ਕੈਪਟਨ ਅਮਰਿੰਦਰ ਸਿੰਘ ਨੂੰ ਉਪ ਰਾਸ਼ਟਰਪਤੀ ਜਾਂ ਕਿਸੇ ਸੂਬੇ ਦਾ ਰਾਜਪਾਲ ਨਿਯੁਕਤ ਕਰਨ ਦੀ ਛਿੱੜੀ ਚਰਚਾ

Sunday, Jul 03, 2022 - 11:41 AM (IST)

ਕੈਪਟਨ ਅਮਰਿੰਦਰ ਸਿੰਘ ਨੂੰ ਉਪ ਰਾਸ਼ਟਰਪਤੀ ਜਾਂ ਕਿਸੇ ਸੂਬੇ ਦਾ ਰਾਜਪਾਲ ਨਿਯੁਕਤ ਕਰਨ ਦੀ ਛਿੱੜੀ ਚਰਚਾ

ਅੰਮ੍ਰਿਤਸਰ (ਪੰਕੇਸ਼) - ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਸਰਕਾਰ ਸਮੇਂ ਉਨ੍ਹਾਂ ਦੇ ਨਿੱਜੀ ਸਟਾਫ ਵਿਚ ਤਾਇਨਾਤ ਰਹੇ ਆਗੂਆਂ ਵੱਲੋਂ ਉਨ੍ਹਾਂ ਦੀਆਂ ਇੰਗਲੈਂਡ ਤੋਂ ਫੋਟੋਆਂ ਵਾਇਰਲ ਕਰ ਪੰਜਾਬੀਆਂ ਨੂੰ ਆਖਿਰ ਕੀ ਸੰਦੇਸ਼ ਦਿੱਤਾ ਜਾ ਰਿਹਾ, ਇਸ ਬਾਰੇ ਸਿਆਸੀ ਗਲਿਆਰਿਆਂ ਵਿਚ ਚਰਚਾ ਛਿੜੀ ਹੋਈ ਹੈ। ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਲੰਡਨ ਵਿਚ ਆਪਣੀ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕਰਵਾਇਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ 2 ਮਹੀਨਿਆਂ ਤੋਂ ਵੱਧ ਸਮੇਂ ਆਰਾਮ ਦੀ ਸਲਾਹ ਦਿੱਤੀ ਹੈ, ਜਿਸ ਕਰ ਕੇ ਇਹ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ ਕਿ ਉਹ ਸਤੰਬਰ ਤੱਕ ਭਾਰਤ ਵਿਚ ਵਾਪਸ ਆਉਣਗੇ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਇਸ ਦੌਰਾਨ ਸੋਸ਼ਲ ਮੀਡੀਆ ਰਾਹੀਂ ਇਕ ਕੰਪੇਨ ਸ਼ੁਰੂ ਕੀਤੀ ਗਈ ਕਿ ਕੈ. ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਸਿੱਖ ਚਿਹਰੇ ਵਜੋਂ ਦੇਸ਼ ਦਾ ਅਗਲਾ ਉਪ ਰਾਸ਼ਟਰਪਤੀ ਬਣਾਉਣਾ ਚਾਹੁੰਦੀ ਹੈ, ਕਿਉਂਕਿ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਉਪ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਇਹ ਸੰਦੇਸ਼ ਵੀ ਦਿੱਤਾ ਜਾ ਰਿਹਾ ਕਿ ਕੇਂਦਰ ਸਰਕਾਰ ਕੈ. ਅਮਰਿੰਦਰ ਸਿੰਘ ਨੂੰ ਕਿਸੇ ਸੂਬੇ ਦਾ ਰਾਜਪਾਲ ਨਿਯੁਕਤ ਕਰ ਸਕਦੀ ਹੈ। ਕੈਪਟਨ ਨੇ ਕਾਂਗਰਸ ਛੱਡਣ ਤੋਂ ਬਾਅਦ ਪੰਜਾਬ ਲੋਕ ਕਾਂਗਰਸ (ਪੀ. ਐੱਲ. ਸੀ.) ਦਾ ਗਠਨ ਕੀਤਾ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੀਆਂ ਸਨ। ਇਨ੍ਹਾਂ ਚੋਣਾਂ ਵਿਚ ਪੀ. ਐੱਲ. ਸੀ. ਆਪਣਾ ਖਾਤਾ ਤੱਕ ਖੋਲ੍ਹਣ ’ਚ ਸਫਲ ਨਹੀਂ ਹੋ ਸਕੇਗੀ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਇਥੋਂ ਤੱਕ ਕਿ ਕੈ. ਅਮਰਿੰਦਰ ਸਿੰਘ ਖੁਦ ਆਪਣੀ ਜੱਦੀ ਪਟਿਆਲਾ ਸ਼ਹਿਰੀ ਸੀਟ ਬੁਰੀ ਤਰ੍ਹਾਂ ਹਾਰ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਭਾਜਪਾ ਨੇ ਗਠਜੋੜ ਕੀਤਾ ਸੀ ਤਾਂ ਪਾਰਟੀ ਨੂੰ ਵੱਡੀਆਂ ਉਮੀਦਾਂ ਸਨ ਕਿ ਕੈਪਟਨ ਕ੍ਰਿਸ਼ਮਈ ਆਗੂ ਹਨ, ਜਿਸ ਕਰ ਕੇ ਭਾਜਪਾ ਨੂੰ ਪੰਜਾਬ ਵਿਚ ਉਸ ਦਾ ਲਾਭ ਮਿਲੇਗਾ। ਨਤੀਜੇ ਆਉਣ ਤੋਂ ਬਾਅਦ ਭਾਜਪਾ ਨੂੰ ਕਾਫੀ ਝਟਕਾ ਲੱਗਾ ਅਤੇ ਕੈ. ਅਮਰਿੰਦਰ ਸਿੰਘ ਖੁਦ ਆਪਣੀ ਸੀਟ ਹਾਰ ਗਏ ਸੀ। ਕੈਪਟਨ ਲਈ ਵੋਟਾਂ ਮੰਗਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜਲ ਸੰਸਾਧਨ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਭਾਜਪਾ ਦੇ ਕਈ ਐੱਮ. ਪੀ., ਐੱਮ. ਐੱਲ. ਏ. ਚੋਣ ਪ੍ਰਚਾਰ ਕਰ ਕੇ ਗਏ ਸਨ। ਉਨ੍ਹਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਕਾਂਗਰਸ ਦਾ ਐੱਮ. ਪੀ. ਹੁੰਦੇ ਹੋਏ ਵੀ ਕੈ. ਅਮਰਿੰਦਰ ਸਿੰਘ ਲਈ ਵੋਟਾਂ ਮੰਗੀਆਂ ਪਰ ਇਸ ਦੇ ਬਾਵਜੂਦ ਉਹ ਹਾਰ ਗਏ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੈ. ਅਮਰਿੰਦਰ ਸਿੰਘ ਦੀਆਂ ਲੰਡਨ ਤੋਂ ਫੋਟੋਆਂ ਵਾਇਰਲ ਕਰ ਕੇ ਸ਼ਾਇਦ ਭਾਜਪਾ ਹਾਈਕਮਾਂਡ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਕੈ. ਅਮਰਿੰਦਰ ਸਿੰਘ ਪੂਰੀ ਤਰ੍ਹਾਂ ਫਿੱਟ ਹਨ। ਕੋਈ ਵੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਿਲ ਹਨ। ਇਹ ਫੋਟੋਆਂ ਕੈਪਟਨ ਦੀ ਸਪੁੱਤਰੀ ਅਤੇ ਉਨ੍ਹਾਂ ਦੀ ਸਿਆਸੀ ਵਾਰਿਸ ਦੇ ਤੌਰ ’ਤੇ ਦੇਖੀ ਜਾ ਰਹੀ ਬੀਬਾ ਜੈਇੰਦਰ ਕੌਰ ਅਤੇ ਮੁੱਖ ਮੰਤਰੀ ਸਮੇਂ ਕੈਪਟਨ ਦੇ ਓ. ਐੱਸ. ਡੀ. ਰਹੇ ਮੇਜਰ ਅਮਰਦੀਪ ਸਿੰਘ ਵੱਲੋਂ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਹਨ।

ਸੂਬਾ ਭਾਜਪਾ ਲੀਡਰਸ਼ਿਪ ਅਤੇ ਵਰਕਰ ਕੈਪਟਨ ਨੂੰ ਐਡਜਸਟ ਕਰਨ ਦੇ ਪੱਖ ’ਚ ਨਹੀਂ
ਭਾਰਤੀ ਜਨਤਾ ਪਾਰਟੀ ਦੀ ਸੂਬਾ ਲੀਡਰਸ਼ਿਪ ਅਤੇ ਇਸ ਦੇ ਵਰਕਰ ਕੈਪਟਨ ਨੂੰ ਐਡਜਸਟ ਕਰਨ ਵਿਚ ਸਹਿਮਤ ਨਹੀਂ ਹਨ। ਸੂਤਰਾਂ ਅਨੁਸਾਰ 2022 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ ਚਾਹੁੰਦੀ ਸੀ ਕਿ ਹਰਿਆਣਾ ਦੀ ਤਰਜ ’ਤੇ ਪੰਜਾਬ ਵਿਚ ਪਾਰਟੀ ਆਪਣੇ ਦਮ ’ਤੇ ਚੋਣ ਲੜੇ। 2022 ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਰਾਸ਼ਟਰਵਾਦੀ ਅਤੇ ਹਿੰਦੂਤਵਵਾਦੀ ਸੋਚ ਵਾਲੇ ਭਾਜਪਾ ਦੇ ਵੋਟਰਾਂ ਨੇ ਵੋਟ ਪਾਈ ਹੈ, ਜਦੋਂਕਿ ਕੈ. ਅਮਰਿੰਦਰ ਸਿੰਘ ਦਾ ਪੰਜਾਬ ਵਿਚ ਆਪਣਾ ਕੋਈ ਵੱਡਾ ਵੋਟ ਬੈਂਕ ਨਹੀਂ ਹੈ। ਪਾਰਟੀ ਦੇ ਸਥਾਨਕ ਆਗੂ ਅਤੇ ਵਰਕਰ ਲਗਾਤਾਰ ਹਾਈਕਮਾਂਡ ’ਤੇ ਦਬਾਅ ਪਾ ਰਹੇ ਸਨ ਕਿ ਅਕਾਲੀ ਦਲ ਤੋਂ ਖਹਿੜਾ ਛੁਟਣ ਤੋਂ ਬਾਅਦ ਭਾਜਪਾ ਨੂੰ ਪੰਜਾਬ ’ਚ ਆਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਸਥਾਨਕ ਲੀਡਰਸ਼ਿਪ ਵੱਲੋਂ ਹਾਈਕਮਾਂਡ ਨੂੰ ਇਹ ਵੀ ਫੀਡਬੈਕ ਭੇਜੀ ਗਈ ਕਿ ਜੇਕਰ 2022 ਵਿਚ ਭਾਜਪਾ ਆਪਣੇ ਬਲਬੂਤੇ ’ਤੇ ਚੋਣ ਲੜਦੀ ਤਾਂ ਨਤੀਜੇ ਵਧੀਆ ਆਉਣੇ ਸਨ। ਸੰਗਰੂਰ ਵਿਚ ਜਿਥੇ ਭਾਜਪਾ ਦਾ ਕੋਈ ਆਧਾਰ ਨਹੀਂ ਅਤੇ ਕਿਸਾਨੀ ’ਤੇ ਪੇਂਡੂ ਵੋਟ ਬੈਂਕ ਜ਼ਿਆਦਾ ਹੈ, ਉਥੇ ਹਾਲ ਹੀ ਵਿਚ ਹੋਈ ਲੋਕ ਸਭਾ ਉਪ ਚੋਣ ਵਿਚ ਭਾਜਪਾ ਦਾ ਪ੍ਰਦਰਸ਼ਨ ਅਕਾਲੀ ਦਲ ਨਾਲੋਂ ਕਿਤੇ ਵਧੀਆ ਰਿਹਾ। ਜੇਕਰ ਇਸ ਸੀਟ ’ਤੇ ਪਾਰਟੀ ਕਿਸੇ ਸਥਾਨਕ ਹਿੰਦੂ ਭਾਈਚਾਰੇ ਦੇ ਆਗੂ ਜਾਂ ਅਗਰਵਾਲ ਸਮਾਜ ਦੇ ਆਗੂ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਭੇਜਦੀ ਤਾਂ ਨਤੀਜਾ ਹੋਰ ਬਿਹਤਰ ਰਹਿਣਾ ਸੀ।

ਪੀ. ਐੱਲ. ਸੀ. ਦੇ ਆਗੂ ਭਾਜਪਾ ਦੇ ਟੱਚ ’ਚ, ਸ਼ਾਇਦ ਇਸੇ ਕਾਰਨ ਹੋਵੇਗਾ ਰਲੇਵਾਂ
ਸੂਤਰਾਂ ਅਨੁਸਾਰ ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਦੇ ਆਗੂ ਭਾਜਪਾ ਵਿਚ ਸ਼ਾਮਲ ਹੋਏ ਹਨ। ਉਸੇ ਤਰਜ਼ ’ਤੇ ਪੰਜਾਬ ਵਿਚ ਕਾਂਗਰਸ ਪਾਰਟੀ ਅਤੇ ਕੈ. ਅਮਰਿੰਦਰ ਸਿੰਘ ਦੀ ਪਾਰਟੀ ਪੀ. ਐੱਲ. ਸੀ. ਦੇ ਆਗੂ ਭਾਜਪਾ ਦੇ ਟਚ ਵਿਚ ਹਨ। ਸ਼ਾਇਦ ਇਸੇ ਕਾਰਨ ਉਹ ਆਪਣੀ ਪਾਰਟੀ ਦਾ ਭਾਜਪਾ ਵਿਚ ਰਲੇਵਾਂ ਕਰ ਕੇ ਸਿਆਸੀ ਨੁਕਸਾਨ ਤੋਂ ਬਚਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਵਿਚ ਕੈਪਟਨ ਦੇ ਕਈ ਅਤਿ ਕਰੀਬੀ ਕੇਵਲ ਸਿੰਘ ਢਿੱਲੋਂ, ਰਾਣਾ ਗੁਰਜੀਤ ਸਿੰਘ ਸੋਢੀ ਸਮੇਤ ਹੋਰ ਆਗੂ ਪੀ. ਐੱਲ. ਸੀ. ਵਿਚ ਸ਼ਾਮਲ ਹੋਣ ਦੀ ਬਜਾਏ ਸਿੱਧੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਕੈਪਟਨ ਨੂੰ ਵੱਡਾ ਝਟਕਾ ਲੱਗਾ ਸੀ। ਕੈ. ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੌਜੂਦਾ ਰਾਜਨੀਤਕ ਮਾਹੌਲ ਵਿਚ ਉਨ੍ਹਾਂ ਦੀ ਪਾਰਟੀ ਜ਼ਿਆਦਾਤਰ ਦੇਰ ਤਕ ਸਰਵਾਈਵ ਨਹੀਂ ਕਰ ਸਕਦੀ। ਇਸੇ ਕਾਰਨ ਉਹ ਆਪਣੀ ਪਾਰਟੀ ਦਾ ਭਾਜਪਾ ਵਿਚ ਰਲੇਵਾਂ ਕਰ ਕੇ ਸਿਆਸੀ ਮੈਦਾਨ ਵਿਚ ਬਣੇ ਰਹਿਣਾ ਚਾਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਅਫਗਾਨਿਸਤਾਨ ਤੋਂ ਭਾਰਤ ਪੁੱਜੇ 11 ਸਿੱਖਾਂ ਦਾ SGPC ਵੱਲੋਂ ਸਵਾਗਤ, ਹਵਾਈ ਸਫਰ ’ਤੇ ਆਇਆ ਖ਼ਰਚ ਕੀਤਾ ਅਦਾ

ਬੀਬਾ ਜੈਇੰਦਰ ਕੌਰ ਨੂੰ 2024 ’ਚ ਪਟਿਆਲਾ ਤੋਂ ਲੋਕ ਸਭਾ ਦੀ ਟਿਕਟ ਦਿਵਾਉਣਾ ਚਾਹੁੰਦੇ ਹਨ ਕੈਪਟਨ ਅਤੇ ਪਰਨੀਤ ਕੌਰ
ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪਰਨੀਤ ਕੌਰ 2024 ਦੀਆਂ ਲੋਕ ਸਭਾ ਚੋਣਾਂ ਵਿਚ ਪਟਿਆਲਾ ਸੰਸਦੀ ਸੀਟ ਤੋਂ ਆਪਣੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ਕੈਪਟਨ ਪਰਿਵਾਰ ਬੀਬਾ ਜੈਇੰਦਰ ਕੌਰ ਨੂੰ ਆਪਣੀ ਸਿਆਸੀ ਵਿਰਾਸਤ ਸੌਂਪਣਾ ਚਾਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਦੀ ਰਾਜਨੀਤੀ ਵਿਚ ਜ਼ਿਆਦਾ ਦਿਲਚਸਪੀ ਨਹੀਂ ਹੈ। ਰਣਇੰਦਰ ਸਿੰਘ ਸਪੋਰਟਸ ਦੀ ਰਾਜਨੀਤੀ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਬੀਬਾ ਜੈਇੰਦਰ ਕੌਰ ਨੂੰ ਟਿਕਟ ਦੇਣ ਦੇ ਮਾਮਲੇ ਵਿਚ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਪਤੀ ਗੁਰਪਾਲ ਸਿੰਘ ਦੀ ਬੈਂਕ ਕਰੱਪਸੀ ਹੈ। ਗੁਰਪਾਲ ਦੀਆਂ ਯੂ. ਪੀ. ਸ਼ੂਗਰ ਮਿੱਲਾਂ ਹਨ, ਜਿਨ੍ਹਾਂ ’ਤੇ ਕਰੋੜਾਂ ਰੁਪਏ ਦਾ ਲੋਨ ਲਿਆ ਗਿਆ ਹੈ ਪਰ ਇਹ ਲੋਨ ਚੁਕਾਇਆ ਨਹੀਂ ਗਿਆ, ਜਿਸ ਕਰ ਕੇ ਇਸ ਮਾਮਲੇ ਵਿਚ ਕੇਸ ਚੱਲ ਰਿਹਾ ਹੈ। ਅਜਿਹੇ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਗੱਲਾਂ ਕਰਨ ਵਾਲੀ ਭਾਜਪਾ ਬੀਬਾ ਜੈਇੰਦਰ ਕੌਰ ਨੂੰ ਕਿਸ ਤਰ੍ਹਾਂ ਟਿਕਟ ਦੇਵੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


author

rajwinder kaur

Content Editor

Related News