ਨਵੀਂ ਪਾਰਟੀ ਬਨਾਉਣ ’ਤੇ ਕੈਪਟਨ ਦਾ ਵੱਡਾ ਐਲਾਨ, ਕਈ ਕਾਂਗਰਸੀ ਸੰਪਰਕ ’ਚ ਹੋਣ ਦਾ ਦਾਅਵਾ

Wednesday, Oct 27, 2021 - 02:34 PM (IST)

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ’ਤੇ ਵੱਡਾ ਹਮਲਾ ਕਰਦੇ ਹੋਏ ਸਾਢੇ ਚਾਰ ਸਾਲਾਂ ਵਿਚ 92 ਫੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਵਿਰੋਧੀਆਂ ਵਲੋਂ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਦਾ 2017 ਦਾ ਚੋਣ ਮੈਨੀਫੈਸਟੋ ਲੈ ਕੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪੂਰੇ ਕੀਤੇ ਹਨ ਅਤੇ ਇਸ ਤੋਂ ਇਲਾਵਾ ਵੀ ਉਨ੍ਹਾਂ ਕਈ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਜਾਣ ਬੁੱਝ ਕੇ ਮੇਰਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ 18 ਸੂਤਰੀ ਏਜੰਡਾ ਪਾਰ ਕਰ ਚੁੱਕਾ ਹਾਂ। ਅਸੀਂ ਬਿਨਾਂ ਮੈਨੀਫੈਸਟੋ ਦੇ ਵੀ ਕਈ ਕੰਮ ਕੀਤੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ ਰੱਦ

ਨਵੀਂ ਪਾਰਟੀ ਦਾ ਫ਼ੈਸਲਾ ਬਰਕਰਾਰ, ਕਈ ਕਾਂਗਰਸੀ ਸੰਪਰਕ ’ਚ
ਨਵੀਂ ਪਾਰਟੀ ਬਣਾਉਣ ’ਤੇ ਸਵਾਲ ’ਤੇ ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਕਿ ਅਸੀਂ ਇਸ ’ਤੇ ਕੰਮ ਕਰ ਰਹੇ ਹਾਂ। ਸਾਡੇ ਵਕੀਲ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਰਹੇ ਹਨ। ਇਸ ਲਈ ਬਕਾਇਦਾ ਚੋਣ ਕਮਿਸ਼ਨ ਨੂੰ ਨਵੀਂ ਪਾਰਟੀ ਦਾ ਨਾਂ ਵੀ ਭੇਜਿਆ ਗਿਆ ਹੈ, ਚੋਣ ਕਮਿਸ਼ਨ ਵਲੋਂ ਹਰੀ ਝੰਡੀ ਆਉਣ ’ਤੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਕੈਪਟਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜ਼ਬਰਦਸਤ ਟੱਕਰ ਦੇਵੇਗੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿਚ ਕਈ ਕਾਂਗਰਸੀ ਹਨ, ਸਮਾਂ ਆਉਣ ’ਤੇ ਸਾਰੀ ਸਥਿਤੀ ਸਾਫ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਅਰੂਸਾ ਦੀ ਤਲਖ ਟਿੱਪਣੀ, ਕਾਂਗਰਸੀਆਂ ਨੂੰ ਦੱਸਿਆ ਲੱਕੜਬੱਗੇ, ਦਿੱਤੀ ਇਹ ਧਮਕੀ

ਅਰੂਸਾ 16 ਸਾਲ ਤੋਂ ਭਾਰਤ ਆ ਰਹੀ, ਉਦੋਂ ਕਿਉਂ ਨਹੀਂ ਬੋਲੇ ਰੰਧਾਵਾ
ਅਰੂਸਾ ਆਲਮ ਬਾਰੇ ਉਨ੍ਹਾਂ ਕਿਹਾ ਕਿ ਅਰੂਸਾ ਆਲਮ 16 ਸਾਲ ਤੋਂ ਪੰਜਾਬ ਆ ਰਹੇ ਹਨ ਉਸ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਕਿਉਂ ਨਹੀਂ ਬੋਲੇ। ਇੰਨਾ ਸਾਲਾਂ ਵਿਚ ਕਿਸੇ ਨੇ ਨਹੀਂ ਪੁੱਛਿਆ। ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਹ ਮੁੱਦਾ ਚੁੱਕਿਆ ਜਾ ਰਿਹਾ ਹੈ। ਜਾਣ ਬੁੱਝ ਕੇ ਚੋਣਾਂ ਨੇੜੇ ਇਸ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮੇਰੀ ਸਰਕਾਰ ਵਿਚ ਮੰਤਰੀ ਰਹੇ ਹਨ ਅਤੇ ਅਰੂਸਾ ਉਦੋਂ ਵੀ ਇਥੇ ਆਈ ਸੀ। ਉਸ ਸਮੇਂ ਉਨ੍ਹਾਂ ਨੂੰ ਇਹ ਗੱਲ ਯਾਦ ਕਿਉਂ ਨਹੀਂ। ਅਰੂਸਾ ਆਲਮ ਵਲੋਂ ਪੰਜਾਬ ਦਾ ਪੈਸਾ ਲੈ ਕੇ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਦੱਸਣ ਕਿ ਉਹ ਪੈਸਾ ਕਿਥੋਂ ਟ੍ਰਾਂਸਫਰ ਹੋਇਆ ਹੈ। ਇਨਕਮ ਟੈਕਸ ਅਤੇ ਈ. ਡੀ. ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਕੈਨੇਡੀਅਨ ਕੁੜੀ ਦੇ ਚੱਕਰਾਂ ’ਚ ਫਸਿਆ ਮੁੰਡਾ, ਉਹ ਹੋਇਆ ਜੋ ਸੋਚਿਆ ਨਾ ਸੀ

ਬੀ. ਐੱਸ. ਐੱਫ. ਦਾ ਦਾਇਰਾ ਵਧਾਉਣ ਨਾਲ ਪੰਜਾਬ ਨੂੰ ਕੋਈ ਖ਼ਤਰਾ ਨਹੀਂ
ਕੈਪਟਨ ਅਮਰਿੰਦਰ ਸਿੰਘ ਨੇ ਬੀ. ਐੱਸ. ਐੱਫ. ਦੇ ਦਾਇਰੇ ਦੇ ਅਧਿਕਾਰ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਕੋਈ ਖ਼ਤਰਾ ਨਹੀਂ। ਪੰਜਾਬ ਪੁਲਸ ਨੂੰ ਬੀ. ਐੱਸ. ਐੱਫ. ਦੀ ਮਦਦ ਦੀ ਲੋੜ ਹੈ। ਇਸ ਨਾਲ ਸੂਬਿਆਂ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗੇਗੀ। ਕੈਪਟਨ ਨੇ ਕਿਹਾ ਕਿ ਪਾਕਿਸਾਨ ਵਲੋਂ ਹਾਈਟੈੱਕ ਡ੍ਰੋਨ ਭੇਜੇ ਜਾ ਰਹੇ ਹਨ। ਡ੍ਰੋਨਾਂ ਰਾਹੀਂ ਹੈਰੋਇਨ, ਹਥਿਆਰ ਅਤੇ ਬੰਬ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਜਿਹੜੇ ਡ੍ਰੋਨ ਭੇਜੇ ਜਾ ਰਹੇ ਹਨ, ਇਨ੍ਹਾਂ ਦੀ ਰੇਂਜ ਬਹੁਤ ਦੂਰ ਤੱਕ ਹੈ, ਅਤੇ ਇਨ੍ਹਾਂ ਨਾਲ ਨਜਿੱਠਣ ਲਈ ਹੀ ਬੀ. ਐੱਸ.ਐੱਫ. ਦਾ ਦਾਇਰਾ ਵਧਾਇਆ ਗਿਆ ਹੈ। ਇਹ ਨਾ ਸੋਚਿਆ ਜਾਵੇ ਕਿ ਬੀ. ਐੱਸ. ਐੱਫ. ਸਾਡੇ ਘਰਾਂ ਵਿਚ ਵੜੇਗੀ। ਉਨ੍ਹਾਂ ਕਿਹਾਕਿ ਮੈਂ ਖੁਦ ਫੌਜ ਵਿਚ ਰਿਹਾ ਹਾਂ। ਕੈਪਨਟ ਨੇ ਕਿਹਾ ਕਿ ਇਹ ਸਾਡੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਹੈ ਅਤੇ ਇਸ ਮਸਲੇ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿਆਸਤ ਤੋਂ ਉਪਰ ਉੱਠ ਕੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੂੰ ਮੌਜੂਦਾ ਸਥਿਤੀ ਨਹੀਂ ਲੁਕਾਉਣੀ ਚਾਹੀਦੀ, ਸਗੋਂ ਲੋਕਾਂ ਨੂੰ ਇਸ ਬਾਰੇ ਜਾਗਰੂਕਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ’ਚ ਸ਼ਾਮ 5 ਵਜੇ ਤੋਂ ਬਾਅਦ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਸਵੇਰੇ 7 ਵਜੇ ਖੁੱਲ੍ਹਣਗੇ ਪੰਪ

ਕਿਸਾਨੀ ਮੁੱਦੇ ਦੇ ਹੱਲ ਲਈ ਅਮਿਤ ਸ਼ਾਹ ਨੂੰ ਕੀਤੀ ਅਪੀਲ
ਉਨ੍ਹਾਂ ਕਿਸਾਨੀ ਦੇ ਮੁੱਦੇ ’ਤੇ ਕਿਹਾ ਕਿ ਭਾਵੇਂ ਕਿਸਾਨਾਂ ਨਾਲ ਉਨ੍ਹਾਂ ਦੀ ਕੋਈ ਸਿੱਧੀ ਗੱਲ ਨਹੀਂ ਹੋਈ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਗੱਲਬਾਤ ਲਗਾਤਾਰ ਚੱਲ ਰਹੀ ਹੈ। ਮੈਂ ਉਨ੍ਹਾਂ ਨੂੰ ਕਿਸਾਨੀ ਮੁੱਦੇ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਭਲਕੇ ਮੁੜ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲ ਸਕਦਾ ਹੈ। ਕੈਪਟਨ ਨੇ ਕਿਹਾ ਕਿ ਕਿਸਾਨ ਅਤੇ ਸਰਕਾਰ ਦੋਵੇਂ ਇਸ ਮਸਲੇ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਕੋਲ ਖੇਤੀ ਕਾਨੂੰਨਾਂ ਦਾ ਫਾਰਮੂਲਾ ਨਹੀਂ ਹੈ। ਅਸੀਂ ਚਰਚਾ ਕਰਾਂਗੇ, ਇਸ ਨਾਲ ਹੀ ਕੁੱਝ ਹੱਲ ਨਿਕਲ ਸਕੇਗਾ। ਕੈਪਟਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਸੇ ਵੀ ਸਿਆਸੀ ਆਗੂ ਨੂੰ ਅੰਦੋਲਨ ਵਿਚ ਸ਼ਾਮਲ ਨਾ ਕਰਨ ਦੀ ਗੱਲ ਕਹੀ ਹੈ। ਅਜਿਹੇ ਵਿਚ ਉਥੇ ਕਿਵੇਂ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ’ਚ ਮੇਰੀ ਕਿਸਾਨਾਂ ਨਾਲ ਫਿਲਹਾਲ ਕੋਈ ਗੱਲਬਾਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਮਚੇ ਘਮਸਾਨ ਵਿਚਾਲੇ ਸਿੱਧੂ ਦਾ ਧਮਾਕਾ, ਕਿਹਾ ਪੰਜਾਬ ਦੇ ਅਸਲ ਮੁੱਦਿਆਂ ’ਤੇ ਕਰੋ ਗੱਲ

ਨੋਟ - ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News