ਕੈਪਟਨ ਦੀ ਮੁਸ਼ਕਿਲ ਵਧਾਉਣਗੇ ਸਾਬਕਾ ਡੀ. ਜੀ. ਪੀ. ਸੁਮੈਧ ਸੈਣੀ!

11/29/2018 7:56:21 AM

ਲੁਧਿਆਣਾ, (ਮਹਿਰਾ)- ਬਹੁ-ਚਰਚਿਤ ਲੁਧਿਆਣਾ ਦੇ ਸਿਟੀ ਸੈਂਟਰ ਕੇਸ 'ਚ ਉਸ  ਸਮੇਂ ਇਕ ਨਵਾਂ ਮੋਡ਼ ਆ ਗਿਆ, ਜਦੋਂ ਸਿਟੀ ਸੈਂਟਰ ਕੇਸ 'ਚ ਐੱਫ. ਆਈ. ਆਰ. ਦਰਜ ਹੋਣ  ਦੌਰਾਨ ਪੰਜਾਬ ਦੇ ਡੀ. ਜੀ. ਪੀ. ਰਹੇ ਸੁਮੇਧ ਸੈਣੀ ਨੇ ਆਪਣੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਰਾਹੀਂ ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰ ਕੇ ਉਨ੍ਹਾਂ ਨੂੰ ਅਦਾਲਤ ਵਲੋਂ ਨੋਟਿਸ ਜਾਰੀ ਕਰਨ ਦੀ ਬੇਨਤੀ  ਕੀਤੀ।

ਉਨ੍ਹਾਂ ਨੇ ਅਦਾਲਤ 'ਚ ਦਾਖਲ ਆਪਣੀ ਅਰਜ਼ੀ ਵਿਚ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਸਿਟੀ ਸੈਂਟਰ ਕੇਸ ਨਾਲ ਜੁਡ਼ੇ ਕਈ ਮਹੱਤਵਪੂਰਨ ਤੱਥ ਅਤੇ ਦਸਤਾਵੇਜ਼ ਅਦਾਲਤ  ਸਾਹਮਣੇ ਰੱਖ ਸਕਦੇ ਹਨ। ਇਸ ਤੋਂ ਪਹਿਲਾਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ.  ਕਵਲਜੀਤ ਸਿੰਘ ਸੰਧੂ ਵੀ ਸਿਟੀ ਸੈਂਟਰ ਦੇ ਕੇਸ ਵਿਚ ਅਰਜ਼ੀ ਦੇ ਚੁੱਕੇ ਹਨ ਪਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ  ਰੱਦ ਕਰ ਦਿੱਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ ਹਾਈ ਕੋਰਟ 'ਚ ਵੀ  ਪਟੀਸ਼ਨ ਦਾਖਲ ਕੀਤੀ ਸੀ, ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਤਰੀਕ 'ਤੇ  ਹੀ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਵਿਰੁੱਧ ਸਿਟੀ ਸੈਂਟਰ ਕੇਸ ਨੂੰ ਰੱਦ ਕਰਵਾਉਣ ਲਈ ਅਦਾਲਤ  'ਚ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ 'ਤੇ ਸੈਸ਼ਨ ਕੋਰਟ 'ਚ ਬਹਿਸ ਸ਼ੁਰੂ ਹੋ ਗਈ ਸੀ ਅਤੇ  ਪਿਛਲੀ ਪੇਸ਼ੀ 'ਤੇ ਮੁਦੱਈ ਪੱਖ ਵਲੋਂ ਪੰਜਾਬ ਦੇ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ  ਵਿਜੇ ਸਿੰਗਲਾ ਅਤੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਨੇ ਬਹਿਸ ਸ਼ੁਰੂ ਕਰਦੇ ਹੋਏ  ਅਦਾਲਤ ਦੇ ਸਾਹਮਣੇ ਕੇਸ ਦੇ ਪਹਿਲੂ ਰੱਖੇ ਪਰ ਅੱਜ ਕੈਪਟਨ ਅਮਰਿੰਦਰ ਸਿੰਘ ਦੀਆਂ  ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆਈਆਂ, ਜਦੋਂ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ  ਸੈਣੀ ਨੇ ਅਚਾਨਕ ਅਦਾਲਤ 'ਚ  ਆਪਣੀ ਉਪਰੋਕਤ ਅਰਜ਼ੀ ਦਾਖਲ ਕਰ ਦਿੱਤੀ।

ਇਸ ਨੂੰ ਸਿਟੀ  ਸੈਂਟਰ ਕੇਸ 'ਚ ਨਾਮਜ਼ਦ ਦੋਸ਼ੀਆਂ, ਮੁੱਖ ਮੰਤਰੀ ਕੈਪਟਨ ਸਿੰਘ ਅਤੇ ਹੋਰਨਾਂ ਲਈ ਵੀ ਝਟਕਾ  ਮੰਨਿਆ ਜਾ ਰਿਹਾ ਹੈ। ਸੁਮੇਧ ਸੈਣੀ ਨੇ ਅਦਾਲਤ 'ਚ ਦਾਖਲ ਆਪਣੀ ਅਰਜ਼ੀ ਵਿਚ ਇਹ ਵੀ ਦਾਅਵਾ  ਕੀਤਾ ਕਿ ਉਹ ਕੇਸ ਨਾਲ ਜੁਡ਼ੇ ਸਾਰੇ ਦਸਤਾਵੇਜ਼ਾਂ ਦਾ ਪੁਲੰਦਾ ਸੀਲਬੰਦ ਲਿਫਾਫੇ 'ਚ  ਸੌਂਪਣਾ ਚਾਹੁੰਦੇ ਹਨ। ਬੇਸ਼ੱਕ ਅਦਾਲਤ ਚਾਹੇ ਤਾਂ ਉਹ ਉਸ ਨੂੰ ਜਨਤਕ ਵੀ ਕਰ ਦੇਵੇ। ਅਦਾਲਤ  'ਚ ਦਾਇਰ ਕੀਤੀ ਗਈ ਉਕਤ ਅਰਜ਼ੀ ਤੋਂ ਬਾਅਦ ਹੁਣ ਸਿਟੀ ਸੈਂਟਰ ਕੇਸ ਦਾ ਨਿਪਟਾਰਾ ਜਲਦੀ  ਹੋਣਾ ਸੰਭਵ ਨਹੀਂ ਲਗਦਾ ਅਤੇ ਇਸ 'ਤੇ ਅਜੇ ਸਮਾਂ ਲੱਗਣਾ ਤੈਅ ਹੈ ਅਤੇ ਹਾਲ ਦੀ ਘਡ਼ੀ ਇਸ  ਕੇਸ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਨਾਂ ਨੂੰ ਨਿਜਾਤ ਮਿਲਦੀ ਨਜ਼ਰ  ਨਹੀਂ ਆ ਰਹੀ ਅਤੇ ਕਾਨੂੰਨੀ ਪੇਚੀਦਗੀਆਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ  ਹੋਰਨਾਂ ਨੂੰ ਅਜੇ ਹੋਰ ਉਡੀਕ ਕਰਨੀ ਪਵੇਗੀ। ਸੈਣੀ ਦੀ ਅਰਜ਼ੀ 'ਤੇ ਸੁਣਵਾਈ 7 ਦਸੰਬਰ ਨੂੰ  ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿਚ ਹੋਵੇਗੀ। ਅਦਾਲਤ ਨੇ ਸੁਮੇਧ ਸੈਣੀ ਦੀ ਉਕਤ ਅਰਜ਼ੀ 'ਤੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। 


Related News