ਹੋਲਾ-ਮਹੱਲਾ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੂੰ ਅਪੀਲ

Tuesday, Mar 10, 2020 - 05:48 PM (IST)

ਚੰਡੀਗੜ੍ਹ (ਅਸ਼ਵਨੀ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਹੋਲੇ-ਮਹੱਲੇ ਅਤੇ ਹੋਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਇਨ੍ਹਾਂ ਤਿਉਹਾਰਾਂ ਨੂੰ ਰਵਾਇਤੀ ਭਾਵਨਾ ਨਾਲ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਰਹਿਮਦਿਲੀ ਨਾਲ ਮਨਾਉਣ ਦਾ ਸੱਦਾ ਦਿੱਤਾ। ਫੇਸਬੁੱਕ ਜ਼ਰੀਏ ਵਧਾਈ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਗੁਰੂ ਸਾਹਿਬ ਦੁਆਰਾ ਹੋਲੇ-ਮਹੱਲੇ ਦੇ ਸ਼ੁਰੂਆਤ ਕਰਕੇ ਸਿੱਖ ਕੌਮ ਦੀ ਬਹਾਦੁਰੀ ਦੇ ਜੌਹਰ ਨੂੰ ਪੂਰੀ ਦੁਨੀਆ ਸਾਹਮਣੇ ਰੱਖਿਆ ਗਿਆ। ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਸੱਚਾ ਉੱਦਮੀ ਜੀਵਨ ਲੈ ਕੇ ਆਪਣੀ ਤਕਦੀਰ ਨੂੰ ਨਵੇਂ ਸਿਰਿਓਂ ਘੜਨ ਦੀ ਸੇਧ ਦਿੰਦਾ ਹੈ।

PunjabKesari

ਜੰਗਜੂ ਭਾਵਨਾ ਦਾ ਪ੍ਰਤੀਕ ਹੋਲਾ-ਮਹੱਲਾ ਅਤੇ ਰੰਗਾਂ ਦੇ ਤਿਉਹਾਰ ਹੋਲੀ ਦੀ ਪੂਰਬਲੀ ਸ਼ਾਮ 'ਤੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪਵਿੱਤਰ ਮੌਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਨਾਲ ਮਨਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਮਾਨਵਤਾ ਅਤੇ ਆਪਸੀ ਮੇਲ ਮਿਲਾਪ ਦੀਆਂ ਉੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਸਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਪ੍ਰਤੀ ਮੁੜ ਸਮਰਪਿਤ ਹੋਣ ਦਾ ਸਮਾਂ ਹੈ।


ਇਹ ਵੀ ਪੜ੍ਹੋ: ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ (ਤਸਵੀਰਾਂ)

PunjabKesari

ਦੱਸਣਯੋਗ ਹੈ ਕਿ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੂਰੇ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿੰਨ ਦਿਨਾਂ ਤਿਉਹਾਰ 'ਚ ਖਾਲਸੇ ਦਾ ਜੋਸ਼ ਦੇਖਣ ਵਾਲਾ ਹੁੰਦਾ ਹੈ। ਖਾਲਸੇ ਦੀ ਇਸ ਜਨਮ ਭੂਮੀ 'ਤੇ ਚੱਲ ਰਹੇ ਤਿੰਨ ਦਿਨਾਂ ਕੌਮੀ ਜੋੜ ਮੇਲਾ ਹੋਲਾ-ਮਹੱਲਾ ਦੇ ਆਖਰੀ ਦਿਨ ਗੁਰੂ ਨਗਰੀ ਕੇਸਰੀ ਰੰਗ 'ਚ ਰੰਗੀ ਗਈ। ਦੇਸ਼-ਵਿਦੇਸ਼ ਲੱਖਾਂ ਦੀ ਗਿਣਤੀ 'ਚ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਗੁਰੂ ਕੇ ਮਹਿਲ ਭੋਰਾ ਸਾਹਿਬ, ਗੁ. ਸੀਸ ਗੰਜ ਸਾਹਿਬ, ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗੜ੍ਹ ਸਾਹਿਬ, ਗੁ. ਕਿਲਾ ਲੋਹਗੜ੍ਹ ਸਾਹਿਬ, ਗੁਰਦੁਆਰਾ ਹੋਲਗੜ੍ਹ ਸਾਹਿਬ ਅਤੇ ਗੁਰਦੁਆਰਾ ਕਿਲਾ ਤਾਰਾਗੜ੍ਹ ਸਾਹਿਬ ਆਦਿ 'ਤੇ ਘੰਟਿਆਂਬੱਧੀ ਲਾਈਨਾਂ 'ਚ ਲੱਗ ਕੇ ਮੱਥਾ ਟੇਕ ਰਹੀਆਂ ਹਨ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਹਨ।

PunjabKesari

ਹੋਲੇ-ਮਹੱਲੇ ਦਾ ਇਤਿਹਾਸਕ ਪਿਛੋਕੜ
ਹੋਲਾ-ਮਹੱਲਾ ਦੋ ਸ਼ਬਦ ਦਾ ਸੁਮੇਲ ਹੈ, ਜਿਸ ਦੇ ਅਖਰੀ ਅਰਥ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ 'ਚ ਹੱਲਾ, ਹਮਲਾ ਜਾਂ ਹਮਲੇ ਦੀ ਥਾਂ ਕੀਤੇ ਗਏ ਹਨ। ਇਸ ਤਿਉਹਾਰ ਨੂੰ ਅੱਜ ਵੀ ਪੁਰਾਤਨ ਰਵਾਇਤਾਂ ਅਨੁਸਾਰ ਹੀ ਮਨਾਇਆ ਜਾਂਦਾ ਹੈ। 1701ਈਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ 'ਚ ਜੁਝਾਰੂ ਗੁਣ ਪੈਦਾ ਕਰਨ ਅਤੇ ਸਮੇਂ ਦੇ ਹਾਕਮ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕਣ ਲਈ ਇਸ ਨਿਵੇਕਲੇ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਇਸ ਯਤਨ ਸਦਕਾ ਸਿੱਖ ਪੱਕੇ ਤੌਰ 'ਤੇ ਸੈਨਿਕ ਅਭਿਆਸ ਨਾਲ ਜੁੜ ਗਏ। ਹੋਲੀ ਦੇ ਬਿਲਕੁਲ ਉਲਟ ਇਸ ਤਿਉਹਾਰ ਦਾ ਸਬੰਧ ਯੁੱਧ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਇਸ ਦਿਨ  ਦਸਮ ਪਾਤਸ਼ਾਹ ਸਿੱਖਾਂ ਦੇ ਦੋ ਦਲ ਬਣਾ ਕੇ ਉਨ੍ਹਾਂ ਦੀ ਬਨਾਵਟੀ ਜੰਗ ਕਰਵਾਉਦੇਂ ਸਨ। ਗੁਰੂ ਸਾਹਿਬ ਵੱਲੋਂ ਇਨ੍ਹਾਂ ਦੋਹਾ ਦਲਾਂ ਨੂੰ ਲੋਹਗੜ੍ਹ ਦਾ ਕਿਲਾ ਜਿੱਤਣ ਲਈ ਪ੍ਰੇਰਿਆ ਜਾਂਦਾ ਸੀ। ਜਿਹੜਾ ਦਲ ਕਿਲੇ 'ਤੇ ਕਬਜਾ ਕਰ ਲੈਂਦਾ, ਉਸ ਨੂੰ  ਗੁਰੂ ਸਾਹਿਬ ਵੱਲੋਂ ਵਿਸ਼ੇਸ਼ ਇਨਾਮ ਅਤੇ ਸਿਰੋਪਾਓ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਨੂੰ ਉਤਸ਼ਾਹਤ ਕਰਨ ਨਾਲ ਸਿੱਖ ਸੈਨਿਕ ਅਭਿਆਸ ਨੂੰ ਹੋਰ ਤਰਜੀਹ ਦੇਣ ਲੱਗ ਪਏ ਅਤੇ ਉਨ੍ਹਾਂ ਨੇ  ਸੈਨਿਕ ਅਭਿਆਸ ਹੋਰ ਤੇਜ਼ ਕਰ ਦਿੱਤਾ।  

ਨਿਹੰਗ ਸਿੰਘ ਫੌਜਾਂ ਘੋੜਿਆਂ 'ਤੇ ਸਵਾਰ ਹੋ ਕੇ ਦਿਖਾਉਂਦੀਆਂ ਨੇ ਆਪਣੇ ਜੌਹਰ
ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਇਸ ਰਵਾਇਤ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਦੇ ਹੋਏ ਅੱਜ ਵੀ ਸਿੱਖਾਂ ਵੱਲੋਂ ਸ਼ਾਸਤਰ ਵਿਦਿਆ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮਹੱਲੇ ਦੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਨਗਾਰਿਆਂ ਦੀ ਚੋਟ 'ਤੇ ਜੈਕਾਰੇ ਛੱਡਦੀਆਂ ਹੋਈਆਂ ਨਿਹੰਗ ਸਿੰਘ ਫੌਜਾਂ ਘੋੜਿਆਂ 'ਤੇ ਸਵਾਰ ਹੋ ਕੇ ਸ਼ਾਸਤਰਾਂ  ਦੇ ਜੌਹਰ ਦਿਖਾਉਂਦੀਆਂ ਖੁੱਲ੍ਹ ਮੈਦਾਨ 'ਚ ਜਾ ਪਹੁੰਚਦੀਆਂ ਹਨ। 

ਇਹ ਵੀ ਪੜ੍ਹੋ:ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਉਂ ਬਖਸ਼ਿਆ 'ਹੋਲਾ-ਮਹੱਲਾ' (ਤਸਵੀਰਾਂ)


shivani attri

Content Editor

Related News