ਕੈਪਟਨ ਦੀ ਸੁਖਬੀਰ ਨੂੰ ਚਿੱਠੀ, ਹਿਟਲਰ ਦਾ ਹਵਾਲਾ ਦੇ ਕੇ ਕੱਸਿਆ ਤੰਜ
Wednesday, Jan 22, 2020 - 07:07 PM (IST)
ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦਾ ਹਵਾਲਾ ਦਿੰਦੇ ਹੋਏ ਤੰਜ ਕੱਸਦਿਆਂ ਨਸੀਹਤ ਦਿੱਤੀ ਹੈ। ਦਰਅਸਲ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ. ਏ. ਏ. 'ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਵੱਲੋਂ 'ਸਿੱਖ ਵਿਰੋਧੀ' ਦੱਸਣ ਦੇ ਤਰਕ 'ਤੇ ਸਵਾਲ ਕਰਦੇ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ 'ਮਾਈਨ ਕੰਫ' ਦੀ ਕਾਪੀ ਭੇਜੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿੱਖ ਕੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਹਿਟਲਰ ਦੀ ਜੀਵਨੀ ਭੇਜਣਗੇ, ਜਿਸ ਨੂੰ ਪੜ੍ਹ ਕੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਦੋਂ ਹਿਟਲਰ ਨੇ 'ਨਾਜ਼ੀ' ਪਾਰਟੀ ਦਾ ਅਹੁਦਾ ਸੰਭਾਲਿਆ ਸੀ ਤਾਂ ਕਿਸ ਤਰ੍ਹਾਂ ਉਹ ਜਰਮਨ ਨੂੰ ਤਬਾਹੀ ਵੱਲ ਲੈ ਗਏ ਸਨ। ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ ਜਿਸ 'ਚ ਅਕਾਲੀ ਵੀ ਭਾਈਵਾਲ ਹਨ, ਵੱਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ 'ਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ 'ਚ ਇਹ ਹੋਰ ਵੀ ਮੱਹਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਲੀਡਰ ਸੀ.ਏ.ਏ. ਬਾਰੇ ਆਪਣਾ ਬੇਤੁੱਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ। ਕੈਪਟਨ ਨੇ ਕਿਹਾ ਕਿ ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ 'ਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ ਕੀਤਾ ਹੈ ਜਦਕਿ ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ। ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ 'ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।' ਸੁਖਬੀਰ ਬਾਦਲ ਨੂੰ ਕਿਤਾਬ ਨਾਲ ਭੇਜੀ ਚਿੱਠੀ 'ਚ ਮੁੱਖ ਮੰਤਰੀ ਨੇ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਅਤੇ ਵਿਧਾਨ ਸਭਾ 'ਚ ਇਸ ਬਿਲ ਦੇ ਹੱਕ 'ਚ ਭੁਗਤਣਾ ਅਤੇ ਬਾਕੀ ਪਲੇਟਫਾਰਮਾਂ 'ਤੇ ਇਸ ਦੀ ਮੁਖਾਲਫਤ ਕਰਨੀ ਇਕ ਸਿਆਸੀ ਲੀਡਰ ਦੇ ਅਣਜਾਣਪੁਣੇ ਨੂੰ ਦਰਸਾਉਂਦਾ ਹੈ।
ਆਪਣੇ ਪੱਤਰ 'ਚ ਕੈ. ਅਮਰਿੰਦਰ ਸਿੰਘ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਕਾਲੀ ਦਲ ਦੇ ਲੀਡਰਾਂ ਨੂੰ ਹਿਟਲਰ ਦੀ ਕਿਤਾਬ 'ਮਾਈਨ ਕੰਫ' ਦੀਆਂ ਕਾਪੀਆਂ ਭੇਜਣ ਦਾ ਵਾਅਦਾ ਕੀਤਾ ਸੀ, ਜਿਸ ਦਾ ਅੰਗਰੇਜ਼ੀ ਅਨੁਵਾਦ 'ਮਾਈ ਸਟਰੱਗਲਜ਼' ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਇਹ ਉਸ (ਹਿਟਲਰ) ਦੇ ਵਿਸ਼ਵਾਸ ਸਨ ਜੋ ਉਸ ਨੇ ਸੱਤਾ ਦੇ ਉਭਾਰ ਦੌਰਾਨ ਜਰਮਨ ਦੇ ਲੋਕਾਂ ਨੂੰ ਵੇਚੇ ਅਤੇ ਬਾਅਦ 'ਚ ਜਦੋਂ ਨਾਜ਼ੀ ਪਾਰਟੀ ਨੇ ਸੱਤਾ ਸੰਭਾਲੀ ਤਾਂ ਉਸ ਦੀ ਸਰਕਾਰ ਦੀ ਨੀਤੀ ਬਣ ਗਈ। ਉਨ੍ਹਾਂ ਲਿਖਿਆ ਕਿ ਹਿਟਲਰ ਨੇ ਆਪਣੀਆਂ ਇਲਾਕਾਈ ਖਾਹਿਸ਼ਾਂ ਪੂਰੀਆਂ ਕਰਨ ਲਈ ਦੂਜੀ ਵਿਸ਼ਵ ਜੰਗ 'ਚ ਜਰਮਨ ਨੂੰ ਤਬਾਹ ਕਰਨ ਤੋਂ ਇਲਾਵਾ ਸਾਲ 1933 'ਚ ਸੱਤਾ ਸੰਭਾਲਣ ਤੋਂ ਲੈ ਕੇ ਸਾਲ 1945 'ਚ ਜੰਗ ਦੇ ਖਾਤਮੇ ਤੱਕ ਦੂਜੇ ਫਿਰਕਿਆਂ ਦੇ ਲੋਕਾਂ ਦਾ ਖਾਤਮਾ ਕਰਕੇ ਜਰਮਨ ਨਸਲ ਦੇ ਸ਼ੁੱਧੀਕਰਨ ਲਈ ਮੁੱਢਲੇ ਤੌਰ 'ਤੇ ਮੁੱਖ ਵਿਰੋਧੀ ਧਿਰ ਕਮਿਊਨਿਸਟ ਪਾਰਟੀ ਨੂੰ ਹਟਾਉਣਾ, ਬਾਅਦ 'ਚ ਬੁੱਧੀਜੀਵੀਆਂ 'ਤੇ ਜ਼ੁਲਮ ਢਾਹੁਣਾ ਅਤੇ ਆਖਰਕਾਰ ਯਹੂਦੀਆਂ ਦਾ ਖਾਤਮਾ ਕਰਨਾ ਸੀ। ਕੈ. ਅਮਰਿੰਦਰ ਨੇ ਸੁਖਬੀਰ ਨੂੰ ਲਿਖੇ ਪੱਤਰ 'ਚ ਕਿਹਾ ਕਿ ਕਿਤਾਬ ਪੜ੍ਹੋ ਜਿਵੇਂ ਕਿ ਹਰ ਕੋਈ ਇਤਿਹਾਸ ਤੋਂ ਸਿੱਖਦਾ ਹੈ। ਦੁਨੀਆ ਬਦਲ ਗਈ ਹੈ ਅਤੇ ਸਾਡਾ ਟੈਲੀਵੀਜ਼ਨ ਅਤੇ ਹੋਰ ਮੀਡੀਆ ਸ਼ਕਤੀਸ਼ਾਲੀ ਹਨ ਅਤੇ ਯਕੀਨਨ ਤੌਰ 'ਤੇ ਤੀਹਵੇਂ ਦਹਾਕੇ 'ਚ ਜੋਸੇਫ ਗੋਏਬਲਜ਼ ਅਧੀਨ ਜਰਮਨ ਨਾਲੋਂ ਵੱਖਰਾ ਹੈ। ਇਸ ਦੇ ਬਾਵਜੂਦ ਮੁਸਲਮਾਨਾਂ ਅਤੇ ਯਹੂਦੀ ਭਾਈਚਾਰਿਆਂ ਨੂੰ ਖਤਮ ਕਰਨ ਲਈ ਕੈਂਪ ਲਾਉਣ ਅਤੇ ਕੌਮੀ ਰਜਿਸਟਰ ਦੀ ਗੱਲ ਕਰਨਾ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਕੁਝ ਸਿਆਸੀ ਪਾਰਟੀਆਂ ਮੁਲਕ ਭਰ 'ਚ ਯੂਨੀਵਰਸਿਟੀਆਂ ਨਾਲ ਮਿਲ ਕੇ ਰੋਸ ਪ੍ਰਗਟਾ ਰਹੀਆਂ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਬਾਕੀ ਵੀ ਇਸ ਲਹਿਰ 'ਚ ਸ਼ਾਮਲ ਹੋਣ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬੀਤੇ ਦਿਨ ਕੀਤੀ ਟਿਪੱਣੀ ਬਾਰੇ ਮੁੱਖ ਮੰਤਰੀ ਨੇ ਉਸ ਨੂੰ ਇਹ ਦੱਸਣਾ ਲਈ ਕਿਹਾ ਕਿ ਸੀ.ਏ.ਏ. ਦੇ ਮੁੱਦੇ 'ਤੇ ਅਕਾਲੀਆਂ ਨੂੰ ਐੱਨ. ਡੀ. ਏ. ਛੱਡਣ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ 'ਅਧੀਨਗੀ' ਕਿਵੇਂ ਹੋਈ। ਉਨ੍ਹਾਂ ਨੇ ਸੁਖਬੀਰ ਨੂੰ ਆਖਿਆ ਕਿ ਜਾਂ ਫਿਰ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੀ. ਏ. ਏ. ਵਿਰੁੱਧ ਸੜਕਾਂ 'ਤੇ ਉਤਰੇ ਲੱਖਾਂ ਲੋਕ ਵੀ ਗਾਂਧੀ ਪਰਿਵਾਰ ਦੀ ਖੁਸ਼ਾਮਦ ਲਈ ਅਜਿਹਾ ਕਰ ਰਹੇ ਹਨ। ਸੁਖਬੀਰ ਵੱਲੋਂ ਇਹ ਕਹਿਣਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਅਜਿਹਾ ਕਰ ਰਹੇ ਹਨ ਤਾਂ ਇਸ ਦਾ ਮੂੰਹ-ਤੋੜਵਾਂ ਜਵਾਬ ਦਿੰਦੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਕੁਰਸੀ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਅਜਿਹਾ ਜਾਪਦਾ ਹੈ ਕਿ ਤਹਾਨੂੰ ਆਪਣੀ ਪਤਨੀ ਹਰਸਿਮਰਤ ਬਾਦਲ ਦੀ ਕੇਂਦਰੀ ਮੰਡਲ ਮੰਡਲ 'ਚ ਮਿਲੀ ਕੁਰਸੀ ਦਾ ਫਿਕਰ ਸਤਾ ਰਿਹਾ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਇਸ ਨੂੰ ਛੱਡਣਾ ਨਹੀਂ ਚਾਹੁੰਦੇ। ਕੈ. ਅਮਰਿੰਦਰ ਸਿੰਘ ਨੇ ਚੁਟਕੀ ਲੈਂਦਿਆਂ ਕਿਹਾ ਕਿ ਇਹੀ ਇਕ ਕਾਰਨ ਹੋ ਸਕਦਾ ਹੈ ਕਿ ਸੀ. ਏ. ਏ. ਵਿਰੁੱਧ ਸਟੈਂਡ ਲੈਣ ਦਾ ਦਾਅਵਾ ਕਰਨ ਦੇ ਬਾਵਜੂਦ ਅਕਾਲੀ ਦਲ ਵੱਲੋਂ ਐੱਨ. ਡੀ. ਏ. ਤੋਂ ਬਾਹਰ ਆਉਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਸੁਖਬੀਰ ਦੀ ਟਿੱਪਣੀ ਨੂੰ ਸਿੱਧੇ ਤੌਰ 'ਤੇ ਦੋਹਰਾ ਸਟੈਂਡ ਦੱਸਦੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਜਾਣਬੁੱਝ ਕੇ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਰਿਹਾ ਹੈ ਤਾਂ ਕਿ ਸੀ. ਏ. ਏ ਬਾਰੇ ਉਨ੍ਹਾਂ ਦੀ ਸਰਕਾਰ ਵੱਲੋਂ ਲਏ ਸਟੈਂਡ 'ਤੇ ਲੋਕਾਂ ਨੂੰ ਮੂਰਖ ਬਣਾ ਸਕੇ।