ਕੈਪਟਨ ਨੇ ''ਸਮਰਾਲਾ'' ਲਈ ਖੋਲ੍ਹਿਆ ਦਿਲ, ਗ੍ਰਾਂਟਾ ਲਈ ਵੰਡੇ ਖੁੱਲ੍ਹੇ ਗੱਫੇ

05/30/2019 4:26:03 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਾਈ ਸਾਲ ਬਾਅਦ ਹਲਕਾ ਸਮਰਾਲਾ 'ਚ ਆਮਦ 'ਤੇ ਲੋਕਾਂ ਦੀਆਂ ਉਮੀਦਾਂ 'ਤੇ ਉਹ ਖ਼ਰੇ ਉਤਰੇ ਅਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਮਿਹਨਤ ਰੰਗ ਲਿਆਈ ਕਿਉਂਕਿ ਹਲਕੇ ਦੇ ਵਿਕਾਸ ਲਈ ਕਾਂਗਰਸ ਨੇ ਗ੍ਰਾਂਟਾ ਦੇ ਖੁੱਲ੍ਹੇ ਗੱਫ਼ੇ ਵੰਡੇ ਅਤੇ ਇਸ ਦੇ ਨਾਲ ਹੀ ਵਿਕਾਸ ਲਈ ਨਵੇਂ ਪ੍ਰਾਜੈਕਟ ਐਲਾਨ ਕੀਤੇ।
ਫੂਡ ਪ੍ਰੋਸੈਸਿੰਗ ਪਲਾਂਟ ਦੇ ਨੀਂਹ ਪੱਥਰ ਰੱਖਣ ਉਪਰੰਤ ਰੈਲੀ ਦੌਰਾਨ ਅਮਰੀਕ ਸਿੰਘ ਢਿੱਲੋਂ ਨੇ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ, ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉਚਾ ਚੁੱਕਣ ਲਈ ਪ੍ਰੋਜੈਕਟ ਅਤੇ ਹੋਰ ਕਈ ਮੰਗਾਂ ਰੱਖੀਆਂ। ਇਨ੍ਹਾਂ ਮੰਗਾਂ 'ਤੇ ਮੁੱਖ ਮੰਤਰੀ ਨੇ ਖੁੱਲ੍ਹੇ ਦਿਲ ਨਾਲ ਹਲਕੇ ਨੂੰ ਗ੍ਰਾਂਟਾ ਦੇ ਗੱਫੇ ਦਿੱਤੇ, ਜਿਸ ਨਾਲ ਵਿਧਾਇਕ ਢਿੱਲੋਂ ਦਾ ਕਦ ਇਲਾਕੇ 'ਚ ਉੱਚਾ ਹੋਇਆ। 
ਗਨੀ ਖਾਂ ਨਬੀ ਖਾਂ ਦੀ ਯਾਦਗਾਰ ਸਥਾਪਿਤ ਕਰਨ ਦਾ ਐਲਾਨ 
ਕੈਪਟਨ ਨੇ ਐਲਾਨ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਕਾਰਨ ਮਾਛੀਵਾੜਾ ਸਾਹਿਬ ਦੀ ਧਰਤੀ ਬਹੁਤ ਪਵਿੱਤਰ ਅਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਇਸ ਸ਼ਹਿਰ ਦੇ ਵਾਸੀ ਰਹੇ ਗਨੀ ਖਾਂ ਨਬੀ ਖਾਂ ਦੀ ਯਾਦ 'ਚ ਇੱਕ ਵੱਡੀ ਯਾਦਗਾਰ ਸਥਾਪਿਤ ਕੀਤੀ ਜਾਵੇਗੀ ਅਤੇ ਵਿਧਾਇਕ ਢਿੱਲੋਂ ਜੋ ਵੀ ਤਜਵੀਜ਼ ਬਣਾ ਕੇ ਲਿਆਉਣਗੇ, ਜਿਸ ਉਪਰ ਜਿੰਨੇ ਕਰੋੜ ਖਰਚਾ ਆਵੇਗਾ, ਉਸ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
ਸੜਕ ਦੀ ਮੁਰੰਮਤ ਲਈ 8 ਕਰੋੜ ਦਾ ਐਲਾਨ
ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਮਾਛੀਵਾੜਾ ਗਨੀ ਖਾਂ ਨਬੀ ਖਾਂ ਗੇਟ ਤੋਂ ਲੈ ਕੇ ਚੱਕ ਲੋਹਟ ਤੱਕ ਜਾਂਦੀ ਸੜਕ ਜੋ ਬੇਟ ਖੇਤਰ ਦੇ ਪਿੰਡਾਂ ਨੂੰ ਜੋੜਦੀ ਹੈ, ਉਸ ਦੀ ਖਸਤਾ ਹਾਲਤ ਨੂੰ ਦੇਖਦਿਆਂ 8 ਕਰੋੜ ਰੁਪਏ ਮੁਰੰਮਤ ਲਈ ਐਲਾਨ ਕੀਤੇ ਅਤੇ ਨਾਲ ਹੀ ਰੋਪੜ ਰੋਡ 'ਤੇ ਸਥਿਤ ਪਿੰਡ ਕੱਚਾ ਮਾਛੀਵਾੜਾ ਵਿਖੇ ਨਵੀਂ ਸਿਹਤ ਡਿਸਪੈਂਸਰੀ ਵੀ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ। ਮਾਛੀਵਾੜਾ ਤੇ ਸਮਰਾਲਾ ਸ਼ਹਿਰ ਦੇ ਵਿਕਾਸ ਲਈ 3 ਕਰੋੜ ਰੁਪਏ ਦੀ ਗ੍ਰਾਂਟ ਤੋਂ ਇਲਾਵਾ 20 ਲੱਖ ਰੁਪਏ ਸਮਰਾਲਾ ਸ਼ਹਿਰ 'ਚ ਕਮਿਊਨਿਟੀ ਸੈਂਟਰ ਲਈ ਖਰਚੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲਾ ਸ਼ਹਿਰ ਦੇ ਸੀਵਰੇਜ਼ ਪ੍ਰੋਜੈਕਟ ਨੂੰ ਮੁਕੰਮਲ ਲਈ ਜੋ ਵੀ ਗ੍ਰਾਂਟ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾ ਦਿੱਤੀ ਜਾਵੇਗੀ। ਮਾਛੀਵਾੜਾ 'ਚ ਨਵੀਂ ਤਕਨੀਕੀ ਕਾਲਜ ਆਈ. ਟੀ. ਆਈ ਖੋਲ੍ਹੀ ਜਾਵੇਗੀ, ਜਿੱਥੇ ਇਲਾਕੇ ਦੇ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਤਕਨੀਕੀ ਕਰੋਸ ਕਰ ਸਕਣਗੇ। 
ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ
ਅਮਰੀਕ ਸਿੰਘ ਢਿੱਲੋਂ ਨੇ ਕੈਪਟਨ ਅਮਰਿੰਦਰ ਸਿੰਘ ਕੋਲ ਮੁੱਦਾ ਉਠਾਇਆ ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਦੇ ਇਲਾਕੇ ਦੇ ਕਈ ਪਿੰਡਾਂ 'ਚ ਗੜ੍ਹੇਮਾਰੀ ਤੇ ਮੀਂਹ ਨਾਲ ਹਜ਼ਾਰਾਂ ਏਕੜ ਕਣਕ ਤੇ ਮੱਕੀ ਦੀ ਫਸਲ ਤਬਾਹ ਹੋ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਅਤੇ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕੈਪਟਨ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਖਰਾਬ ਹੋਈ ਫਸਲ ਦੀ ਗਿਰਦਾਵਰੀ ਕਰਵਾ ਕੇ 31 ਮਈ ਤੱਕ ਰਿਪੋਰਟ ਭੇਜ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਮਿਲ ਜਾਵੇਗਾ। 
ਨੈਸ਼ਨਲ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜਾ ਦੇਣ ਦਾ ਮਾਮਲਾ ਲਟਕਿਆ 
ਅਮਰੀਕ ਸਿੰਘ ਢਿੱਲੋਂ ਮਾਛੀਵਾੜਾ ਸ਼ਹਿਰ 'ਚ ਸਥਿਤ ਲੜਕੀਆਂ ਦੇ ਨੈਸ਼ਨਲ ਕਾਲਜ ਫਾਰ ਵਿਮੈਨ ਨੂੰ ਸਰਕਾਰੀ ਕਾਲਜ ਦਾ ਦਰਜ਼ਾ ਦਿਵਾਉਣ ਲਈ ਪਿਛਲੇ 2 ਸਾਲਾਂ ਤੋਂ ਯਤਨਸ਼ੀਲ ਹਨ, ਜਿਸ ਸਬੰਧੀ ਪ੍ਰਕਿਰਿਆ ਲੱਗਭਗ ਮੁਕੰਮਲ ਹੋ ਚੁੱਕੀ ਸੀ ਪਰ ਅੱਜ ਮੁੱਖ ਮੰਤਰੀ ਵਲੋਂ ਆਪਣੇ ਵਲੋਂ ਕੀਤੇ ਐਲਾਨੇ 'ਚ ਨੈਸ਼ਨਲ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜ਼ਾ ਦੇਣ ਦਾ ਜ਼ਿਕਰ ਨਹੀਂ ਕੀਤਾ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਫਿਲਹਾਲ ਲਟਕ ਗਿਆ ਹੈ। 
 


Babita

Content Editor

Related News