ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਫ਼ੌਜੀ ਤਾਕਤ 'ਚ ਵਾਧੇ ਦੀ ਲੋੜ : ਕੈਪਟਨ

Thursday, Jan 28, 2021 - 10:04 AM (IST)

ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਫ਼ੌਜੀ ਤਾਕਤ 'ਚ ਵਾਧੇ ਦੀ ਲੋੜ : ਕੈਪਟਨ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਲੰਬੇ ਸਮੇਂ ਦੇ ਵਿਸਤਾਰਵਾਦੀ ਏਜੰਡੇ ਨੂੰ ਦੇਖਦਿਆਂ ਭਾਰਤ ਸਰਕਾਰ ਨੂੰ ਆਪਣੇ ਇਸ ਦੁਸ਼ਮਣ ਗੁਆਂਢੀ ਬਾਰੇ ਸਪੱਸ਼ਟ ਨੀਤੀ ਅਖ਼ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਜਿੰਗ ਨਾਲ ਸਿਰਫ਼ ਗੱਲਬਾਤ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ। ਕੈਪਟਨ ਅਮਰਿੰਦਰ ਸਿੰਘ, ਜੋ ਕਿ ਖ਼ੁਦ ਵੀ ਇਕ ਸਾਬਕਾ ਫ਼ੌਜੀ ਤੇ ਭਾਰਤੀ ਫ਼ੌਜ ’ਤੇ ਕਈ ਕਿਤਾਬਾਂ ਲਿਖਣ ਵਾਲੇ ਉੱਘੇ ਫ਼ੌਜੀ ਇਤਿਹਾਸਕਾਰ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਹੈ ਕਿ 20 ਜਨਵਰੀ ਨੂੰ ਨਾਕੂ ਲਾ ਵਿਖੇ ਹੋਈ ਤਾਜ਼ਾ ਝੜਪ 'ਚ ਭਾਰਤ ਦਾ ਹੱਥ ਉਤੇ ਰਿਹਾ ਹੈ ਪਰ ਫਿਰ ਵੀ ਦੇਸ਼ ਨੂੰ ਲੋੜ ਹੈ ਆਪਣੀ ਫ਼ੌਜੀ ਸਮਰੱਥਾ 'ਚ ਵਾਧਾ ਕਰਦਿਆਂ ਇਸ ਨੂੰ ਮਜ਼ਬੂਤੀ ਪ੍ਰਦਾਨ ਕਰੇ।

ਇਹ ਵੀ ਪੜ੍ਹੋ : ਦਿੱਲੀ ਦੇ 'ਚਿੱਲਾ ਬਾਰਡਰ' 'ਤੇ ਖ਼ਤਮ ਹੋਇਆ ਅੰਦੋਲਨ, ਟੈਂਟ ਚੁੱਕਦੇ ਹੋਏ ਦਿਖੇ ਕਿਸਾਨ

ਉਨ੍ਹਾਂ ਇਹ ਵੀ ਕਿਹਾ ਕਿ ਗਲਵਾਨ ਘਾਟੀ ਤੋਂ ਬਾਅਦ ਹੋਈ ਇਸ ਤਾਜ਼ਾ ਘਟਨਾ ਨੇ ਇਹ ਦਿਖਾ ਦਿੱਤਾ ਹੈ ਕਿ ਚੀਨ ਆਪਣੀ ਵਿਸਤਾਰਵਾਦੀ ਨੀਤੀ ਤੋਂ ਨਾ ਪਿੱਛੇ ਹਟਿਆ ਹੈ ਅਤੇ ਨਾ ਹੀ ਉਸ ਦੀ ਅਜਿਹੀ ਕੋਈ ਇੱਛਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ, ਚੀਨ ਤੋਂ ਉਹ ਕੁੱਝ ਵਾਪਸ ਨਹੀਂ ਲੈ ਸਕਿਆ, ਜੋ ਉਸ ਨੇ ਜ਼ਬਰਨ ਸਾਡੇ ਕੋਲੋਂ ਖੋਹ ਲਿਆ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਅਜਿਹੇ ਖ਼ਤਰੇ ਦੇ ਮੱਦੇਨਜ਼ਰ ਮਜ਼ਬੂਤ ਫ਼ੌਜ ਦੀ ਲੋੜ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਚੜ੍ਹਾਉਂਦਾ ਸੇਵਾਦਾਰ 70 ਫੁੱਟ ਉੱਚਾਈ ਤੋਂ ਡਿੱਗਾ, ਮੌਤ

ਕੇਂਦਰ ਸਰਕਾਰ ਨੂੰ ਪਾਕਿਸਤਾਨ ਅਤੇ ਚੀਨ ਤੋਂ ਸਾਂਝੇ ਖ਼ਤਰੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ, ਚੀਨ ਤੋਂ ਬਿਨਾਂ ਨਹੀਂ ਚੱਲ ਸਕਦਾ ਅਤੇ ਦੋਵੇਂ ਇਕ-ਦੂਜੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਚੀਨ ਨਾਲ ਮਹਿਜ਼ ਗੱਲਬਾਤ ਰਾਹੀਂ ਗੱਲ ਅੱਗੇ ਨਹੀਂ ਵਧੇਗੀ, ਸਾਨੂੰ ਫ਼ੌਜੀ ਸ਼ਕਤੀ ਵਧਾਉਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੀਨ ਹਮੇਸ਼ਾ ਹੀ ਵਿਸਤਾਰਵਾਦੀ ਏਜੰਡੇ ਦੀ ਪੈਰਵੀ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਦੇਖਦਿਆਂ 'ਭਾਜਪਾ' ਨੂੰ ਪੰਜਾਬ 'ਚ ਚੁੱਕਣਾ ਪਿਆ ਇਹ ਕਦਮ

ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਆਪਣੇ ਰੱਖਿਆ ਢਾਂਚੇ ਦੇ ਵਿਕਾਸ ਰਾਹੀਂ ਵਿਸਥਾਰਵਾਦ ਉਪਰ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਦੁਨੀਆਂ ’ਤੇ ਹਾਵੀ ਹੋਣ ਲਈ ਸਾਈਬਰ ਅਤੇ ਰਾਕੇਟ ਯੁੱਧ 'ਚ ਆਪਣੀਆਂ ਸਮਰੱਥਾਵਾਂ ਦੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਉਹ ਦਾਅਵਾ ਕਰਦੇ ਹਨ ਕਿ ਆਉਂਦੇ 7 ਸਾਲਾਂ 'ਚ ਉਹ ਅਮਰੀਕਾ ਦੇ ਰੱਖਿਆ ਨਿਰਮਾਣ ਨੂੰ ਪਾਰ ਕਰ ਜਾਣਗੇ। ਉਨ੍ਹਾਂ ਇਸ ਸਬੰਧੀ ਸਾਂਝੀ ਅਤੇ ਸਪੱਸ਼ਟ ਰਣਨੀਤੀ ਘੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News