ਕਿਉਂ ਪਾਕਿਸਤਾਨ ਨੂੰ ਭੇਜਿਆ ਜਾ ਰਿਹੈ ''ਪਾਣੀ'', ਕੈਪਟਨ ਕੋਲੋਂ ਸੁਣੋ ਕਾਰਨ

06/14/2019 12:43:15 PM

ਚੰਡੀਗੜ੍ਹ (ਭੁੱਲਰ) : ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ 'ਤੇ ਵੀ ਪਾਕਿਸਤਾਨ ਨੂੰ ਪੰਜਾਬ ਦਾ ਪਾਣੀ ਭੇਜਿਆ ਜਾ ਰਿਹਾ ਹੈ। ਇਸ ਦਾ ਕਾਰਨ ਦੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਰੱਖਿਅਤ ਕਦਮਾਂ ਵਜੋਂ ਵਾਧੂ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ 'ਚ ਹੜ੍ਹਾਂ ਤੋਂ ਬਚਿਆ ਜਾ ਸਕੇ। ਕੈਪਟਨ ਨੇ ਕਿਹਾ ਕਿ ਫਾਲਤੂ ਪਾਣੀ ਨੂੰ ਪਾਕਿਸਤਾਨ ਵੱਲ ਛੱਡਣ ਦਾ ਫੈਸਲਾ ਟੈਕਨੀਕਲ ਕਮੇਟੀ ਦੀ 28 ਮਈ ਨੂੰ ਹੋਈ ਮੀਟਿੰਗ 'ਚ ਕੀਤਾ ਗਿਆ ਸੀ, ਜਿਸ 'ਚ ਸਾਰੇ ਭਾਈਵਾਲ ਸੂਬਿਆਂ ਦੇ ਨੁਮਾਇੰਦੇ ਹਾਜ਼ਰ ਸਨ।

ਉਨ੍ਹਾਂ ਕਿਹਾ ਕਿ ਨਰਮਾ ਬੀਜਣ ਲਈ ਖੇਤਾਂ ਵਾਸਤੇ ਲੋੜੀਂਦੇ ਪਾਣੀ ਦੀ ਲੋੜ ਨਾਲ ਪੂਰੀ ਤਰ੍ਹਾਂ ਨਿਪਟਿਆ ਜਾ ਰਿਹਾ ਹੈ ਅਤੇ ਝੋਨੇ ਦੀ ਬੀਜਾਈ ਦੀਆਂ ਲੋੜਾਂ ਵਾਸਤੇ ਸਾਰੀਆਂ ਨਹਿਰਾਂ 'ਚ ਪਾਣੀ ਛੱਡਿਆ ਜਾ ਰਿਹਾ ਹੈ। ਕੈਪਟਨ ਨੇ ਦੱਸਿਆ ਕਿ ਪਿਛਲੇ 24 ਦਿਨਾਂ ਤੋਂ ਫਿਰੋਜ਼ਪੁਰ ਹੈੱਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ਼ ਔਸਤਨ ਪਾਣੀ ਰੋਜ਼ਾਨਾ ਦੇ ਆਧਾਰ 'ਤੇ ਛੱਡਿਆ ਗਿਆ ਹੈ ਅਤੇ ਇਸ ਸਬੰਧ 'ਚ ਨਿਯਮਿਤ ਤੌਰ 'ਤੇ ਸਥਿਤੀ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ 'ਤੇ ਆਉਂਦੇ ਦਿਨਾਂ ਦੌਰਾਨ ਕੰਟਰੋਲ ਕਰ ਲਿਆ ਜਾਵੇ

ਦੱਸ ਦੇਈਏ ਕਿ ਪੀ. ਡੀ. ਏ. ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ 'ਤੇ ਦੋਸ਼ ਲਾਏ ਸਨ ਕਿ ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ 'ਤੇ ਬਾਵਜੂਦ ਪੰਜਾਬ ਦਾ ਪਾਣੀ ਪਾਕਿਸਤਾਨ ਵੱਲ ਛੱਡਿਆ ਜਾ ਰਿਹਾ ਹੈ। ਖਹਿਰਾ ਵਲੋਂ 15000 ਤੋਂ 20000 ਕਿਊਸਿਕ ਪਾਣੀ ਛੱਡੇ ਜਾਣ ਦੇ ਆਧਾਰਹੀਣ ਦਾਅਵਿਆਂ ਨੂੰ ਕੈਪਟਨ ਵਲੋਂ ਰੱਦ ਕੀਤਾ ਗਿਆ ਹੈ। ਉਨ੍ਹਾਂ ਨੇ ਸੁਖਪਾਲ ਖਹਿਰਾ ਦੇ ਬਿਆਨ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਹੈ ਇਸ ਦਾ ਮਕਸਦ ਗਲਤ ਸੂਚਨਾ ਦਾ ਪਸਾਰ ਕਰਨਾ ਹੈ।


Babita

Content Editor

Related News