ਬਜਟ ਤੋਂ ਪਹਿਲਾਂ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਖੇਤੀਬਾੜੀ ਪ੍ਰੋਗਰਾਮਾਂ ਲਈ ਮੰਗੀ ਹਿੱਸੇਦਾਰੀ
Wednesday, Jan 31, 2018 - 06:32 PM (IST)
ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ 'ਚ ਕੇਂਦਰ ਦੀ 90 ਫੀਸਦੀ ਹਿੱਸੇਦਾਰੀ ਮੰਗੀ ਹੈ। ਮੋਦੀ ਨੂੰ ਚਿੱਠੀ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਖੇਤੀਬਾੜੀ ਖੇਤਰ 'ਚ ਚੱਲ ਰਹੇ ਆਰਥਿਕ ਸੰਕਟ ਨੂੰ ਦੇਖਦੇ ਹੋਏ ਕੇਂਦਰ ਦੀ ਹਿੱਸੇਦਾਰੀ 90 ਅਤੇ ਸੂਬਾ ਸਰਕਾਰ ਦੀ 10 ਫੀਸਦੀ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਫਸਲ ਵਿਭਿੰਨਤਾ ਵਰਗੇ ਪ੍ਰੋਗਰਾਮਾਂ ਨਾਲ ਹੀ ਖੇਤੀਬਾੜੀ ਖੇਤਰ 'ਚ ਵਿਕਾਸ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 5 ਸਾਲਾਂ 'ਚ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਉਦੋਂ ਤੱਕ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਕੇਂਦਰ ਸਰਕਾਰ ਸੂਬਿਆਂ ਨੂੰ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ 90 ਫੀਸਦੀ ਸਹਿਯੋਗ ਨਹੀਂ ਦਿੰਦੀ ਹੈ। ਉਨ੍ਹਾਂ ਨੇ ਪੰਜਾਬ ਦੀ ਖੇਤੀਬਾੜੀ ਖੇਤਰ 'ਚ ਹਿੱਸੇਦਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੌਜੂਦਾ ਉਪਲੱਬਧ ਤਕਨੀਕ ਨੂੰ ਹੋਰ ਵਧਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਚਾਵਲ ਅਤੇ ਕਣਕ ਦੇ ਚੱਕਰ 'ਚੋਂ ਕਿਸਾਨਾਂ ਨੂੰ ਕੱਢਣ ਦੀ ਲੋੜ ਹੈ ਕਿਉਂਕਿ ਇਨ੍ਹਾਂ ਫਸਲਾਂ ਦੇ ਕਾਰਨ ਮਿੱਟੀ ਅਤੇ ਪਾਣੀ ਦੀ ਗਲਤ ਵਰਤੋਂ ਵਧੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਫਸਲ ਵਿਭਿੰਨਤਾ ਦੀ ਸਭ ਤੋਂ ਵੱਧ ਲੋੜ ਹੈ।
ਉਨ੍ਹਾਂ ਨੇ ਖੇਤਰੀ ਯੋਜਨਾਵਾਂ ਵਰਗੇ ਆਰ. ਕੇ. ਵੀ. ਆਈ, ਐੱਮ. ਆਈ. ਡੀ. ਐੱਚ, ਐੱਨ. ਐੱਫ. ਐੱਸ. ਐੱਨ, ਏ. ਟੀ. ਐੱਮ. ਏ. ਆਦਿ 'ਚ ਕੇਂਦਰ ਦੀ ਘੱਟ ਹਿੱਸੇਦਾਰੀ 'ਤੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਸੂਬਿਆਂ ਨੂੰ 40 ਫੀਸਦੀ ਯੋਗਦਾਨ ਪਾਉਣ ਲਈ ਕਿਹਾ ਜਾ ਰਿਹਾ ਹੈ ਜੋਕਿ ਉੱਚਿਤ ਨਹੀਂ ਹੈ। ਸੂਬਾ ਸਰਕਾਰਾਂ ਦੇ ਸਰੋਤ ਅਤੇ ਆਮਦਨੀ ਪਹਿਲਾਂ ਤੋਂ ਹੀ ਸੀਮਿਤ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਖੇਤੀਬਾੜੀ ਖੇਤਰ 'ਚ ਰਿਸਰਚ ਹੋ ਰਹੇ ਹਨ, ਜਿਸ ਨੂੰ ਭਾਰਤ 'ਚ ਹੀ ਲਾਗੂ ਕਰਨ ਦੀ ਲੋੜ ਹੈ। ਖੇਤੀਬਾੜੀ ਖੇਤਰ 'ਚ ਨਿਵੇਸ਼ ਨੂੰ ਵਾਧਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਵੀ ਉੱਚਿਤ ਮੁੱਲ ਕੇਂਦਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਹੈ। ਇਸ ਪਾਸੇ ਵੀ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਹੋਵੇਗਾ ਕਿ ਕਿਉਂਕਿ ਕਿਸਾਨਾਂ ਨੂੰ ਉੱਨਤ ਕੀਤੇ ਬਿਨਾਂ ਦੇਸ਼ 'ਚ ਆਰਥਿਕ ਵਿਕਾਸ ਸੰਭਵ ਨਹੀਂ।
