ਰਾਹੁਲ ਦੇ ਮੰਚ 'ਤੇ ਕੈਪਟਨ ਦੀ ਮੋਦੀ ਨੂੰ ਦਹਾੜ, 'ਕਿਸਾਨਾਂ ਦੀ ਲੜਾਈ ਹਰ ਹਾਲ 'ਚ ਜਿੱਤਾਂਗੇ'
Tuesday, Oct 06, 2020 - 02:31 PM (IST)
ਪਟਿਆਲਾ : ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਟਿਆਲਾ ਵਿਖੇ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀ ਕੱਢੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੰਚ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਦਹਾੜਦਿਆਂ ਕਿਹਾ ਹੈ ਕਿ ਕਿਸਾਨਾਂ ਦੀ ਲੜਾਈ ਨੂੰ ਉਹ ਸਿਖ਼ਰ 'ਤੇ ਪਹੁੰਚਾਉਣਗੇ ਅਤੇ ਹਰ ਹਾਲ 'ਚ ਇਹ ਲੜਾਈ ਜਿੱਤੀ ਜਾਵੇਗੀ।
ਕੈਪਟਨ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਕਿਸਾਨ ਵਿਰੋਧੀ ਮੋਦੀ ਸਰਕਾਰ ਦਾ ਮਾਂਝਾ ਫਿਰ ਜਾਵੇਗਾ। ਕੈਪਟਨ ਨੇ ਕਿਹਾ ਕੋਰੋਨਾ ਕਾਲ ਦੌਰਾਨ ਕੇਂਦਰ ਸਰਕਾਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਅਨਾਜ ਪਹੁੰਚਾਣ ਲਈ ਕਹਿੰਦੀ ਸੀ ਤਾਂ ਪੰਜਾਬ ਦੇ ਕਿਸਾਨ ਨੇ ਹੀ ਬਾਕੀ ਸੂਬਿਆਂ ਦਾ ਢਿੱਡ ਭਰਿਆ ਪਰ ਅੱਜ ਮੋਦੀ ਸਰਕਾਰ ਸਭ ਕੁੱਝ ਭੁੱਲ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਸਖ਼ਤ ਘਾਲਣਾ ਘਾਲ ਕੇ ਅਨਾਜ ਪੈਦਾ ਕੀਤਾ ਅਤੇ ਗਰੀਬ ਲੋਕਾਂ ਦਾ ਢਿੱਡ ਭਰਿਆ ਪਰ ਅੱਜ ਇਹੀ ਸਰਕਾਰੀ ਕਿਸਾਨਾਂ ਲਈ ਕਾਲੇ ਕਾਨੂੰਨ ਲੈ ਆਈ ਹੈ।
ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਬੱਚੇ ਭੁੱਖੇ ਮਰਨਗੇ , ਇਸੇ ਲਈ ਇੰਨੀ ਵੱਡੀ ਗਿਣਤੀ 'ਚ ਅੱਜ ਟਰੈਕਟਰਾਂ 'ਤੇ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕੈਪਟਨ ਨੇ ਮੋਦੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਕਿਸਾਨ ਆਪਣੀ ਪੂਰੀ ਤਾਕਤ ਨਾਲ ਲੜਨਗੇ ਅਤੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਭਾਵੇਂ ਕਾਨੂੰਨ ਦਾ ਰਾਹ ਅਪਨਾਉਣ ਪਵੇ ਅਤੇ ਭਾਵੇਂ ਅਸੈਂਬਲੀ 'ਚ ਕੁੱਝ ਕਰਨਾ ਪਵੇ, ਉਹ ਹਰ ਥਾਂ, ਹਰੇਕ ਮੌਕੇ ਕਿਸਾਨਾਂ ਦੇ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ : ਸੀਨੇ ਸੂਲ ਬਣ ਚੁੱਭਦੇ ਸੀ ਪਤੀ ਦੇ ਬੋਲ-ਕਬੋਲ, ਟੁੱਟ ਚੁੱਕੀ ਵਿਆਹੁਤਾ ਨੇ ਖਾਧੀਆਂ ਸਲਫਾਸ ਦੀਆਂ ਗੋਲੀਆਂ
ਕੈਪਟਨ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਕੇ ਆਉਣਗੇ ਤਾਂ ਉਹ ਮੁਲਕ ਨੂੰ ਤਬਾਹ ਕਰ ਰਹੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਫਾੜ੍ਹੇ ਕੇ ਸੁੱਟ ਦੇਣਗੇ। ਉਨ੍ਹਾਂ ਅਖੀਰ 'ਚ ਕਿਸਾਨਾਂ ਨੂੰ ਕਿਹਾ ਕਿ ਕਿਸਾਨ ਵੀਰ ਆਪਣਾ ਸੰਘਰਸ਼ ਜਾਰੀ ਰੱਖਣ ਅਤੇ ਜਿੱਤ ਪਰਮਾਤਮਾ ਦੀ ਮਿਹਰ ਨਾਲ ਉਨ੍ਹਾਂ ਦੀ ਹੀ ਹੋਵੇਗੀ।