ਪੰਜਾਬ ਦੀ ਧੁੰਦਲੀ ਸਿਆਸੀ ਫਿਜ਼ਾ 'ਚ ਦਿੱਲੀ ਚੋਣਾਂ ਤੋਂ ਬਾਅਦ ਨਿਖਾਰ ਆਉਣ ਦੀ ਉਮੀਦ

Wednesday, Feb 05, 2020 - 03:34 PM (IST)

ਪੰਜਾਬ ਦੀ ਧੁੰਦਲੀ ਸਿਆਸੀ ਫਿਜ਼ਾ 'ਚ ਦਿੱਲੀ ਚੋਣਾਂ ਤੋਂ ਬਾਅਦ ਨਿਖਾਰ ਆਉਣ ਦੀ ਉਮੀਦ

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂੰਮੇਵਾਲ)— ਪੰਜਾਬ ਦੇ ਸਿਆਸੀ ਹਾਲਾਤ ਇਸ ਵੇਲੇ ਧੁੰਦਲੇ ਨਜ਼ਰ ਆ ਰਹੇ ਹਨ। ਫਿਲਹਾਲ ਕੋਈ ਵੀ ਰਾਜਸੀ ਧਿਰ ਸੂਬੇ ਦੀ ਰਾਜਸੀ ਵਾਰਿਸ ਬਣਨ ਦਾ ਹਕੀਕੀ ਦਾਅਵਾ ਨਹੀਂ ਕਰ ਸਕਦੀ। 3 ਸਾਲ ਪਹਿਲਾਂ ਰਾਜਸੱਤਾ 'ਤੇ ਕਾਬਜ਼ ਹੋਈ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਪ੍ਰਤੀ ਬੇਵਫਾ ਸਾਬਤ ਹੋਈ ਹੈ। ਵਿਧਾਨ ਸਭਾ ਚੋਣਾਂ 2017 'ਚ ਕੀਤੇ ਵਾਅਦਿਆਂ 'ਚ ਘਰ-ਘਰ ਨੌਕਰੀ, ਕਿਸਾਨਾਂ ਦੀ ਸਮੁੱਚਾ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਤੋਂ ਬਿਨਾਂ ਉਕਤ ਚੋਣਾਂ 'ਚ ਅਹਿਮ ਮੁੱਦਾ ਬਣੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਅਤੇ ਰਾਜ ਭਰ 'ਚ ਨਸ਼ਾਖੋਰੀ ਅਤੇ ਨਸ਼ਾ ਸਮੱਗਲਿੰਗ ਖਤਮ ਕਰਨ ਵਰਗੇ ਵਾਅਦਿਆਂ ਨੂੰ ਲੈ ਕੇ ਸਰਕਾਰ ਲੋਕਾਂ ਦੀ ਕਚਹਿਰੀ 'ਚ ਹੈ।

PunjabKesari

ਸੱਤਾਧਾਰੀ ਧਿਰ ਦੇ ਅੰਦਰੂਨੀ ਵਿਰੋਧ ਨੂੰ ਵੀ ਕਿਸੇ ਪੱਖੋਂ ਨਹੀਂ ਕੀਤਾ ਜਾ ਸਕਦਾ ਨਜ਼ਰ ਅੰਦਾਜ਼
ਕਿਤੇ-ਕਿਤੇ ਵਾਅਦਾਖਿਲਾਫੀ ਸਰਕਾਰ ਵਿਰੋਧੀ ਲਹਿਰ ਪ੍ਰਫੁੱਲਤ ਹੋਣ ਦਾ ਸੰਕੇਤ ਦੇ ਰਹੀ। ਸਰਕਾਰ 'ਤੇ ਲੋਕ ਵਿਰੋਧੀ ਹੋਣ ਦਾ ਇਲਜ਼ਾਮ ਜ਼ਰੂਰ ਲੱਗ ਰਿਹਾ ਹੈ ਪਰ ਸੂਬੇ ਭਰ 'ਚ ਅਜਿਹੀ ਰਾਜਸੀ ਧਿਰ ਕਿਤੇ ਵੀ ਭਾਲਿਆਂ ਨਜ਼ਰ ਨਹੀਂ ਪੈ ਰਹੀ ਜੋ ਸੱਤਾ ਵਿਰੋਧੀ ਲਹਿਰ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹੋਣ 'ਤੇ ਸੂਬੇ ਦੀ ਰਾਜਨੀਤੀ ਦਾ ਬਦਲ ਬਣ ਸਕੇ। ਅੱਜ ਸੂਬੇ ਦੀ ਸੱਤਾਧਾਰੀ ਧਿਰ ਦੇ ਬਾਹਰਲੇ ਵਿਰੋਧ ਤੋਂ ਬਿਨਾਂ ਅੰਦਰੂਨੀ ਵਿਰੋਧ ਨੂੰ ਵੀ ਕਿਸੇ ਪੱਖੋਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਰਕਾਰ 'ਚੋਂ ਕਿਨਾਰਾ ਕਰ ਚੁੱਕੇ ਤੇਜ਼ਤਰਾਰ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਖਾਮੋਸ਼ੀ ਸਰਕਾਰ ਲਈ ਕੋਈ ਸ਼ੁੱਭ ਸੰਦੇਸ਼ ਨਹੀਂ।

ਸੁਖਜਿੰਦਰ ਸਿੰਘ ਰੰਧਾਵਾ ਵਰਗੇ ਮੰਤਰੀਆਂ ਵੱਲੋਂ ਆਪਣੀ ਸਰਕਾਰ 'ਤੇ ਕਿੰਤੂ-ਪ੍ਰੰਤੂ ਕਰਨਾ ਅਤੇ ਕੁਝ ਵਿਧਾਇਕਾਂ ਵੱਲੋਂ ਅੰਦਰੂਨੀ ਘੁਟਣ ਨੂੰ ਬਿਆਨਬਾਜ਼ੀ ਦਾ ਹਿੱਸਾ ਬਣਾਉਣਾ ਜਿੱਥੇ ਸਰਕਾਰ ਦੀ ਮੌਲਿਕ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ, ਉਥੇ ਹੀ ਪ੍ਰਤਾਪ ਸਿੰਘ ਬਾਜਵਾ ਦੀ ਬਿਆਨਬਾਜ਼ੀ ਅਤੇ ਸੁਨੀਲ ਜਾਖੜ ਦੇ ਗੁੱਝੇ ਤਰਕ ਸਿਆਸੀ ਗਲਿਆਰਿਆਂ 'ਚ ਨਵੇਂ ਚਰਚੇ ਛੇੜ ਰਹੇ ਹਨ। ਅਜਿਹੀ ਸਥਿਤੀ 'ਚ ਜੋ ਕੁਝ ਵੀ ਭਵਿੱਖ ਦੀਆਂ ਯੋਜਨਾਵਾਂ ਤਹਿਤ ਵਿਚਾਰਿਆ ਜਾ ਰਿਹਾ ਹੈ ਉਸ ਦੀ ਖਿਚੜੀ ਸਰਕਾਰ ਦੇ ਵਿਰੋਧ 'ਚ ਪਾਰਟੀ ਤੋਂ ਬਾਹਰ ਨਹੀਂ ਅੰਦਰ ਵੀ ਰਿੱਝ ਰਹੀ ਹੈ।

PunjabKesari

ਸੂਬੇ ਦੀ ਸਿਆਸਤ 'ਚੋਂ ਹਾਈਸ਼ੇ 'ਤੇ ਪਹੁੰਚੀ 'ਆਪ'
ਪੰਜਾਬ ਭਰ 'ਚ ਅਹਿਮ ਲਹਿਰ ਸਿਰਜਣ ਤੋਂ ਬਾਅਦ ਵਿਰੋਧੀ ਧਿਰ 'ਚ ਬੈਠੀ ਆਮ ਆਦਮੀ ਪਾਰਟੀ ਬੇਸ਼ੱਕ ਸੂਬੇ ਦੀ ਸਿਆਸਤ 'ਚੋਂ ਮੌਜੂਦਾ ਦੌਰ 'ਚ ਹਾਸ਼ੀਏ 'ਚ ਆ ਪੁੱਜੀ ਹੈ ਪਰ ਦਿੱਲੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ 'ਚ ਇਕ ਨਵੀਂ ਸ਼ਕਤੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਨੂੰ ਕਿਸੇ ਵੀ ਪੱਖੋਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੁਝ ਸਿਆਸੀ ਧਿਰਾਂ ਵੱਲੋਂ ਦਿੱਲੀ 'ਚ 'ਆਪ' ਦੀ ਸਰਕਾਰ ਮੁੜ ਬਣਨ ਦੀ ਹਾਲਤ 'ਚ ਨਵਜੋਤ ਸਿੰਘ ਸਿੱਧੂ ਦੇ 'ਆਪ' 'ਚ ਜਾਣ ਦੀਆਂ ਕਿਆਸਾਂ ਵੀ ਲਾਈਆਂ ਜਾ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਅਤੇ 'ਆਪ' ਹਾਈਕਮਾਂਡ ਮਿਸ਼ਨ 2022 'ਚ ਸਿੱਧੂ ਨੂੰ ਬਤੌਰ ਸੀ. ਐੱਮ. ਪੰਜਾਬ ਵਜੋਂ ਚਿਹਰਾ ਬਣਾਉਂਦੀ ਹੈ ਤਾਂ ਸੂਬੇ ਦੀ ਸਿਆਸੀ ਫਿਜ਼ਾ 'ਆਪ' ਦੇ ਹੱਕ 'ਚ ਬਦਲਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਇਹ ਪ੍ਰਗਟਾਵਾ ਹੈ ਕਿ ਜਿਸ ਪਾਰਟੀ 'ਚ ਸਿੱਧੂ ਜਾਵੇਗਾ ਸਰਕਾਰ ਉਸ ਦੀ ਹੀ ਬਣੇਗੀ, ਵੀ ਕਈ ਸਿਆਸੀ ਮਾਇਨੇ ਰੱਖਦਾ ਹੈ। ਇਹ ਵੀ ਕੌੜਾ ਸੱਚ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਭਵਿੱਖ 'ਚ ਨਵੀਂ ਗੁੱਟਬੰਦੀ ਕਰਨ ਵਾਲੇ ਟਕਸਾਲੀਆਂ ਨੂੰ ਭਾਜਪਾ ਦਾ ਖੁਫੀਆ ਸਮਰਥਨ ਹਾਸਲ ਹੈ। ਜੇਕਰ ਦਿੱਲੀ 'ਚ ਭਾਜਪਾ ਵਿਧਾਨ ਸਭਾ 'ਤੇ ਕਾਬਜ਼ ਹੁੰਦੀ ਹੈ ਤਾਂ ਪੰਜਾਬ 'ਚੋਂ ਬਾਦਲ ਗੁੱਟ ਤੋਂ ਟੁੱਟ ਕੇ ਢੀਂਡਸਾ ਗਰੁੱਪ ਨਾਲ ਭਾਜਪਾ ਦਾ ਰਿਸ਼ਤਾ ਜੁੜਨਾ ਨਿਸ਼ਚਿਤ ਹੈ। ਬਾਦਲਾਂ ਨੂੰ ਛੱਡਣ ਦੀ ਹਾਲਤ 'ਚ ਸਿੱਧੂ ਦੀ ਘਰ ਵਾਪਿਸੀ ਦੀਆਂ ਸੰਭਾਵੀਂ ਸੰਭਾਵਨਾਵਾਂ ਤਹਿਤ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਜਿਹੀ ਸਥਿਤੀ 'ਚ ਇਹ ਗੁੱਟ ਵੀ ਪੰਜਾਬ ਦੇ ਭਵਿੱਖ ਦਾ ਵਾਰਿਸ ਬਣ ਸਕਦਾ ਹੈ।
ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ. ਕੇ. ਤੋਂ ਬਿਨਾਂ ਅਜਿਹੀ ਸੂਰਤ 'ਚ ਜਿੱਥੇ ਕਈ ਆਗੂਆਂ ਦਾ ਇਸ ਅਗਵਾਈ 'ਚ ਸ਼ਾਮਲ ਕੁਝ ਅਹਿਮ ਅਹਿਲਕਾਰਾਂ ਅਤੇ ਆਪ ਦੇ ਕੁਝ ਵਿਧਾਇਕਾਂ ਅਤੇ ਨਿਰਾਸ਼ ਆਗੂਆਂ ਨਾਲ ਵੀ ਰਾਬਤਾ ਦੱਸਿਆ ਜਾ ਰਿਹਾ ਹੈ ਪਰ ਇਹ ਸਮੁੱਚੀ ਸਥਿਤੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਪੱਤੇ ਖੇਡੇ ਜਾਣ ਉਪਰੰਤ ਹੀ ਸਪੱਸ਼ਟ ਹੋ ਸਕੇਗੀ।

PunjabKesari

ਸ਼੍ਰੋਮਣੀ ਅਕਾਲੀ ਦਲ 2022 'ਚ ਸੱਤਾ 'ਤੇ ਕਾਬਜ਼ ਹੋਣ ਦਾ ਠੋਕ ਰਿਹਾ ਦਾਅਵਾ
ਸ਼੍ਰੋਮਣੀ ਅਕਾਲੀ ਦਲ (ਬ) ਭਾਵੇਂ ਕਿ 2022 'ਚ ਸੱਤਾ 'ਤੇ ਕਾਬਜ਼ ਹੋਣ ਦਾ ਦਾਅਵਾ ਠੋਕ ਵਜਾ ਕੇ ਕਰ ਰਿਹਾ ਹੈ ਪਰ ਜ਼ਮੀਨੀ ਹਕੀਕਤਾਂ ਇਸ ਤੋਂ ਕਿਤੇ ਦੂਰ ਹਨ। ਸਫਰ-ਏ-ਅਕਾਲੀ ਪ੍ਰੋਗਰਾਮ ਤੋਂ ਬਾਅਦ ਢੀਂਡਸਾ ਪਿਉ-ਪੁੱਤ ਦੀ ਸਰਗਰਮੀ ਕਿਤੇ ਨਾ ਕਿਤੇ ਅਕਾਲੀ ਲੀਡਰਸ਼ਿਪ ਲਈ ਸਿਰਦਰਦੀ ਬਣੀ ਪ੍ਰਤੁੱਖ ਨਜ਼ਰ ਆ ਰਹੀ ਹੈ। ਕੈਪਟਨ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦਾ ਲੇਬਲ ਲਗਾ ਕੇ ਕੀਤੀ ਸੰਗਰੂਰ ਰੈਲੀ ਦਾ ਖੁਫੀਆ ਮਕਸਦ ਇਸੇ ਕੜੀ ਨਾਲ ਜੁੜ ਰਿਹਾ ਹੈ। ਹਰਿਆਣਾ ਚੋਣ 'ਚ ਭਾਜਪਾ ਨਾਲੋਂ ਬਾਦਲ ਗੁੱਟ ਦਾ ਵਿਛੋੜਾ ਹੋਣਾ, ਦਿੱਲੀ ਚੋਣਾਂ 'ਚ 8 ਸੀਟਾਂ ਮੰਗਣ ਦੇ ਦਾਅਵੇ ਉਪਰੰਤ 2 ਸੀਟਾਂ 'ਤੇ ਵੀ ਸਹਿਮਤੀ ਨਾ ਹੋਣਾ ਅਤੇ ਪਿਛੋਂ ਦਿੱਲੀ ਚੋਣਾਂ 'ਚੋਂ ਪਹਿਲਾਂ ਨਿਰਲੇਪ ਰਹਿਣ ਅਤੇ ਫਿਰ ਭਾਜਪਾ ਦੀ ਹਮਾਇਤ ਦਾ ਐਲਾਨ ਅਕਾਲੀ ਦਲ ਦੀ ਸਿਆਸੀ ਅਤੇ ਸਵਾਰਥੀ ਕਮਜ਼ੋਰੀ ਦਾ ਪ੍ਰਤੁੱਖ ਪ੍ਰਮਾਣ ਪੇਸ਼ ਕਰ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ 'ਚ ਅਕਾਲੀ ਦਲ ਵਲੋਂ ਵੱਖ-ਵੱਖ ਸਮੇਂ ਬਦਲਿਆ ਸਟੈਂਡ ਦਲ ਦੀ ਸਿਆਸੀ ਮੌਲਿਕ ਕੰਗਾਲੀ ਦੀ ਪੁਸ਼ਟੀ ਕਰ ਰਿਹਾ ਹੈ। ਅਜਿਹੀ ਸਥਿਤੀ 'ਚ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਹੋਣ ਦਾ ਕੀਤਾ ਦਾਅਵਾ ਕਰਕੇ ਅੱਕ ਚੱਬਣ ਵਾਲਾ ਗੱਠਜੋੜ ਹੀ ਕਿਹਾ ਜਾ ਸਕਦਾ ਹੈ।

ਅੱਜ ਭਾਵੇਂ ਅਕਾਲੀ ਦਲ ਕਈ ਗੁੱਟਾਂ 'ਚ ਤਕਸੀਮ ਹੋ ਚੁੱਕਾ ਹੈ ਪਰ ਭਾਜਪਾ ਹਰ ਧੜੇ ਨੂੰ ਆਪਣੇ ਨਾਲ ਜੋੜਨ 'ਚ ਸਫਲ ਨਜ਼ਰ ਆ ਰਹੀ ਹੈ। ਹੁਣ ਭਾਜਪਾ ਨੇ ਕਿਸੇ ਧੜੇ ਨੂੰ ਆਪਣੇ ਨਾਲ ਜੋੜਨਾ ਹੈ ਇਸ ਦਾ ਪਤਾ ਵੀ ਦਿੱਲੀ ਚੋਣਾਂ ਤੋਂ ਬਾਅਦ ਹੀ ਲੱਗੇਗਾ। ਅਜਿਹੇ ਸਮੀਕਰਨਾਂ 'ਚ ਜਿੱਥੇ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ ਬਦਲਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ, ਉਥੇ ਇਸ ਦੇ ਸੂਤਰਧਾਰ ਨਵਜੋਤ ਸਿੰਘ ਸਿੱਧੂ ਨੂੰ ਹੀ ਮੰਨਿਆ ਜਾ ਰਿਹਾ ਹੈ। ਸ. ਸਿੱਧੂ ਬਾਰੇ ਕਾਂਗਰਸ ਦੇ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ ਚੋਣਾਂ ਉਪਰੰਤ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਸੂਬਾ ਸਰਕਾਰ 'ਚ ਕੋਈ ਅਹਿਮ ਜ਼ਿੰਮੇਵਾਰੀ ਵੀ ਸੌਂਪ ਸਕਦੀ ਹੈ ਪਰ ਦਿੱਲੀ ਚੋਣ ਪ੍ਰਚਾਰ ਤੋਂ ਕੀਤਾ ਕਿਨਾਰਾ ਸੰਭਾਵਨਾਵਾਂ 'ਤੇ ਜਿੱਥੇ ਪਾਣੀ ਰੋੜ੍ਹ ਿਰਹਾ ਹੈ, ਉਥੇ ਨਵੇਂ ਸੰਕੇਤ ਵੀ ਸਿਰਜ ਰਿਹਾ ਹੈ।


author

shivani attri

Content Editor

Related News