'ਨਸ਼ੇ ਵਾਲੇ ਵੱਡੇ ਬੰਦਿਆਂ ਦੇ ਮੈਨੂੰ ਨਾਂ ਦਿਓ, ਕੱਲ੍ਹ ਫੜ੍ਹ ਲਵਾਂਗੇ : ਕੈਪਟਨ
Thursday, Feb 21, 2019 - 11:53 AM (IST)
ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਸ਼ੇ ਦੇ ਮੁੱਦੇ 'ਤੇ ਬੋਲਣ ਵਾਲਿਆਂ ਨੂੰ ਜਵਾਬ ਦਿੱਤਾ। ਮੁੱਖ ਮੰਤਰੀ ਨੇ ਕਿਹਾ 'ਕਹਿੰਦੇ ਨੇ, ਵੱਡੇ ਫੜ੍ਹੋ, ਨਸ਼ੇ ਵਾਲੇ ਵੱਡੇ ਬੰਦਿਆਂ ਦੇ ਮੈਨੂੰ ਨਾਂ ਦਿਓ, ਕੱਲ ਫੜ੍ਹ ਲਵਾਂਗੇ, ਕੋਈ ਮੁਸ਼ਕਿਲ ਨਹੀਂ ਹੈ।' ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ 'ਤੇ ਬੋਲਣ ਵਾਲਿਆਂ ਨੂੰ ਕੀ ਲੱਗਦਾ ਹੈ ਕਿ ਸਪੈਸ਼ਲ ਟਾਸਕ ਫੋਰਸ ਘਰ ਬੈਠੀ ਹੈ, ਕੀ ਉਹ ਆਪਣਾ ਕੰਮ ਨਹੀਂ ਕਰ ਰਹੀ ਹੈ। ਟਾਸਕ ਫੋਰਸ ਲਗਾਤਾਰ ਰੇਡ ਕਰ ਰਹੀ ਹੈ ਅਤੇ ਜੋ ਵੀ ਸੂਚਨਾਵਾਂ ਆਉਂਦੀਆਂ ਹਨ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਨਹੀਂ ਪਰ ਦੇਸ਼ ਦੇ ਬਾਹਰ ਇਕ-ਦੋ ਲੋਕ ਹਨ, ਜੋ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਸਨ ਤੇ ਜਦੋਂ ਵੀ ਉਹ ਇੱਥੇ ਆਉਣਗੇ, ਨੂੰ ਵੀ ਫੜ੍ਹ ਲਿਆ ਜਾਵੇਗਾ।
ਇਸ ਲਈ ਨਸ਼ੇ ਨੂੰ ਲੈ ਕੇ ਸਰਕਾਰ ਖਿਲਾਫ ਬੋਲਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਪੈਸ਼ਲ ਟਾਸਕ ਫੋਰਸ ਜਿੰਨਾ ਕਰ ਸਕਦੀ ਹੈ, ਕਰ ਰਹੀ ਹੈ। ਮੁੱਖ ਮੰਤਰੀ ਨੇ ਪੁਲਸ ਵਿਭਾਗ 'ਚ ਅਫਸਰਾਂ ਦੀ ਨਿਯੁਕਤੀ 'ਤੇ ਵੀ ਦੋ-ਟੁੱਕ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੈਂ ਵੇਖਣਾ ਹੈ ਕਿ ਕਿਸ ਅਫਸਰ ਨੂੰ ਕਿੱਥੇ ਤਾਇਨਾਤ ਕਰਨਾ ਹੈ। ਫੋਰਸ ਬਿਹਤਰ ਕੰਮ ਕਰ ਰਹੀ ਹੈ, ਇਸ ਲਈ ਸਵਾਲ ਚੁੱਕਣ ਦਾ ਕੋਈ ਮਤਲਬ ਨਹੀਂ ਹੈ।