ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਇਆ ਆਈ ਫਲੂ
Friday, Jan 05, 2018 - 07:06 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਈ ਫਲੂ ਹੋ ਗਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨਵਾਂ ਸਾਲ ਮਨਾਉਣ ਆਗਰਾ ਗਏ ਹੋਏ ਸਨ, ਜਿੱਥੇ ਉਨ੍ਹਾਂ ਨੂੰ ਆਈ ਫਲੂ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕੈਪਟਨ ਦੀ ਸਿਹਤ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਜਿਸ ਦੇ ਚੱਲਦੇ ਉਨ੍ਹਾਂ ਆਪਣੇ ਰੋਜ਼ਾਨਾ ਦੇ ਰੁਝੇਵਿਆਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਪਰਿਵਾਰ ਸਮੇਤ ਆਗਰਾ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਜ ਮਹਿਲ ਦਾ ਦੀਦਾਰ ਕਰਨਾ ਚਾਹੁੰਦੇ ਸਨ ਪਰ ਖਰਾਬ ਸਿਹਤ ਕਾਰਨ ਉਨ੍ਹਾਂ ਨੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ।
ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ 7 ਜਨਵਰੀ ਨੂੰ ਸਰਕਾਰ ਵਲੋਂ ਕਿਸਾਨ ਕਰਜ਼ਾ ਮੁਆਫੀ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਰਹੀ ਹੈ। ਕਿਸਾਨ ਕਰਜ਼ਾ ਮੁਆਫੀ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਮਾਨਸਾ ਤੋਂ ਕਰਨ ਵਾਲੇ ਹਨ। 170 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿਚ 46000 ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ। ਇਨ੍ਹਾਂ ਵਿਚ ਪੰਜ ਜ਼ਿਲਿਆਂ ਮਾਨਸਾ, ਮੋਗਾ, ਮੁਕਤਸਰ, ਬਠਿੰਡਾ ਅਤੇ ਫਰੀਦਕੋਟ ਦੇ ਕਿਸਾਨ ਸ਼ਾਮਲ ਹਨ।
ਹੁਣ ਜਦੋਂ ਮੁੱਖ ਮੰਤਰੀ ਦੀ ਸਿਹਤ ਖਰਾਬ ਹੈ ਅਤੇ ਮਾਨਸਾ ਵਿਚ ਹੋਣ ਜਾ ਰਹੇ ਸੂਬਾ ਪੱਧਰੀ ਕਿਸਾਨ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਤਾਂ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਿਹਤ ਖਰਾਬ ਹੋਣ ਦੇ ਚੱਲਦੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਦੇ ਹਨ ਜਾਂ ਨਹੀਂ। ਚਰਚਾ ਇਹ ਵੀ ਹੈ ਕਿ ਕਰਜ਼ਾ ਮੁਆਫੀ ਸੰਬੰਧੀ ਐਲਾਨ ਚੰਡੀਗੜ੍ਹ ਤੋਂ ਵੀ ਕੀਤਾ ਜਾ ਸਕਦਾ ਹੈ।