ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਾਂਸ਼ਹਿਰ ਨੂੰ ਕੈਪਟਨ ਵੱਲੋਂ ਤੋਹਫ਼ਾ, ਖੇਤੀਬਾੜੀ ਕਾਲਜ ਦਾ ਰੱਖਿਆ ਨੀਂਹ ਪੱਥਰ
Monday, Sep 13, 2021 - 12:56 PM (IST)
ਨਵਾਂਸ਼ਹਿਰ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨੀਂ ਦਿਨੀਂ ਇਲੈਕਸ਼ਨ ਮੂਡ ’ਚ ਨਜ਼ਰ ਆ ਰਹੇ ਹਨ। ਇਸੇ ਤਹਿਤ ਅੱਜ ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਦਾ ਦੌਰਾ ਕਰਨ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨਵਾਂਸ਼ਹਿਰ ਦੇ ਪਿੰਡ ਬੱਲੇਵਾਲ ਸੌਂਖੜੀ ਪਹੁੰਚੇ, ਜਿੱਥੇ ਨਵਾਂਸ਼ਹਿਰ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਿਆ। ਕੈਪਟਨ ਅਮਰਿੰਦਰ ਸਿੰਘ ਨੇ ਇਥੇ ਪੀ. ਏ. ਯੂ. ਕਾਲਜ ਆਫ਼ ਐਗਰੀਕਲਚਰ ਦਾ ਨੀਂਹ ਪੱਥਰ ਰੱਖਿਆ। ਇਸ ਦੇ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ਾ ਮੁਆਫ਼ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ 25 ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂਸ਼ਹਿਰ ’ਚ ਖੇਤੀਬਾੜੀ ਰਿਸਰਚ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਇਲਾਵਾ ਨਵਾਂਸ਼ਹਿਰ ਦੀਆਂ ਸੜਕਾਂ ਲਈ 80 ਕਰੋੜ ਦੇਣ ਜਾ ਵੀ ਐਲਾਨ ਕੀਤਾ। ਇਥੇ ਦੱਸ ਦੇਈਏ ਕਿ ਨਵਾਂਸ਼ਹਿਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿਖੇ ਸਰਕਾਰੀ ਕਾਲਜ ਦਾ ਵੀ ਨੀਂਹ ਪੱਥਰ ਰੱਖਣਗੇ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੰਡਣਗੇ।
ਇਹ ਵੀ ਪੜ੍ਹੋ: ਵਿਆਹ ਤੋਂ ਪਹਿਲਾਂ ਰੱਖੀ ਗੱਡੀ ਦੀ ਡਿਮਾਂਡ ਤੇ ਮੰਗੀਆਂ ਸਨ ਸੋਨੇ ਦੀਆਂ ਅੰਗੂਠੀਆਂ, ਹੁਣ 3 ਸਾਲ ਬਾਅਦ ਮੰਗੇਤਰ 'ਤੇ ਹੋਈ ਇਹ ਕਾਰਵਾਈ
ਇਹ ਵੀ ਪੜ੍ਹੋ: ਨੂਰਮਹਿਲ: ਨੂੰਹ-ਪੁੱਤਰ ਹੀ ਨਿਕਲੇ ਵਿਧਵਾ ਮਾਂ ਦੇ ਕਾਤਲ, ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਦਿੱਤੀ ਦਰਦਨਾਕ ਮੌਤ
ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀਆਂ ’ਤੇ ਵਰ੍ਹੇ ਕੈਪਟਨ
ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦਾ ਵੀ ਮੁੱਦਾ ਚੁੱਕਿਆ। ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਅਕਾਲੀਆਂ ’ਤੇ ਵਰ੍ਹਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਖੇਤੀ ਕਾਨੂੰਨਾਂ ਦਾ ਸ਼ੁਰੂ ਤੋਂ ਹੀ ਵਿਰੋਧ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਸਰਵ ਪਾਰਟੀ ਮੀਟਿੰਗ ਸੱਦੀ ਅਤੇ ਉਸ ਤੋਂ ਪਿੱਛੋਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ। ਇਸ ਮਗਰੋਂ ਸੂਬਾ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਬਿੱਲ ਪਾਸ ਕੀਤੇ। ਬਾਦਲ ਪਰਿਵਾਰ 'ਤੇ ਤਿੱਖਾ ਹਮਲੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਅਕਾਲੀ ਦਲ ਦੀ ਮਰਜ਼ੀ ਨਾਲ ਹੀ ਅਮਲ ਵਿੱਚ ਲਿਆਂਦੇ ਗਏ ਸੀ ਅਤੇ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਮੰਤਰੀ ਹੁੰਦਿਆਂ ਕੇਂਦਰੀ ਕੈਬਨਿਟ ਨੇ ਆਰਡੀਨੈਂਸ ਪਾਸ ਕੀਤੇ ਸਨ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਪਰ ਜਦੋਂ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੇ ਸੁਰ ਬਦਲ ਲਈ। ਜਦੋਂ ਕਿਸਾਨਾਂ ਨੂੰ ਲੋੜ ਪਈ ਤਾਂ ਅਕਾਲੀਆਂ ਨੇ ਪਲਟੀ ਮਾਰ ਲਈ। ਉਨ੍ਹਾਂ ਕਿਹਾ ਕਿ ਸਾਲ ਹੋਣ ਲੱਗਾ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਏ ਹਨ। ਕਈ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨ ਅਕਾਲੀਆਂ ਦੀ ਮਰਜ਼ੀ ਨਾਲ ਹੀ ਬਣਾਏ ਗਏ ਹਨ ਅਤੇ ਬਾਅਦ ’ਚ ਰੌਲਾ ਪੈਣ ਤੋਂ ਬਾਅਦ ਅਕਾਲੀ ਪਲਟੀ ਮਾਰ ਗਏ।
ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1950 ਤੋਂ ਲੈ ਕੇ ਹੁਣ ਤੱਕ 127 ਵਾਰ ਸੰਵਿਧਾਨ ਵਿੱਚ ਸੋਧ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ, ''ਤਾਂ ਫੇਰ ਕਿਉਂ ਨਹੀਂ, ਇਕ ਵਾਰ ਹੋਰ ਸੋਧ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ ਜੋ ਕਿਸਾਨ ਸਿੰਘੂ ਅਤੇ ਟਿਕਰੀ ਸਰਹੱਦਾਂ ਉਤੇ ਧਰਨਾ ਦੇ ਰਹੇ ਹਨ।'' ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਪਰਿਵਾਰ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਪ੍ਰਦਾਨ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਕਤਲ ਕੀਤੇ ਨਾਬਾਲਗ ਮੁੰਡੇ ਦੇ ਕੇਸ 'ਚ ਹੈਰਾਨੀਜਨਕ ਖ਼ੁਲਾਸਾ, ਚਾਚੇ ਨੇ ਦਿੱਤੀ ਸੀ ਭਤੀਜੇ ਦੀ ਸੁਪਾਰੀ
ਇਸ ਮੌਕੇ ਉਨ੍ਹਾਂ ਇਸ ਕਾਲਜ ਦੇ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ 1 ਅਕਤੂਬਰ, 2021 ਤੋਂ ਜਮਾਤਾਂ ਸ਼ੁਰੂ ਹੋਣਗੀਆਂ। ਬੀ. ਐੱਸ. ਸੀ. (ਖੇਤੀਬਾੜੀ) ਵਿੱਚ 60 ਸੀਟਾਂ ਭਰੀਆਂ ਗਈਆਂ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਤੋਂ ਬਾਹਰ ਖੇਤੀਬਾੜੀ ਦਾ ਕੋਈ ਕਾਲਜ ਸਥਾਪਤ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਮੰਡੀਆਂ ਦੇ ਬੁਨਿਆਦੀ ਢਾਂਚੇ ਅਤੇ ਪ੍ਰੋਸੈਸਿੰਗ ਸੁਵਿਧਾਵਾਂ ਨੂੰ ਹੋਰ ਸੁਧਾਰਨ ਲਈ ਦੋ ਨਵੇਂ ਮੈਗਾ ਫੂਡ ਪਾਰਕ ਸਥਾਪਤ ਕੀਤੇ ਗਏ ਅਤੇ ਇਸ ਤੋਂ ਇਲਾਵਾ ਖੇਤੀਬਾੜੀ ਮੰਡੀਕਰਨ ਨਵਾਂ ਉਦਮ, ਖੋਜ ਅਤੇ ਚੌਕਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਤਪਾਦਨ ਵਿੱਚ ਮੱਦਦ ਮਿਲ ਸਕੇ ਅਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੰਗ ਅਤੇ ਕੀਮਤਾਂ ਨੂੰ ਵੇਖਦੇ ਹੋਏ ਬਜ਼ਾਰੀ ਯੋਜਨਾਬੰਦੀ ਦੀ ਵਿਉਂਤ ਬਣਾਈ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ
ਹੋਰ ਮਾਮਲਿਆਂ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਸੂਬਾ ਸਰਕਾਰ ਦੀਆਂ ਨਿਵੇਸ਼ਕਾਂ ਅਤੇ ਉਦਯੋਗ ਪੱਖੀ ਨੀਤੀਆਂ ਕਾਰਨ ਸੂਬੇ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦੋਂ ਕਿ ਨੌਜਵਾਨਾਂ ਨੂੰ 20 ਲੱਖ ਨੌਕਰੀਆਂ ਹਾਸਲ ਹੋਈਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਬੇਜ਼ਮੀਨੇ ਕਾਸ਼ਤਕਾਰਾਂ ਅਤੇ ਖੇਤੀ ਕਾਮਿਆਂ ਲਈ ਲਿਆਂਦੀ ਕਰਜ਼ਾ ਮੁਆਫੀ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 31,066 ਲਾਭਪਾਤਰੀਆਂ ਵਿੱਚੋਂ 25 ਨੂੰ ਸੰਕੇਤਕ ਤੌਰ 'ਤੇ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ। ਜ਼ਿਲੇ ਦੇ ਕੁੱਲ ਲਾਭਪਾਤਰੀਆਂ ਦਾ ਕੁੱਲ 64.61 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਦੀ ਤਾਰੀਫ਼ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦਾ ਦਿਹਾਤੀ ਵਿਕਾਸ ਫੰਡ (ਆਰ.ਡੀ.ਐਫ.) ਅਤੇ ਜੀ.ਐਸ.ਟੀ. ਮੁਆਵਜ਼ਾ ਰੋਕ ਕੇ ਸੂਬੇ ਦੇ ਵਿਕਾਸ ਦੀ ਬੇੜੀ ਵਿੱਚ ਵੱਟੇ ਪਾਏ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਸੂਬੇ ਦੀ ਅਗਵਾਈ ਕੀਤੀ ਹੈ ਅਤੇ ਖਾਸ ਕਰਕੇ ਕੋਵਿਡ-19 ਦੇ ਦਿਨਾਂ ਦੌਰਾਨ ਉਨ੍ਹਾਂ ਦੀ ਅਗਵਾਈ ਸ਼ਲਾਘਾਯੋਗ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਹੱਦੀ ਖੇਤਰ ਵਿਖੇ ਪਾਕਿਸਤਾਨ ਵੱਲੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅਤੇ ਇਨ੍ਹਾਂ ਇਲਾਕਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਵੱਡੇ ਉਪਰਾਲੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕੰਢੀ ਕੈਨਾਲ ਦੇ ਦੂਜੇ ਫੇਜ਼ ਦੀ ਮੁੜ ਉਸਾਰੀ ਅਤੇ ਮੁੜ ਵਿਉਂਤਬੰਦੀ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਇਕ ਵੁੱਡ ਪਾਰਕ ਅਤੇ ਕੌਫੀ ਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਵੀ ਤਲਾਸ਼ ਕੀਤੀਆਂ ਜਾਣ।
ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸੀਹਾ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਦਿਲ ਵਿੱਚ ਕਿਸਾਨੀ ਪ੍ਰਤੀ ਦਰਦ ਹੈ ਜੋ ਕਿ ਇਸੇ ਗੱਲ ਤੋਂ ਸਾਫ ਜ਼ਾਹਰ ਹੋ ਜਾਂਦਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੀ ਸਨ ਜਿਨ੍ਹਾਂ ਨੇ ਬੀ.ਟੀ. ਕਾਟਨ ਦੇ ਬੀਜ ਲਿਆ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦਾ ਹੰਭਲਾ ਮਾਰਿਆ ਸੀ।
ਇਹ ਵੀ ਪੜ੍ਹੋ: ਸਾਰੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਉਗਰਾਹਾਂ ਨੇ ਦੱਸਿਆ ਗਲਤ, ਆਖੀ ਵੱਡੀ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ