਂ ਨੂੰ ਬਦਨਾਮ ਨਾ ਕਰੋ''

ਚੰਡੀਗੜ੍ਹ : 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ 'ਚ ਸਿੰਘੂ ਤੇ ਟਿੱਕਰੀ ਬਾਰਡਰ ਸਮੇਤ 15 ਥਾਵਾਂ ’ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਤੋਂ ਬਾਅਦ ਖ਼ਾਲਿਸਤਾਨੀ ਤੇ ਨਕਸਲਵਾਦੀ ਦੇ ਨਾਵਾਂ ਨਾਲ ਸੱਦਿਆ ਜਾਣ ਲੱਗਾ ਹੈ। ਕੀ ਇਹ ਲੋਕ ਖ਼ਾਲਿਸਤਾਨੀ ਜਾਂ ਫਿਰ ਨਕਸਲਵਾਦੀ ਹਨ, ਇਸ ਸਬੰਧੀ ‘ਜਗਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ, ਉਹ ਆਪਣੇ ਜੀਵਨ ਤੇ ਭਵਿੱਖ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਤੇ ਕੇਂਦਰ ਸਰਕਾਰ ਨੂੰ ਗੱਲਬਾਤ ਜਾਰੀ ਰੱਖਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਹੀ ਇਸ ਮਾਮਲੇ ਦਾ ਇਕੋ-ਇਕ ਹੱਲ ਹੈ। ਕੈਪਟਨ ਨੇ ਕਿਹਾ ਕਿ ਜਿਹੜੇ ਲੋਕ ਲਾਲ ਕਿਲ੍ਹੇ ਦੀ ਹਿੰਸਾ ’ਚ ਸ਼ਾਮਲ ਸਨ, ਉਹ ਅਸਲ 'ਚ ਕਿਸਾਨ ਨਹੀਂ ਸਨ। ਕੁੱਝ ਗੈਰ-ਸਮਾਜਿਕ ਅਨਸਰਾਂ ਨੇ ਅੰਦੋਲਨ 'ਚ ਘੁਸਪੈਠ ਕੀਤੀ ਸੀ। 

ਇਹ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ 'ਚ ਇਸ ਵਾਰ ਨਹੀਂ ਹੋਵੇਗਾ 'ਰੋਜ਼ ਫੈਸਟੀਵਲ', ਦੇਖਣ ਨੂੰ ਨਹੀਂ ਮਿਲੇਗੀ ਰੌਣਕ
ਕੀ ਤੁਹਾਨੂੰ ਲੱਗਦਾ ਹੈ ਕਿ ਲਾਲ ਕਿਲ੍ਹੇ ਦੀ ਹਿੰਸਾ, ਜਿਸ ਦੀ ਤੁਸੀਂ ਰਾਸ਼ਟਰ ਦੇ ਅਪਮਾਨ ਦੇ ਰੂਪ 'ਚ ਵੀ ਨਿੰਦਾ ਕੀਤੀ ਹੈ, ਨੇ ਕਿਸਾਨਾਂ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਅਤੇ ਉਨ੍ਹਾਂ ਦੇ ਅੰਦੋਲਨ ਨੂੰ ਇਕ ਖੇਦ ਭਰੀ ਸਥਿਤੀ 'ਚ ਲਿਆ ਦਿੱਤਾ ਹੈ?
ਇਸ ’ਤੇ ਮੁੱਖ ਮੰਤਰੀ ਨੇ ਕਿਹਾ–ਹਾਂ, ਇਹ ਘਟਨਾ ਸਾਡੇ ਸਾਰਿਆਂ ਲਈ ਸ਼ਰਮਨਾਕ ਹੈ, ਸਾਡੇ ਰਾਸ਼ਟਰ ਦਾ ਅਪਮਾਨ ਹੈ। ਆਜ਼ਾਦ ਭਾਰਤ ਦੇ ਪ੍ਰਤੀਕ ਨੂੰ ਨੁਕਸਾਨ ਪਹੁੰਚਾਉਣਾ ਅਤੇ ਕਮਜ਼ੋਰ ਕੀਤਾ ਜਾਣਾ ਕੋਈ ਅਜਿਹੀ ਗੱਲ ਨਹੀਂ, ਜਿਸ ’ਤੇ ਕੋਈ ਭਾਰਤੀ ਮਾਣ ਕਰ ਸਕਦਾ ਹੋਵੇ। ਇਹ ਅਸਲ 'ਚ ਸਾਡੇ ਪਵਿੱਤਰ ਨਿਸ਼ਾਨ ਸਾਹਿਬ ਦਾ ਵੀ ਅਪਮਾਨ ਹੈ, ਜੋ ਕੁੱਝ ਗੁੰਡਾ ਅਨਸਰਾਂ (ਉਹ ਕਿਸਾਨ ਨਹੀਂ ਹੋ ਸਕਦੇ ਸਨ) ਵੱਲੋਂ ਸ਼ਾਂਤੀਪੂਰਨ ਵਿਰੋਧ ਨੂੰ ਘੱਟ ਕਰਨ ਲਈ ਵਰਤੋਂ 'ਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪੰਜਾਬੀ ਦੇ ਰੂਪ 'ਚ ਮੈਂ ਆਪਣੇ ਉਸ ਭਾਈਚਾਰੇ ਵੱਲੋਂ ਅਪਮਾਨਿਤ ਮਹਿਸੂਸ ਕਰਦਾ ਹਾਂ, ਜੋ ਆਪਣੇ ਪੁੱਤਰਾਂ ਨੂੰ ਰਾਸ਼ਟਰ ਦੀਆਂ ਹੱਦਾਂ ਤੋਂ ਲਗਭਗ ਹਰ ਦੂਜੇ ਦਿਨ ਕੌਮੀ ਝੰਡੇ 'ਚ ਲਪੇਟ ਕੇ ਲਿਆ ਰਿਹਾ ਹੈ ਪਰ ਪੂਰੇ ਭਾਈਚਾਰੇ ਨੂੰ ਬਦਨਾਮ ਕਰਨਾ ਗਲਤ ਹੋਵੇਗਾ, ਜਿਸ ਦੀ ਦੇਸ਼ ਭਗਤੀ ’ਤੇ ਕਦੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਸਾਨਾਂ ਨੂੰ ਬਦਨਾਮ ਕਰਨਾ ਵੀ ਗਲਤ ਹੋਵੇਗਾ, ਜੋ ਪਹਿਲਾਂ ਪੰਜਾਬ 'ਚ ਅਤੇ ਫਿਰ ਦਿੱਲੀ ਦੀਆਂ ਹੱਦਾਂ ’ਤੇ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਪਰੇਸ਼ਾਨੀ ਦੇ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਹ ਉਨ੍ਹਾਂ ਬਹੁਤ ਸਾਰੇ ਕਿਸਾਨਾਂ ਦੇ ਪੁੱਤਰ ਹਨ, ਜੋ ਸਾਡੇ ਦੇਸ਼ ਦੀਆਂ ਹੱਦਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜਿਹੜੇ ਲੋਕ ਲਾਲ ਕਿਲ੍ਹੇ ਦੀ ਹਿੰਸਾ 'ਚ ਸ਼ਾਮਲ ਸਨ, ਉਹ ਅਸਲ 'ਚ ਕਿਸਾਨ ਨਹੀਂ ਸਨ। ਕੁੱਝ ਗੈਰ-ਸਮਾਜਿਕ ਅਨਸਰਾਂ ਨੇ ਇਸ ਅੰਦੋਲਨ 'ਚ ਘੁਸਪੈਠ ਕੀਤੀ ਸੀ। ਉਨ੍ਹਾਂ 'ਚੋਂ ਕੁੱਝ ਦੀ ਪਛਾਣ ਕਰ ਲਈ ਗਈ ਹੈ, ਜਿਵੇਂ ਕਿ ਅਭਿਨੇਤਾ ਦੀਪ ਸਿੱਧੂ, ਜਿਸ ਨੂੰ ਦਿੱਲੀ ਪੁਲਸ ਨੇ ਪ੍ਰਮੁੱਖ ਮੁਲਜ਼ਮ ਦੇ ਰੂਪ 'ਚ ਨਾਮਜ਼ਦ ਕੀਤਾ ਹੈ। ਇਸ ਲਈ ਇਸ ਘਟਨਾ ਨਾਲ ਕਿਸਾਨਾਂ ਦੇ ਅੰਦੋਲਨ ਲਈ ਕੁੱਝ ਆਰਜ਼ੀ ਨਤੀਜੇ ਹੋ ਸਕਦੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਕਿਸਾਨ ਅੰਦੋਲਨ ਨੂੰ ਕੋਈ ਗੰਭੀਰ ਨੁਕਸਾਨ ਹੋ ਸਕਦਾ ਹੈ। ਉਹ ਆਪਣੀ ਹੋਂਦ ਲਈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਵੱਕਾਰ ਦਾ ਸਵਾਲ ਨਹੀਂ, ਸਗੋਂ ਹੋਂਦ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਪੂਰਾ ਭਵਿੱਖ ਦਾਅ ’ਤੇ ਹੈ ਅਤੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਖ਼ਤਰੇ 'ਚ ਹੈ।

ਇਹ ਵੀ ਪੜ੍ਹੋ : ਅੰਦੋਲਨ 'ਚ ਨਵੀਂ ਰੂਹ ਫੂਕਣ ਲਈ ਕਿਸਾਨਾਂ ਦਾ ਅਹਿਮ ਐਲਾਨ, ਪਿੰਡਾਂ 'ਚ ਜਾਰੀ ਹੋਏ ਦਿਸ਼ਾ-ਨਿਰਦੇਸ਼

ਕੀ ਤੁਹਾਨੂੰ ਲੱਗਦਾ ਹੈ ਕਿ ਬਦਲੇ ਹੋਏ ਮਾਹੌਲ ਨੂੰ ਦੇਖਦਿਆਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੇ ਕੇਂਦਰ ਦੇ ਪ੍ਰਸਤਾਵ ਨੂੰ ਫੇਸ-ਸੇਵਰ ਦੇ ਰੂਪ 'ਚ ਸਵੀਕਾਰ ਕਰਨਾ ਚਾਹੀਦਾ ਹੈ? 
ਇਸ ’ਤੇ ਕੈਪਟਨ ਨੇ ਕਿਹਾ ਕਿ ਇਹ ਇਕ ਬਹੁਤ ਹੀ ਇਕ-ਪਾਸੜ ਨਜ਼ਰੀਆ ਹੈ। ਕਿਸਾਨ ਕੋਈ ਭੀਖ ਨਹੀਂ ਮੰਗ ਰਹੇ, ਉਹ ਆਪਣੇ ਹੱਕ ਲਈ ਲੜ ਰਹੇ ਹਨ। ਇਸ ਲਈ ਕੇਂਦਰ ਦੀ ਐਡਜਸਟਮੈਂਟ ਜਾਂ ਕਿਸਾਨਾਂ ਵੱਲੋਂ ਸਵੀਕਾਰ ਨਾ ਕੀਤੇ ਜਾਣ ਦਾ ਕੋਈ ਸਵਾਲ ਨਹੀਂ। ਕਿਸੇ ਵੀ ਸਿਆਸੀ ਪਾਰਟੀ ਦਾ ਇਸ ਮਾਮਲੇ 'ਚ ਕੁੱਝ ਕਹਿਣਾ ਨਹੀਂ ਅਤੇ ਕੁੱਝ ਵਰਗਾਂ ਵੱਲੋਂ ਇਸ ਗਿਣਤੀ ਬਾਰੇ ਫੈਲਾਏ ਗਏ ਝੂਠ ਤੋਂ ਉਲਟ ਕੋਈ ਵੀ ਕਿਸਾਨਾਂ ਨੂੰ ਨਿਰਦੇਸ਼ਿਤ ਨਹੀਂ ਕਰ ਸਕਦਾ। ਉਹ ਜਾਣਦੇ ਹਨ ਕਿ ਉਨ੍ਹਾਂ ਲਈ ਕੀ ਚੰਗਾ ਹੈ ਅਤੇ ਕੀ ਨਹੀਂ। ਇਹ ਕੋਈ ਵੱਕਾਰ ਦਾ ਸਵਾਲ ਨਹੀਂ, ਸਗੋਂ ਹੋਂਦ ਦਾ ਹੈ। ਮੈਂ ਕਿਸੇ ਨੂੰ ਕਿਵੇਂ ਕਹਿ ਸਕਦਾ ਹਾਂ ਕਿ ਉਹ ਆਪਣੇ ਭਵਿੱਖ ਤੇ ਆਪਣੀ ਰੋਜ਼ੀ-ਰੋਟੀ ਦੀ ਰਾਖੀ ਨਾ ਕਰੇ? ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਦੀ ਇਹ ਪਹਿਲੀ ਘਟਨਾ ਨਹੀਂ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਤੁਰੰਤ ਦਿੱਲੀ ਵਿਖੇ ਧਰਨਿਆਂ ਵਾਲੀ ਥਾਂ 'ਤੇ ਪੁੱਜਣ ਦਾ ਸੱਦਾ

ਕੀ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਲਾਲ ਕਿਲ੍ਹੇ ਵਾਲੀ ਘਟਨਾ ਦੀ ਵਰਤੋਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਕਰ ਰਹੀ ਹੈ? 
ਇਸ 'ਤੇ ਕੈਪਟਨ ਨੇ ਕਿਹਾ ਕਿ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਦੀ ਇਹ ਪਹਿਲੀ ਘਟਨਾ ਨਹੀਂ। ਉਹ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਅਜਿਹਾ ਵਾਰ-ਵਾਰ ਤੇ ਲਗਾਤਾਰ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਖ਼ਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਤੇ ਗੁੰਡਿਆਂ ਤੱਕ ਦੇ ਨਾਂ ਨਾਲ ਬੁਲਾਇਆ। ਕੀ ਇਹ ਕਿਸਾਨ ਅੱਤਵਾਦੀਆਂ ਜਾਂ ਵੱਖਵਾਦੀਆਂ ਵਾਂਗ ਨਜ਼ਰ ਆਉਂਦੇ ਹਨ? ਸੱਚ ਕਹਾਂ ਤਾਂ ਭਾਜਪਾ ਦੇ ਵੱਖ-ਵੱਖ ਆਗੂਆਂ ਦੇ ਤਾਜ਼ਾ ਬਿਆਨ ਪਾਰਟੀ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਸਿਰਫ ਇਕ ਹੋਰ ਯਤਨ ਹਨ। ਇਹ ਅਸਲ 'ਚ ਬਦਕਿਸਮਤੀ ਭਰਿਆ ਹੈ ਕਿ ਸੱਤਾਧਾਰੀ ਭਾਜਪਾ ਨੇ ਨਾ ਸਿਰਫ ਸੰਘਵਾਦ ਅਤੇ ਸਾਡੇ ਸੰਵਿਧਾਨ ਦੇ ਸਾਰੇ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ ਅਤੇ ਖ਼ੇਤੀ ਕਾਨੂੰਨਾਂ ਨੂੰ ਪਹਿਲੇ ਸਥਾਨ ’ਤੇ ਲਾਗੂ ਕੀਤਾ ਹੈ, ਸਗੋਂ ਲੋਕਤੰਤਰੀ ਢੰਗ ਨਾਲ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਆਪਣੀ ਸ਼ਕਤੀ ਦੀ ਵੀ ਵਰਤੋਂ ਕੀਤੀ ਹੈ। ਲਾਲ ਕਿਲ੍ਹੇ ਦੀ ਘਟਨਾ ਜੋ ਪੂਰੀ ਤਰ੍ਹਾਂ ਪ੍ਰਵਾਨਗੀ ਰਹਿਤ ਹੈ, ਦੀ ਕਾਂਗਰਸ ਸਮੇਤ ਹਰ ਸਿਆਣੇ ਵਿਅਕਤੀ ਨੇ ਨਿੰਦਾ ਕੀਤੀ ਹੈ ਪਰ ਭਾਜਪਾ ਕਿਸਾਨਾਂ ਦੇ ਦਰਦ ਨੂੰ ਸਮਝ ਨਹੀਂ ਸਕੀ, ਜੋ 2 ਮਹੀਨਿਆਂ ਤੋਂ ਕੜਾਕੇ ਦੀ ਠੰਡ 'ਚ ਦਿੱਲੀ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਕੀ ਭਾਜਪਾ ਉਨ੍ਹਾਂ ਦੇ ਅੱਥਰੂ ਨਹੀਂ ਦੇਖ ਸਕਦੀ? ਕੀ ਉਹ ਲਗਭਗ ਰੋਜ਼ਾਨਾ ਕਿਸਾਨਾਂ ਨੂੰ ਮਰਦਿਆਂ ਨਹੀਂ ਦੇਖ ਰਹੇ? ਜਾਂ ਉਹ ਆਪਣੇ ਹੰਕਾਰ 'ਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਉਨ੍ਹਾਂ ਨੂੰ ਕੁੱਝ ਵੀ ਨਜ਼ਰ ਨਹੀਂ ਆ ਰਿਹਾ? ਜੇ ਸੜਕਾਂ ’ਤੇ ਬੈਠੇ ਲੋਕ ਕਿਸਾਨ ਨਹੀਂ, ਸਗੋਂ ਅੱਤਵਾਦੀ ਹਨ ਤਾਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਚਰਚਾ ਕਰਨ ਲਈ ਉਨ੍ਹਾਂ ਨਾਲ 12 ਦੌਰ ਦੀ ਗੱਲਬਾਤ ਕਿਵੇਂ ਕੀਤੀ?

ਇਹ ਵੀ ਪੜ੍ਹੋ : ਟਰੈਕਟਰ ਪਰੇਡ ਤੋਂ ਪਰਤਦਿਆਂ 7 ਕਿਸਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ, ਰਿਹਾਅ ਕਰਨ ਦੀ ਮੰਗ

ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਕਿਸਾਨਾਂ ਨੂੰ ਖ਼ਾਲਿਸਤਾਨੀਆਂ ਤੇ ਨਕਸਲੀਆਂ ਦੇ ਰੂਪ 'ਚ ਬੁਲਾਇਆ ਜਾਣ ਲੱਗਾ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?

ਕੈਪਟਨ ਨੇ ਕਿਹਾ ਕਿ ਮੈਂ ਪਹਿਲਾਂ ਵਰਣਨ ਕੀਤਾ ਹੈ, ਭਾਜਪਾ ਵੱਲੋਂ ਕਿਸਾਨਾਂ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਿਸਾਨਾਂ ਨੂੰ ਹਰ ਤਰ੍ਹਾਂ ਦੇ ਤੁੱਛ ਨਾਵਾਂ ਜਿਵੇਂ ਖ਼ਾਲਿਸਤਾਨੀ, ਸ਼ਹਿਰੀ ਨਕਸਲੀ ਆਦਿ ਨਾਲ ਬੁਲਾਇਆ ਜਾ ਰਿਹਾ ਹੈ ਪਰ ਫਿਰ ਵੀ ਉਹ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇ ਤਾਂ ਉਨ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ, ਕਿਸਾਨਾਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਦੀ ਹਮਦਰਦੀ ਹਾਸਲ ਕਰਨ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਨਾਉਣੇ ਸ਼ੁਰੂ ਕਰ ਦਿੱਤੇ। ਜੇ ਸੜਕਾਂ ’ਤੇ ਬੈਠੇ ਲੋਕ ਕਿਸਾਨ ਨਹੀਂ, ਸਗੋਂ ਅੱਤਵਾਦੀ ਤੇ ਵੱਖਵਾਦੀ ਹਨ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੇ ਇਸ ਮੁੱਦੇ ’ਤੇ ਚਰਚਾ ਕਰਨ ਲਈ ਉਨ੍ਹਾਂ ਨਾਲ 12 ਦੌਰ ਦੀ ਗੱਲਬਾਤ ਕੀਤੀ ਹੋਵੇਗੀ? ਇਹ ਨਾਮਕਰਣ ਸਿਰਫ ਕਿਸਾਨਾਂ ਦੀ ਇੱਛਾ ਨੂੰ ਤੋੜਨ ਲਈ ਭਾਜਪਾ ਦੀ ਨਿਰਾਸ਼ਾ ਨੂੰ ਦਰਸਾਉਂਦਾ ਹੈ। ਮੈਂ ਈਮਾਨਦਾਰੀ ਨਾਲ ਉਨ੍ਹਾਂ ਨੂੰ ਰੁਕਣ ਦੀ ਸਲਾਹ ਦੇਵਾਂਗਾ। ਭਾਰਤ ਦੀ ਜੀਵਨ ਰੇਖਾ ਕਿਸਾਨ ਤੇ ਇਸ ਦੀ ਖੇਤੀ ਪ੍ਰਣਾਲੀ ਹੈ ਅਤੇ ਉਨ੍ਹਾਂ ਨੂੰ ਤਬਾਹ ਕਰਨ ਦਾ ਮਤਲਬ ਦੇਸ਼ ਦੀ ਖ਼ੁਰਾਕ ਸੁਰੱਖਿਆ ਤੇ ਆਤਮ ਨਿਰਭਰਤਾ ਦਾ ਅੰਤ ਹੋਵੇਗਾ। ਜੇ ਸਰਕਾਰ ਚੀਨ ਨਾਲ ਗੱਲ ਕਰ ਸਕਦੀ ਹੈ, ਜੋ ਸਾਡੇ ਇਲਾਕਿਆਂ 'ਚ ਘੁਸਪੈਠ ਕਰ ਰਿਹਾ ਹੈ ਅਤੇ ਮਹੀਨਿਆਂ ਤੋਂ ਸਾਡੀ ਜ਼ਮੀਨ ਹੜੱਪ ਰਿਹਾ ਹੈ ਤਾਂ ਆਪਣੇ ਹੀ ਕਿਸਾਨਾਂ ਨਾਲ ਗੱਲ ਕਿਉਂ ਨਹੀਂ ਹੋ ਸਕਦੀ?

ਦਿੱਲੀ ਪੁਲਸ ਵੱਲੋਂ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ ਐੱਫ. ਆਈ. ਆਰ. 'ਚ ਕਿਸਾਨ ਯੂਨੀਅਨਾਂ ਦੇ ਕਈ ਨੇਤਾਵਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਰਕਾਰ 'ਚ ਕੁੱਝ ਲੋਕ ਕਹਿ ਰਹੇ ਹਨ ਕਿ ਇਸ ਘਟਨਾ ਨੇ ਗੱਲਬਾਤ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕੀ ਤੁਸੀਂ ਇਸ ਨਾਲ ਸਹਿਮਤ ਹੋ?

ਇਸ ’ਤੇ ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਘਟਨਾ ਦੀ ਵਰਤੋਂ ਕਰ ਕੇ ਕਿਸਾਨਾਂ ਨਾਲ ਭਵਿੱਖ 'ਚ ਗੱਲਬਾਤ ਦੇ ਦਰਵਾਜ਼ੇ ਬੰਦ ਕਰਦੀ ਹੈ ਤਾਂ ਇਹ ਅਸਲ 'ਚ ਬਦਕਿਸਮਤੀ ਭਰਿਆ ਹੋਵੇਗਾ। ਇਹ ਅਸਲ 'ਚ ਭਾਰਤ ਲਈ ਲੋਕਤੰਤਰ ਦੀ ਮੌਤ ਦਾ ਕਾਰਣ ਬਣੇਗਾ। ਇਹ ਇਕ ਰਾਸ਼ਟਰ ਦੇ ਰੂਪ 'ਚ ਸਾਡੇ ਲਈ ਕਾਲਾ ਦਿਨ ਹੋਵੇਗਾ, ਜਿਸ ਨੇ ਆਪਣੀ ਆਜ਼ਾਦੀ ਦੇ ਬਾਅਦ ਤੋਂ ਹੀ ਆਪਣੀ ਲੋਕਤੰਤਰੀ ਸਿਆਸਤ ਤੇ ਸਿਧਾਂਤਾਂ ’ਤੇ ਮਾਣ ਕੀਤਾ ਹੈ। ਮੈਂ ਈਮਾਨਦਾਰੀ ਨਾਲ ਆਸ ਕਰਦਾ ਹਾਂ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ, ਜਿਵੇਂ ਕਿ ਉਹ ਪਿਛਲੇ ਕਈ ਹਫ਼ਤਿਆਂ ਤੋਂ ਕਰ ਰਹੇ ਹਨ। ਗੱਲਬਾਤ ਹੀ ਇਸ ਸੰਕਟ ਨੂੰ ਹੱਲ ਕਰਨ ਦਾ ਇਕੋ-ਇਕ ਢੰਗ ਅਤੇ ਸਮੱਸਿਆ ਦਾ ਇਕੋ-ਇਕੋ ਹੱਲ ਹੈ। ਜੇ ਸਰਕਾਰ ਚੀਨ ਨਾਲ ਗੱਲ ਕਰ ਸਕਦੀ ਹੈ, ਜੋ ਸਾਡੇ ਇਲਾਕਿਆਂ 'ਚ ਘੁਸਪੈਠ ਕਰ ਰਿਹਾ ਹੈ ਅਤੇ ਮਹੀਨਿਆਂ ਤੋਂ ਸਾਡੀ ਜ਼ਮੀਨ ਹੜੱਪ ਰਿਹਾ ਹੈ ਤਾਂ ਸਰਕਾਰ ਨੂੰ ਆਪਣੇ ਹੀ ਕਿਸਾਨਾਂ, ਸਾਡੇ ਆਪਣੇ ਲੋਕਾਂ ਨਾਲ ਗੱਲਬਾਤ ਕਿਉਂ ਮੁਲਤਵੀ ਕਰਨੀ ਚਾਹੀਦੀ ਹੈ? ਕਿਸਾਨਾਂ ਤੇ ਕੇਂਦਰ ਸਰਕਾਰ, ਦੋਵਾਂ ਨੂੰ ਮੇਰਾ ਸੁਝਾਅ ਹੈ ਕਿ ਕ੍ਰਿਪਾ ਕਰ ਕੇ ਗੱਲਬਾਤ ਕਰਦੇ ਰਹੋ, ਮੈਨੂੰ ਯਕੀਨ ਹੈ ਕਿ ਤੁਸੀਂ ਗੁੰਝਲਾਂ ’ਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਲਵੋਗੇ।
ਨੋਟ : ਲਾਲ ਕਿਲ੍ਹੇ ਦੀ ਘਟਨਾ ਮਗਰੋਂ ਕਿਸਾਨਾਂ ਦੇ ਹੱਕ 'ਚ ਕੈਪਟਨ ਵੱਲੋਂ ਦਿੱਤੇ ਬਿਆਨ 'ਤੇ ਦਿਓ ਆਪਣੀ ਰਾਏ


author

Babita

Content Editor

Related News