ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

08/19/2019 12:23:25 PM

ਜਲੰਧਰ/ਰੂਪਨਗਰ— ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਕਈ ਪਿੰਡਾਂ 'ਚ ਹੜ੍ਹ ਦੇ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਕਈ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ। ਰੂਪਨਗਰ ਹੈੱਡਵਰਕਸ ਤੋਂ 2.40 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੂਪਨਗਰ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ। ਕੈਪਟਨ ਅਮਰਿੰਦਰ ਸਿੰਘ ਅੱਜ ਰੂਪਨਗਰ 'ਚ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਸਮੁੱਚੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਹਾਲਾਤ ਦਾ ਜਾਇਜ਼ਾ ਲੈਣਗੇ।

ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਦੱਸਿਆ ਕਿ ਅੱਜ ਹਾਲਾਤ 'ਚ ਕੁਝ ਸੁਧਾਰ ਹੈ। ਪ੍ਰਸ਼ਾਸਨ ਨੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ। ਭਾਖੜਾ 'ਚ ਅੱਜ ਬਾਅਦ ਦੁਪਹਿਰ ਕਰੀਬ 80,000 ਕਿਊਸਿਕ ਪਾਣੀ ਛੱਡਿਆ ਜਾ ਸਕਦਾ ਹੈ। ਪੰਜਾਬ 'ਚ ਬਹੁਤੀਆਂ ਥਾਵਾਂ ਉੱਤੇ ਅੱਜ ਵੀ ਰੁਕ–ਰੁਕ ਕੇ ਬਾਰਿਸ਼ ਹੋ ਰਹੀ ਹੈ। ਐਤਵਾਰ ਨੂੰ ਬੁਧਕੀ ਨਦੀਂ 'ਚ ਜਿਹੜਾ ਪਾੜ ਪੈ ਗਿਆ ਸੀ, ਉਹ ਹਾਲੇ ਤੱਕ ਪੂਰਿਆ ਨਹੀਂ ਜਾ ਸਕਿਆ।


Related News